ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਾਈ ਰਣਜੀਤ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਸਾਹਮਣੇ ਧਰਨੇ ਦੌਰਾਨ ਸ਼੍ਰੋਮਣੀ ਕਮੇਟੀ ‘ਤੇ ਲਗਾਏ ਬੇ-ਬੁਨਿਆਦ ਇਲਜ਼ਾਮਾਂ ਦਾ ਖੰਡਨ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਝੂਠੀ ਬਿਆਨਬਾਜ਼ੀ ਕਰਕੇ ਸੰਗਤ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਸ਼੍ਰੋਮਣੀ ਕਮੇਟੀ ਦਾ ਕੰਮਕਾਜ ਬਿਲਕੁਲ ਪਾਰਦਰਸ਼ੀ ਅਤੇ ਨਿਯਮਾਂ ਅਨੁਸਾਰ ਹੈ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਕੌਮ ਅੰਦਰ ਦੁਬਿਧਾ ਅਤੇ ਫੁੱਟ ਪਾਉਣ ਦਾ ਯਤਨ ਨਾ ਕਰਨ, ਕਿਉਂਕਿ ਇਹ ਕੌਮ ਦੇ ਭਲੇ ਵਿਚ ਨਹੀਂ ਹੈ। ਝੂਠੀ ਬਿਆਨਬਾਜ਼ੀ ਕਰਕੇ ਸੰਗਤ ਨੂੰ ਗੁੰਮਰਾਹ ਕਰਨਾ ਕੌਮਪ੍ਰਸਤੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਸਤਿਕਾਰਤ ਅਹੁਦੇ ‘ਤੇ ਰਹੇ ਹਨ, ਉਨ੍ਹਾਂ ਨੂੰ ਝੂਠੀ ਬਿਆਨਬਾਜ਼ੀ ਸ਼ੋਭਾ ਨਹੀਂ ਦੇਂਦੀ।
ਸ਼੍ਰੋਮਣੀ ਕਮੇਟੀ ਬੁਲਾਰੇ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਵੱਲੋਂ ਪਾਵਨ ਸਰੂਪਾਂ ਸਬੰਧੀ ਮਨਘੜਤ ਬਿਆਨਬਾਜ਼ੀ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਹ ਕੇਵਲ ਇਸ ਮੁੱਦੇ ‘ਤੇ ਰਾਜਨੀਤੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪਬਲੀਕੇਸ਼ਨ ਵਿਭਾਗ ਵਿੱਚੋਂ ਪਾਵਨ ਸਰੂਪਾਂ ਦੀ ਭੇਟਾ ਗਬਨ ਕਰਨ ਵਾਲੇ ਅਤੇ ਇਸ ਨਾਲ ਸਬੰਧਤ ਹੋਰ ਮੁਲਾਜ਼ਮਾਂ ‘ਤੇ ਜਾਂਚ ਕਮਿਸ਼ਨ ਦੀ ਰਿਪੋਰਟ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾ ਚੁੱਕੀ ਹੈ ਅਤੇ ਜਾਂਚ ਰਿਪੋਰਟ ਵੈੱਬਸਾਈਟ ‘ਤੇ ਉਪਲੱਬਧ ਹੈ। ਉਨ੍ਹਾਂ ਆਖਿਆ ਕਿ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਕਿ ਅਸਲ ਜਾਂਚ ਰਿਪੋਰਟ ਕੁਝ ਹੋਰ ਹੈ, ਪਰੰਤੂ ਇਨ੍ਹਾਂ ਨੇ ਆਪਣੇ ਪ੍ਰਦਰਸ਼ਨ ਦੌਰਾਨ ਕੇਵਲ ਮਨਘੜਤ ਗੱਲਾਂ ਕਰਕੇ ਸੰਗਤ ਨੂੰ ਗੁੰਮਰਾਹ ਕਰਨ ਦਾ ਯਤਨ ਹੀ ਕੀਤਾ ਹੈ। ਉਨ੍ਹਾਂ ਕਿਹਾ ਕਿ ਗੱਲਾਂ ਬਾਤਾਂ ਨਾਲ ਰਿਪੋਰਟ ਨੂੰ ਗਲਤ ਸਾਬਤ ਨਹੀਂ ਕੀਤਾ ਜਾ ਸਕਦਾ ਅਤੇ ਇਸ ਗੱਲ ਬਾਰੇ ਭਾਈ ਰਣਜੀਤ ਸਿੰਘ ਖੁਦ ਵੀ ਜਾਣਦੇ ਹਨ।
ਬੁਲਾਰੇ ਨੇ ਭਾਈ ਰਣਜੀਤ ਸਿੰਘ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰੋਜ਼ਾਨਾ ਚੜ੍ਹਤ ਅਤੇ ਕੜਾਹ ਪ੍ਰਸ਼ਾਦ ਦੀ ਵਟਕ ਬਾਰੇ ਦਿੱਤੇ ਅੰਕੜੇ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਆਖਿਆ ਕਿ ਭਾਈ ਰਣਜੀਤ ਸਿੰਘ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਤੋਂ ਗੋਲਕ ਤੇ ਕੜਾਹ ਪ੍ਰਸ਼ਾਦ ਦੇ ਰੋਜ਼ਾਨਾ ੪ ਕਰੋੜ ਚੜ੍ਹਾਵੇ ਦੀ ਗਲਤ ਜਾਣਕਾਰੀ ਸੰਗਤ ਨੂੰ ਦੇਣਾ ਤਰਕ ਸੰਗਤ ਨਹੀਂ ਹੈ। ਬੁਲਾਰੇ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਅਤੇ ਇਨ੍ਹਾਂ ਨਾਲ ਸਬੰਧਤ ੪੦ ਦੇ ਕਰੀਬ ਗੁਰਦੁਆਰਾ ਸਾਹਿਬਾਨ ਦੀ ਆਮ ਦਿਨਾਂ ਵਿਚ ਹਰ ਮਹੀਨੇ ਦੀ ਚੜ੍ਹਤ ਔਸਤਨ ੧੨ ਕਰੋੜ ਰੁਪਏ ਦੇ ਕਰੀਬ ਹੁੰਦੀ ਹੈ। ਇਸ ਤਰ੍ਹਾਂ ਇਨ੍ਹਾਂ ਸਾਰੇ ਗੁਰਦੁਆਰਿਆਂ ਦੀ ਰੋਜ਼ਾਨਾ ਚੜ੍ਹਤ ਕਰੀਬ ੪੦ ਲੱਖ ਹੈ। ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧ ਨਾਲ ਸਬੰਧਤ ਸਾਰੇ ਗੁਰਦੁਆਰਿਆਂ ਤੋਂ ਕੜਾਹ ਪ੍ਰਸ਼ਾਦ ਦੀ ਵਟਕ ਰੋਜ਼ਾਨਾ ੧੨ ਲੱਖ ਰੁਪਏ ਦੇ ਕਰੀਬ ਹੈ। ਇਹ ਚੜ੍ਹਾਵਾ ਕੋਰੋਨਾ ਦੌਰਾਨ ਨਾ-ਮਾਤਰ ਹੀ ਰਹਿ ਗਿਆ ਸੀ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਭਾਈ ਰਣਜੀਤ ਸਿੰਘ ਆਪਣੇ ਆਲੇ-ਦੁਆਲੇ ਬੈਠੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਚੜ੍ਹਤ ਬਾਰੇ ਠੀਕ ਜਾਣਕਾਰੀ ਹਾਸਲ ਕਰ ਲੈਂਦੇ।
ਸ਼੍ਰੋਮਣੀ ਕਮੇਟੀ ਬੁਲਾਰੇ ਨੇ ਭਾਈ ਰਣਜੀਤ ਸਿੰਘ ਵੱਲੋਂ ੪੦੦ ਸੇਵਾਦਾਰਾਂ ਦੀ ਨਿੱਜੀ ਵਰਤੋਂ ਦੇ ਇਲਜ਼ਾਮ ਨੂੰ ਵੀ ਨਕਾਰਿਆ ਹੈ। ਉਨ੍ਹਾਂ ਕਿਹਾ ਕਿ ਭਾਈ ਰਣਜੀਤ ਸਿੰਘ ਗੁਰਦੁਆਰਾ ਪ੍ਰਬੰਧਾਂ ਦੇ ਨਾਂ ‘ਤੇ ਸੰਗਤ ਵਿਚ ਭੁਲੇਖੇ ਪੈਦਾ ਕਰ ਕੇ ਕੌਮ ਨੂੰ ਖਾਨਾਜੰਗੀ ਵੱਲ ਧੱਕ ਰਹੇ ਹਨ। ਇਸ ਦਾ ਭਾਈ ਰਣਜੀਤ ਸਿੰਘ ਨੂੰ ਨਿੱਜੀ ਲਾਭ ਤਾਂ ਹੋ ਸਕਦਾ ਹੈ, ਪਰ ਕੌਮ ਨੂੰ ਨਹੀਂ।