ਬੀਤੇ ਕਾਫ਼ੀ ਸਮੇਂ ਤੋਂ ਵੇਖਣ ਵਿਚ ਆ ਰਿਹਾ ਹੈ ਕਿ ਸਿੱਖੀ-ਸਰੂਪ ਵਿੱਚ ਕੁਝ ਵਿਦਵਾਨ ਅਤੇ ਬੁਧੀਜੀਵੀ ਇਕ ਪਾਸੇ ਤਾਂ ਭਾਜਪਾ ਦੀ ‘ਸਰਪ੍ਰਸਤ’ ਜਥੇਬੰਦੀ ਆਰਐਸਐਸ ਪੁਰ ਇਹ ਦੋਸ਼ ਲਾਉਂਦੇ ਚਲੇ ਆ ਰਹੇ ਹਨ, ਕਿ ਉਹ ਸਿੱਖ ਇਤਿਹਾਸ ਅਤੇ ਸਿੱਖ ਮਾਨਤਾਵਾਂ ਤੇ ਮਰਿਆਦਾਵਾਂ ਨੂੰ ਵਿਗਾੜਨ ਦੇ ਨਾਲ ਹੀ ਸਿੱਖ-ਧਰਮ ਨੂੰ ਵਿਸ਼ਾਲ ਹਿੰਦੂ ਧਰਮ ਦਾ ਹੀ ਇਕ ਅੰਗ ਪ੍ਰਚਾਰ ਕੇ, ਉਸਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅੱਡਰੀ ਪਛਾਣ ਪੁਰ ਸੁਆਲੀਆ ਨਿਸ਼ਾਨ ਲਾ ਰਹੇ ਹਨ ਅਤੇ ਦੂਜੇ ਪਾਸੇ ਉਹ ਆਪ ਹੀ ਪ੍ਰਮਾਣਤ ਸਿੱਖ ਇਤਿਹਾਸ ਅਤੇ ਸਥਾਪਤ ਮਰਿਅਦਾਵਾਂ, ਮਾਨਤਾਵਾਂ ਅਤੇ ਪਰੰਪਰਾਵਾਂ ਬਾਰੇ ਭਰਮ-ਭੁਲੇਖੇ ਪੈਦਾ ਕਰ, ਅਜਿਹੇ ਵਿਵਾਦ ਖੜੇ ਕਰਦੇ ਚਲੇ ਜਾ ਰਹੇ ਹਨ, ਜਿਨ੍ਹਾਂ ਕਾਰਣ ਆਮ ਸਿੱਖਾਂ, ਵਿਸ਼ੇਸ਼ ਕਰਕੇ ਸਿੱਖ-ਨੌਜਵਾਨਾਂ ਵਿਚ ਦੁਬਿੱਧਾ ਜਿਹੀ ਪੈਦਾ ਹੁੰਦੀ ਜਾ ਰਹੀ ਹੈ, ਜਿਸਦਾ ਨਤੀਜਾ ਇਹ ਹੋ ਰਿਹਾ ਹੈ ਕਿ ਉਹ ਇਸ ਦੁਬਿਧਾ ਵਿਚੋਂ ਉਭਰ ਨਾ ਸਕਣ ਕਾਰਣ, ਸਿੱਖੀ-ਵਿਰਸੇ ਨਾਲੋਂ ਟੁੱਟ ਕੇ ਭਟਕਦੇ ਅਤੇ ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ। ਜਿਸਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਕਿਧਰੇ ਇਹ ਸਿੱਖੀ-ਸਰੂਪ ਵਿਚ ਸਿੱਖੀ ਦੇ ਦੁਸ਼ਮਣਾ ਦੇ ਘੁਸਪੈਠੀਏ-ਏਜੰਟ ਤਾਂ ਨਹੀਂ, ਜੋ ਇਕ ਪਾਸੇ ਤਾਂ ਭਾਜਪਾ ਅਤੇ ਆਰਐਸਐਸ ਪੁਰ ਸਿੱਖੀ ਅਤੇ ਸਿੱਖਾਂ ਦੀ ਸੁਤੰਤਰ ਹੋਂਦ ਖਤਮ ਕਰਨ ਦੀ ਸਾਜ਼ਸ਼ ਘੜਨ ਦਾ ਦੋਸ਼ ਲਾ, ਆਪਣੇ-ਆਪਨੂੰ ਸਿੱਖੀ ਅਤੇ ਸਿੱਖ ਇਤਿਹਾਸ, ਧਰਮ ਤੇ ਉਸਦੀਆਂ ਮਰਿਅਦਾਵਾਂ-ਮਾਨਤਾਵਾਂ ਅਤੇ ਪਰੰਪਰਾਵਾਂ ਦੇ ਸਭ ਤੋਂ ਵਧ ਜਾਣੂ ਅਤੇ ਰਾਖੇ ਹੋਣ ਦਾ ਪ੍ਰਭਾਵ ਦੇ, ਸਿੱਖਾਂ ਦਾ ਵਿਸ਼ਵਾਸ ਜਿਤਣ ਦੀ ਕੌਸ਼ਿਸ਼ ਕਰ ਰਹੇ ਹਨ ਅਤੇ ਦੂਜੇ ਪਾਸੇ ਸਿੱਖ ਇਤਿਹਾਸ ਤੇ ਮਰਿਅਦਾਵਾਂ ਬਾਰੇ ਨਿਤ-ਨਵੇਂ ਭਰਮ-ਭੁਲੇਖੇ ਪੈਦਾ ਕਰ ਵਿਵਾਦ ਪੈਦਾ ਕਰ ਸਿੱਖਾਂ ਨੂੰ ਹੀ ਸਿੱਖੀ ਵਲੋਂ ਉਪਰਾਮ ਕਰ, ਅੰਦਰੋਂ ਹੀ ਸਿੱਖੀ ਨੂੰ ਲੀਹੋਂ ਲਾਹੁਣ ਲਈ, ਦੁਸ਼ਮਣਾ ਦੀ ਸਿੱਖ ਅਤੇ ਸਿੱਖੀ-ਵਿਰੋਧੀ ਸਾਜ਼ਸ਼ ਨੂੰ ਨੇਪਰੇ ਚਾੜ੍ਹਨ ਦੀ ਜ਼ਿਮੇਂਦਾਰੀ ਨਿਭਾ ਰਹੇ ਹਨ।
ਦਸਿਆ ਗਿਆ ਹੈ ਕਿ ਅਜਿਹੇ ਹੀ ਇਕ ‘ਵਿਦਵਾਨ-ਬੁੱਧੀਜੀਵੀ’ ਨੇ ਇੱਕ ਵਾਰ ਇਹ ਆਖ, ਇਕ ਨਵਾਂ ਵਿਵਾਦ ਖੜਾ ਕਰ ਦਿਤਾ ਕਿ ਸਿੱਖ ਇਤਿਹਾਸ ਵਿਚ ਇਸ ਗਲ ਦਾ ਕੋਈ ਸਬੂਤ ਨਹੀਂ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਦੀ ਬਖ਼ਸ਼ਸ਼ ਆਪ ਕੀਤੀ ਸੀ। ਇਹ ਸਜਣ, ਉਹ ਦਸੇ ਜਾਂਦੇ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸਿੱਖ-ਇਤਿਹਾਸ ਤੇ ਸਿੱਖੀ ਦੀਆਂ ਮਰਿਅਦਾਵਾਂ ਦੇ ਸਬੰਧ ਵਿਚ, ਸਭ ਤੋਂ ਵਧ ਗਿਆਨ ਅਤੇ ਡੂੰਘੀ ਜਾਣਕਾਰੀ ਰਖਦੇ ਹਨ। ਉਨ੍ਹਾਂ ਤੋਂ ਵਧ ਹੋਰ ਕੋਈ ਸਿੱਖੀ ਦਾ ਰਾਖਾ ਹੋ ਹੀ ਨਹੀਂ ਸਕਦਾ। ਪਰ ਉਨ੍ਹਾਂ ਨੇ ਆਪਣੀ ਇਸ ਨਵੀਂ ‘ਖੋਜ’ ਦਾ ਜੋ ਪ੍ਰਗਟਾਵਾ ਕੀਤਾ ਹੈ, ਉਸਤੋਂ ਤਾਂ ਇਉਂ ਜਾਪਦਾ ਹੈ, ਜਿਵੇਂ ਉਨ੍ਹਾਂ ਨੂੰ ਸਿੱਖ ਇਤਿਹਾਸ ਤੇ ਸਿੱਖ ਧਰਮ ਦੀ ਡੂੰਘੀ ਜਾਣਕਾਰੀ ਹੋਣਾ ਤਾਂ ਦੂਰ ਰਿਹਾ, ਉਸਦੀ ਬੁਨਿਆਦੀ ਜਾਣਕਾਰੀ ਵੀ ਨਹੀਂ। ਜੇ ਉਨ੍ਹਾਂ ਨੂੰ ਜਾਣਕਾਰੀ ਹੁੰਦੀ ਤਾਂ ਸਿੱਖ ਇਤਿਹਾਸ ਤੇ ਬਾਣੀ ਵਿਚ ਕਈ ਅਜਿਹੀ ਉਦਾਹਰਣਾਂ ਮਿਲਦੀਆਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਨਹੀਂ, ਸਗੋਂ ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਗੁਰਗੱਦੀ ਦੇ ਵਾਰਿਸ, ਗੁਰੂ ਸਾਹਿਬਾਨ ਵੀ, ਗੁਰਗੱਦੀ ਦੇ ਵਾਰਿਸ ਦੀ ਚੋਣ ਆਪਣੇ ਜੀਵਨ-ਕਾਲ ਵਿਚ ਆਪ ਹੀ ਕਰਦੇ ਆਏ ਸਨ। ਪ੍ਰਮਾਣ ਵਜੋਂ ਪੇਸ਼ ਹਨ ਕੁਝ ਉਦਾਹਰਣਾ: ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿਚ : ਥਾਪਿਆ ਲਹਿਣਾ ਜੀਂਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ। ਜੋਤੀ ਜੋਤ ਮਿਲਾਇਕੇ ਸਤਿਗੁਰ ਨਾਨਕ ਰੂਪ ਵਟਾਇਆ। ਇਸੇ ਤਰ੍ਹਾਂ ਭਟ ਮਥਰਾ ਅਨੁਸਾਰ : ਜੋਤਿ ਰੂਪ ਹਰਿ ਆਪਿ ਗੁਰੂ ਨਾਨਕ ਕਹਾਯਉ। ਤਾਂ ਤੇ ਅੰਗਦ ਭਯਉ ਤਤ ਸਿਉ ਤਤ ਮਿਲਾਯਉ। ਭਾਈ ਮਨੀ ਸਿੰਘ ਅਨੁਸਾਰ:- ‘ਇਹ ਤਾਂ ਪ੍ਰਮੇਸੁਰ ਵਲੋਂ ਹੁੰਡੀ ਹੈ, ਜੋ ਸੇਵਕ ਨੂੰ ਤਾਰਨੀ ਹੈ ਅਤੇ ਸੇਵਕ ਮੈ ਡਿਠਾ ਭਾਈ ਲਹਿਣਾ’
ਅਜਿਹੀਆਂ ਅਨੇਕਾਂ ਉਦਾਹਰਣਾ ਸਿੱਖ ਇਤਿਹਾਸ ਅਤੇ ਬਾਣੀ ਵਿਚੋਂ ਮਿਲਦੀਆਂ ਹਨ, ਜੋ ਇਸ ਗਲ ਦਾ ਪ੍ਰਤੱਖ ਪ੍ਰਮਾਣ ਹਨ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਦੇ ਵਾਰਿਸ ਦੀ ਚੋਣ, ਆਪਣੇ ਜੀਵਨ-ਕਾਲ ਵਿਚ ਆਪ ਹੀ ਕਰ, ਉਸਨੂੰ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦੀ ਜ਼ਿਮੇਂਦਾਰੀ ਸੌਂਪਦੇ ਰਹੇ ਹਨ।
