‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ।
ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ।
ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ।
ਬੰਦੀ ਸੀ ਬਣਾਇਆ ਜਿਹਨੂੰ, ਦਿੱਲੀ ਵਾਲੇ ਬਾਦਸ਼ਾਹ।
ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ
ਬੰਦੀ ਛੋੜ……
ਸੁੱਚਿਆਂ ਵਿਚਾਰਾਂ ਨਾਲ, ਅੰਦਰ ਸਜਾਈਏ ਜੀ।
ਲੋੜਵੰਦਾਂ ਦੀ ਵੀ ਲੋੜ, ਪੂਰੀ ਕਰ ਆਈਏ ਜੀ।
ਦਾਤਾਂ ਜਿਹੜਾ ਦੇਵੇ, ਓਹਦਾ ਸ਼ੁਕਰ ਮਨਾ ਲਿਆ
ਬੰਦੀ ਛੋੜ…….
ਫੂਕੀਏ ਪਟਾਖੇ ਕਾਹਨੂੰ, ਖਰਚੇ ਨੂੰ ਜਰੀਏ।
ਸੰਦਲੀ ਹੈ ਪੌਣ, ਇਹਨੂੰ ਗੰਧਲੀ ਨਾ ਕਰੀਏ।
ਛੱਡ ਜ਼ਹਿਰੀ ਗੈਸਾਂ, ਪ੍ਰਦੂਸ਼ਣ ਵਧਾ ਲਿਆ
ਬੰਦੀ ਛੋੜ…….
ਬੀਜ ਨਾਸ ਨਫ਼ਰਤਾਂ ਦੇ, ਦਿਲਾਂ ਵਿੱਚੋਂ ਕਰੀਏ।
ਲੱਗੇ ਹੋਏ ਫੱਟਾਂ ਉਤੇ, ਮੱਲ੍ਹਮਾਂ ਤਾਂ ਧਰੀਏ।
ਕਰ ਪਛਤਾਵਾ ਜੇ ਹੈ, ਮਨ ਸਮਝਾ ਲਿਆ
ਬੰਦੀ ਛੋੜ…..
ਮੱਸਿਆ ਦੀ ਰਾਤ ‘ਦੀਸ਼’, ਮਨ ਰੁਸ਼ਨਾ ਲਈਏ।
ਗਿਆਨ ਵਾਲਾ ਦੀਪ ਇਕ, ਅੰਦਰ ਜਗਾ ਲਈਏ।
ਵਿਸ਼ੇ ਤੇ ਵਿਕਾਰ ਲਾਹ ਜੇ, ਮਨ ਚਮਕਾ ਲਿਆ
ਬੰਦੀ ਛੋੜ…..