ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਸਿੱਖ ਪੰਥ ਦੇ ਪ੍ਰੌਢ ਵਿਦਵਾਨ ਤੇ ਚਿੰਤਕ ਸ੍ਰ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਰਚਿਤ ਪੁਸਤਕ ‘‘ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ‘‘ ਨੂੰ ਸੰਗਤ ਅਰਪਿਤ ਕੀਤੀ ਗਈ। ਇਸ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਸ੍ਰ ਅਵਤਾਰ ਸਿੰਘ ਹਿਤ, ਸ਼੍ਰੋਮਣੀ ਦੇ ਸਾਬਕਾ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ, ਜਥੇ: ਗੁਰਮੀਤ ਸਿੰਘ ਬੂਹ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਿੱਖ ਚਿੰਤਕ ਡਾ: ਇੰਦਰਜੀਤ ਸਿੰਘ ਗੋਗੋਆਣੀ, ਡਾ: ਅਮਰਜੀਤ ਸਿੰਘ, ਭਾਈ ਨਵਤੇਜ ਸਿੰਘ ਕਥਾਵਾਚਕ, ਭਾਈ ਭਵਨ ਸਿੰਘ ਸਿੱਧੂ, ਬਾਬਾ ਜੰਗ ਸਿੰਘ ਅਤੇ ਪ੍ਰੋ: ਸਰਚਾਂਦ ਸਿੰਘ ਵੀ ਮੌਜੂਦ ਸਨ।
ਜਥੇਦਾਰ ਗਿ: ਹਰਪ੍ਰੀਤ ਸਿੰਘ ਨੇ ਖੋਜ ਭਰਪੂਰ ਪੁਸਤਕ ਪ੍ਰਕਾਸ਼ਿਤ ਕਰਾਉਣ ਲਈ ਸ੍ਰ: ਗੁਰਚਰਨਜੀਤ ਸਿੰਘ ਲਾਂਬਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਪੁਸਤਕ ਦੇ ਆਉਣ ਨਾਲ ਸਿੱਖ ਰਹਿਤ ਮਰਯਾਦਾ ਪ੍ਰਤੀ ਜਿਗਿਆਸੂਆਂ ਅਤੇ ਸੰਗਤ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਉਡੀਕ ਖ਼ਤਮ ਹੋਈ ਹੈ। ਅਜੋਕੇ ਸਮੇਂ ਵਿਚ ਅਜਿਹੀਆਂ ਪੁਸਤਕਾਂ ਲਿਖਣ ਦੀ ਬਹੁਤ ਲੋੜ ਹੈ ਕਿਉਂਕਿ ਸਾਡੀ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਨਾਲੋਂ ਟੁੱਟ ਕੇ ਕੁਰਾਹੇ ਪੈ ਰਹੀ ਹੈ, ਸਿੱਖੀ ਤੇ ਗੁਰਮਤਿ ਮਰਯਾਦਾ ਤੋਂ ਬੇਮੁਖ ਹੋ ਰਹੀ ਹੈ। ਏਡੀ ਵਡ ਆਕਾਰੀ ਪੁਸਤਕ ਤਿਆਰ ਕਰਨੀ ਤੇ ਹਰ ਵਿਸ਼ੇ ਉੱਤੇ ਬਹੁਪੱਖੀ ਭਰਪੂਰ ਚਾਨਣਾ ਪਾਉਣਾ, ਸਿੱਖ ਰਹਿਤ ਮਰਯਾਦਾ ਨੂੰ ਵਿਸਥਾਰ ਨਾਲ ਪੇਸ਼ ਕਰਨਾ, ਗੁਰਬਾਣੀ ਨੂੰ ਆਧਾਰ ਬਣਾ ਕੇ ਹਰ ਵਿਸ਼ੇ ਦੀ ਪੁਸ਼ਟੀ ਕਰ ਕੇ ਲੇਖਕ ਨੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਹੈ। ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਇਸ ਪੁਸਤਕ ਵਿਚ ਸਿੱਖ ਰਹਿਤ ਮਰਯਾਦਾ ਕਿਨ੍ਹਾਂ ਪੜਾਵਾਂ ਵਿਚੋਂ ਲੰਘਿਆ, ਕਿਵੇਂ ਸਮੂਹਿਕ ਸਿੱਖ ਚੇਤਨਾ ਨੇ ਸੰਵਾਰਿਆ ਅਤੇ ਸ਼ਿੰਗਾਰਿਆ, ਇਸ ਦਾ ਸਿਧਾਂਤਕ ਅਧਾਰ ਕੀ ਹੈ? ਇਨ੍ਹਾਂ ਸਭ ਪ੍ਰਸ਼ਨਾਂ ਦਾ ਜਵਾਬ ਉਚੇਰੇ ਬੌਧਿਕ ਪੱਧਰ ‘ਤੇ ਗੰਭੀਰ ਵਿਸ਼ਲੇਸ਼ਣ ਨਾਲ ਪਹਿਲੀ ਵਾਰ ਦੇਣ ਦੀ ਕੋਸ਼ਿਸ਼ ਡਾ: ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਕੀਤੀ ਗਈ ਹੈ। ਪਾਠਕਾਂ ਜਿਗਿਆਸੂਆਂ ਪ੍ਰਤੀ ਮਰਯਾਦਾ ਦਾ ਪਿਛੋਕੜ, ਫ਼ਲਸਫ਼ਾ ਅਤੇ ਨੈਤਿਕ ਸ਼ਾਸਤਰ ਬਾਰੇ ਸੰਵਾਦ ਕੀਤਾ ਗਿਆ ਹੈ। ਇਹ ਵਡ ਆਕਾਰੀ ਪੁਸਤਕ ਸਿੱਖ ਰਹਿਤ ਮਰਯਾਦਾ ਦੀਆਂ ਪ੍ਰਮੁੱਖ ਹਸਤੀਆਂ ਅਕਾਲੀ ਕੌਰ ਸਿੰਘ ਜੀ ਨਿਹੰਗ,ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਅਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਨੂੰ ਸਮਰਪਿਤ ਕੀਤੀ ਗਈ ਹੈ। ਲੇਖਕ ਸੰਤ ਸਿਪਾਹੀ ਮੈਗਜ਼ੀਨ ਦਾ ਸਾਬਕਾ ਸੰਪਾਦਕ ਤੇ ਗੁਰਮਤਿ ਵਿਚਾਰਧਾਰਾ ਦਾ ਧਾਰਨੀ ਹੈ। ਇਸ ਪੁਸਤਕ ਰਾਹੀਂ ਅਜੋਕੀ ਨੌਜਵਾਨ ਪੀੜ੍ਹੀ ਨੂੰ ਗੁਰਮਤਿ/ਸਿੱਖ ਰਹਿਤ ਮਰਯਾਦਾ ਦੀ ਜਾਣਕਾਰੀ ਦੇ ਕੇ ਸਿੱਖੀ ਨਾਲ ਜੋੜਨਾ ਇਕ ਵਿਲੱਖਣ ਢੰਗ ਹੈ। ਇਹ ਪੁਸਤਕ ਸਮੁੱਚੇ ਸਮਾਜ ਲਈ ਮਾਰਗ ਦਰਸ਼ਕ ਹੈ ਤੇ ਸੁਚੱਜੀ ਜੀਵਨ-ਜਾਚ ਜਿਊਣ ਦਾ ਰਾਹ ਦਰਸਾਉਂਦੀ ਹੈ।ਇਸ ਮਹਾਨ ਕਾਰਜ ਲਈ ਲੇਖਕ ਸ਼ਲਾਘਾ ਦਾ ਪਾਤਰ ਹੈ ਤਾਂ ਇਸ ਪੁਸਤਕ ਨੂੰ ਪਾਠਕਾਂ ਤਕ ਪਹੁੰਚਾਉਣ ਵਿਚ ਅਮਰੀਕਾ ਨਿਵਾਸੀ ਡਾਕਟਰ ਬਲਜਿੰਦਰ ਸਿੰਘ ਜੀ ਦੀ ਮੁੱਖ ਭੂਮਿਕਾ ਰਹੀ ਹੈ।