ਸਿੱਖ ਪੰਥ ਦੇ ਇਕ ਹੋਰ, ਆਪੇ ਬਣੇ ‘ਬੁਧੀਜੀਵੀ-ਵਿਦਵਾਨ-ਇਤਿਹਾਸਕਾਰ’ ਹਨ, ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਸਿੱਖ ਇਤਿਹਾਸ ਲਿਖਿਆ ਹੈ, ਲਗਭਗ ਉਨ੍ਹਾਂ ਸਾਰਿਆਂ ਨੇ ‘ਯਬਲੀਆਂ’ ਹੀ ਮਾਰੀਆਂ ਹਨ। ਕੇਵਲ ਉਨ੍ਹਾਂ ਨੇ ਹੀ ਕਈ ਦਸ਼ਾਬਦੀਆਂ ਦੀ ਮਿਹਨਤ ਨਾਲ ‘ਖੋਜ’ ਕਰਕੇ, ਸਹੀ ਤੇ ਪ੍ਰਮਾਣਤ ‘ਮੁਕੰਮਲ ਸਿੱਖ ਤਵਾਰੀਖ਼’ ਲਿਖੀ ਹੈ। ਉਨ੍ਹਾਂ ਨੇ ਆਪਣੀ ਇਸ ਪੁਸਤਕ ਵਿਚ ਇਕ ਸਜਣ ਦੇ ਨਾਂ ਤੇ ਜੋ ‘ਮੁਖ ਬੰਦ’ ਛਾਪਿਆ ਹੈ, ਉਹ ਸਚਮੁਚ ਹੀ ਸਾਰਿਆਂ ਦਾ ‘ਮੂੰਹ ਬੰਦ’ ਕਰ ਦੇਣ ਵਾਲਾ ਹੈ। ਕਿਉਂਕਿ ਇਸ ਵਿਚ ਉਨ੍ਹਾਂ ਨੇ ਆਪਣੀ ਪ੍ਰਸ਼ੰਸਾ ਵਿਚ ਜ਼ਮੀਨ-ਅਸਮਾਨ ਦੇ ਕੁਲਾਬੇ ਮਿਲਾਉਣ ਦੇ ਨਾਲ ਹੀ, ਦੂਜੇ ਸਿੱਖ ਇਤਿਹਾਸਕਾਰਾਂ ਦਾ ਜੋ ਮਜ਼ਾਕ ਉਡਾਇਆ ਹੈ, ਉਹ ਪੜ੍ਹ ਕੇ ਇਉਂ ਜਾਪਦਾ ਹੈ, ਜਿਵੇਂ ਕੇਵਲ ਇਹ ਸਜਣ ਹੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅਜਤਕ ਦੇ ਸਮੇਂ ਦੇ ਸਿੱਖ ਇਤਿਹਾਸ ਦੇ ਚਸ਼ਮਦੀਦ ਗੁਆਹ ਚਲੇ ਆ ਰਹੇ ਹਨ, ਜਿਸ ਕਾਰਣ ਇਹੀ ਸਿੱਖ ਇਤਿਹਾਸ ਦੇ ਸਭ ਤੋਂ ਵੱਡੇ ਜਾਣਕਾਰ ਅਤੇ ਗਿਆਤਾ ਹਨ। ਉਨ੍ਹਾਂ ਤੋਂ ਬਿਨਾਂ ਜਿਨ੍ਹਾਂ ਇਤਿਹਾਸਕਾਰਾਂ ਨੇ ਵੀ ਸਿੱਖ ਇਤਿਹਾਸ ਲਿਖਿਆ ਹੈ, ਉਨ੍ਹਾਂ ਸਾਰਿਆਂ ਨੇ ਹੀ ‘ਯਬਲੀਆਂ’ ਹੀ ਮਾਰੀਆਂ ਹੋਣਗੀਆਂ?
ਇਨ੍ਹਾਂ ਆਪਣੀ ਖ਼ੋਜ ਦੇ ਆਧਾਰ ਤੇ ਆਪਣੇ ਇਤਿਹਾਸ ਵਿਚ ਜੋ ‘ਨਵੇਂ’ ਤੱਥ ਪੇਸ਼ ਕੀਤੇ ਉਨ੍ਹਾਂ ਵਿਚੋਂ ਦੋ-ਕੁ ਨਮੂਨੇ ਵਜੋਂ ਪੇਸ਼ ਹਨ: (ੳ) ‘ਗੁਰੂ ਸਾਹਿਬ (ਸ੍ਰੀ ਗੁਰੂ ਗੋਬਿੰਦ ਸਿੰਘ ਜੀ) ਨੇ (ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਣ ਤੋਂ ਪਹਿਲਾਂ) ਆਪਣੇ ਮੂੰਹ ਵਿਚ ਆਪ ਹੀ ਅੰਮ੍ਰਿਤ ਦੀਆਂ ਬੂੰਦਾਂ ਪਾਈਆਂ ਤੇ ਫਿਰ ਪੰਜਾਂ ਪਿਆਰਿਆਂ ਨੂੰ ਪਾਹੁਲ ਦਿਤੀ’ – ਇਨ੍ਹਾਂ ਅਨੁਸਾਰ, ‘ਪੰਜਾਂ ਪਿਆਰਿਆਂ ਨੂੰ ਖੰਡੇ ਦੀ ਪਾਹੁਲ ਦੇਣ, ਪਿਛੋਂ ਆਪ ਉਨ੍ਹਾਂ ਕੋਲੋਂ ਪਾਹੁਲ ਲੈਣ ਦੀ ਕਹਾਣੀ ਮਗਰੋਂ ਘੜੀ ਗਈ ਜਾਪਦੀ ਹੈ’। (ਅ) ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਣ ਦੀ ਇਤਿਹਾਸਕ ਮਾਨਤਾ ਪੁਰ ਸੁਆਲੀਆਂ ਨਿਸ਼ਾਨ ਲਾਉਂਦਿਆਂ, ਇਹ ‘ਵਿਦਵਾਨ’ ਇਤਿਹਾਸਕਾਰ ਪੁਛਦੇ ਹਨ ਕਿ ‘ਕੀ ਲੋਹੇ ਦੀ ਤੱਤੀ ਤਵੀ ਤੇ ਕੋਈ ਇਨਸਾਨ (ਗੁਰੂ ਸਾਹਿਬ ਨੂੰ ਸਾਧਾਰਣ ਇਨਸਾਨ ਨਾਲ ਮਿਲਾਉਂਦਿਆਂ ਕਹਿੰਦੇ ਹਨ) ਤਿੰਨ ਦਿਨ ਬੈਠ ਸਕਦਾ ਹੈ? ਕੀ ਉਹ ਇਕ ਦਿਨ ਵਿਚ ਸੜ ਨਹੀਂ ਜਾਇਗਾ? ਇਹ ਸਭ ਕਲਪਨਾ ਦੀਆਂ ਗਲਾਂ ਹਨ’।
ਇਹ ਤਾਂ ਕੇਵਲ ਦੋ ਹੀ ਉਦਾਹਰਣਾਂ ਹਨ, ਇਨ੍ਹਾਂ ਤੋਂ ਬਿਨਾਂ ਉਨ੍ਹਾਂ, ਸਿੱਖ ਇਤਿਹਾਸ ਵਿਚ ਅਨੇਕਾਂ ਅਜਿਹੀਆਂ ‘ਨਵੀਆਂ ਖੋਜਾਂ’ ਪੇਸ਼ ਕੀਤੀਆਂ ਹਨ, ਜਿਨ੍ਹਾਂ ਕਾਰਣ ਪ੍ਰਮਾਣਤ ਸਿੱਖ ਇਤਿਹਾਸ ਦੇ ਸੰਬੰਧ ਵਿਚ ਕਈ ਭਰਮ-ਭੁਲੇਖੇ ਹੀ ਪੈਦਾ ਨਹੀਂ ਹੋ ਰਹੇ, ਸਗੋਂ ਉਨ੍ਹਾਂ ਕਾਰਣ, ਅਜਿਹੇ ਕਈ ਨਵੇਂ ਵਿਵਾਦ ਵੀ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੋਈ ਹੈ, ਜੋ ਆਮ ਸਿੱਖਾਂ ਵਿਚ ਸਿੱਖ ਇਤਿਹਾਸ ਦੀ ਮਾਨਤਾ ਬਾਰੇ ਕਈ ਤਰ੍ਹਾਂ ਦੀਆਂ ਦੁਬਿਧਾਵਾਂ ਪੈਦਾ ਕਰਨ ਦਾ ਕਾਰਣ ਬਣਨਗੇ ਅਤੇ ਸਮਾਂ ਆਉਣ ਤੇ ਉਨ੍ਹਾਂ ਦੇ ਦਿਲਾਂ ਵਿਚ ਆਪਣੇ ਇਤਿਹਾਸ ਦੇ ਬਹੁਮੁਲੇ ਵਿਰਸੇ ਬਾਰੇ ਸ਼ੰਕਾਵਾਂ ਪੈਦਾ ਕਰਕੇ, ਸਿੱਖੀ ਪ੍ਰਤੀ ਉਨ੍ਹਾਂ ਦੇ ਵਿਸ਼ਵਾਸ ਨੂੰ ਅਵਿਸ਼ਵਾਸ ਵਿਚ ਬਦਲ ਸਕਦੇ ਹਨ। ਇਸਤਰ੍ਹਾਂ ਪੈਦਾ ਹੋਣ ਵਾਲੇ ਇਸ ਅਵਿਸ਼ਵਾਸ ਦਾ ਨਤੀਜਾ ਕੀ ਹੋਵੇਗਾ? ਇਸਦਾ ਅਨੁਮਾਨ ਲਾਉਣਾ ਮੁਸ਼ਕਿਲ ਨਹੀਂ ਹੈ।
…ਅਤੇ ਅੰਤ ਵਿਚ: ਦਿਲਚਸਪ ਗਲ ਇਹ ਹੈ ਕਿ ਅਜਿਹੇ ਅਖੌਤੀ ‘ਵਿਦਵਾਨ, ਖੋਜੀ ਅਤੇ ਇਤਿਹਾਸਕਾਰ’ ਸਿੱਖ-ਸੰਸਥਾਵਾਂ ਦੇ ਉਨ੍ਹਾਂ ਮੁਖੀਆਂ ਅਤੇ ਸਮਰਥਾਵਾਨ ਸਿੱਖਾਂ ਦਾ, ਆਪਣੀ ‘ਵਿਦਵਤਾ-ਪੂਰਣ ਖੋਜ’, ਸਿੱਖੀ ਪ੍ਰਤੀ ਦਰਦ ਹੋਣ ਦਾ ਭੁਲਾਵਾ ਦੇ, ਲਗਾਤਾਰ ਆਰਥਕ ਤੇ ਭਾਵਨਾਤਮਕ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ, ਜਿਨ੍ਹਾਂ ਦੇ ਦਿਲ ਵਿਚ ਸਿੱਖੀ ਵਿਚ ਆ ਰਹੇ ਨਿਘਾਰ ਕਾਰਣ ਉਪਜੀ ਅਥਾਹ ਪੀੜਾ ਅਤੇ ਉਸਨੂੰ ਬਚਾਣ ਦੀ ਤੀਬਰ ਭਾਵਨਾ ਹੈ।