ਦੂਸਰੇ ਦਿਨ ਹੀ ਸਲਾਹ ਕੀਤੀ ਮੁਤਾਬਿਕ ਤੜਕੇ ਹੀ ਮੁਖਤਿਆਰ ਅਤੇ ਹਰਜਿੰਦਰ ਆਪਣੇ ਪਿੰਡਾਂ ਦੇ ਅੱਡਿਆਂ ਤੋਂ ਬਸਾਂ ਫੜ੍ਹੁ ਕੇ ਨਾਲਦੇ ਸ਼ਹਿਰ ਇਕੱਠੇ ਹੋਏ ਅਤੇ ਉੱਥੋਂ ਬਸ ਲੈ ਕੇ ਹਰਬੰਸ ਕੋਰ ਦੇ ਪਿੰਡ ਨੂੰ ਚਲ ਪਏ।
ਛਾਹ ਕੁ ਵੇਲੇ ਹੀ ਕਿਸੇ ਦੇ ਕੋਲੋਂ ਘਰ ਦਾ ਪਤਾ ਕਰਕੇ, ਉਹ ਹਰਬੰਸ ਕੌਰ ਦੇ ਡੇਰੇ ਪਹੁੰਚ ਗਏ। ਚੌਂਕੇ ਵਿਚ ਬੈਠੀ ਹਰਬੰਸ ਕੌਰ ਨੂੰ ਓਟੇ ਵਿਚ ਰੱਖੀਆਂ ਮੋਰੀਆਂ ਰਾਹੀਂ ਉਹ ਆਉਂਦੇ ਦਿਸ ਪਏ। ਹਰਬੰਸ ਕੌਰ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇ ਸੱਚ-ਮੁੱਚ ਹੀ ਉਸੇ ਦੇ ਸਕੇ ਵੀਰ ਆਏ ਹੋਣ। ਉੁਹ ਚੌਂਕੇ ਵਿਚੋਂ ਉਠ ਕੇ ਬਾਹਰ ਆ ਕੇ, ਉਹਨਾਂ ਨੂੰ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੀ ਨੇ ਹੱਥ ਜੋੜ ਲਏ। ਮੁਖਤਿਆਰ ਨੇ ਸਤਿ ਸ੍ਰੀ ਅਕਾਲ ਦਾ ਜਵਾਬ ਦੇਂਦਿਆ ਦੱਸਿਆ ਕਿ ਇਹ ਦਿਲਪ੍ਰੀਤ ਦੇ ਪਿਤਾ ਜੀ ਹਨ।
“ਦਿਲਪ੍ਰੀਤ ਇਹਨਾਂ ਦੇ ਨਾਲ ਨਹਿਰ ਵਾਲੇ ਖੇਤ ਨੂੰ ਗਿਆ ਆ।” ਹਰਬੰਸ ਕੌਰ ਨੇ ਧੁੱਪ ਵਿਚੋਂ ਮੰਜਾ ਵਿਹੜੇ ਵਿਚ ਲੱਗੇ ਦਰਖੱਤ ਦੀ ਛਾਵੇ ਕਰਦੇ ਕਿਹਾ, “ਤੁਸੀ ਬੈਠੋ ਮੈਂ ਲੱਸੀ ਲੈ ਕੇ ਆਉਂਦੀ ਹਾਂ।”
“ਲੱਸੀ ਦੀ ਤਾਂ ਕੋਈ ਲੋੜ ਨਹੀਂ।” ਹਰਜਿੰਦਰ ਸਿੰਘ ਨੇ ਪੁੱਛਿਆ, “ਦਿਲਪ੍ਰੀਤ ਹੋਰੀ ਕਦੋਂ ਕੁ ਆਉਣਗੇ।”
ਵਾੜੇ ਤੇ ਲੱਗੇ ਕਾਨਿਆ ਦੇ ਖਿੜਕੇ ਦਾ ਖੜਾਕਾ ਹੋਇਆ ਤਾਂ ਹਰਬੰਸ ਕੌਰ ਨੇ ਉਧਰ ਦੇਖਦੇ ਕਿਹਾ, “ਲਗਦਾ ਆ ਗਏ ਆ।”
ਅਮਰੀਕ ਸਿੰਘ ਹੱਥ ਵਿਚ ਹਦਵਾਣੇ ਫੜ੍ਹੀ ਵਿਹੜੇ ਵਿਚ ਦਾਖਲ ਹੋਇਆ। ਉਸ ਦੇ ਪਿੱਛੇ ਹੀ ਦਿਲਪ੍ਰੀਤ ਆਉਂਦੇ ਦੇਖ ਕੇ ਹਰਜਿੰਦਰ ਸਿੰਘ ਵਿਚ ਖੁਸ਼ੀ ਦੀ ਲਹਿਰ ਇੰਨੇ ਜੋਰ ਨਾਲ ਉੱਠੀ ਕਿ ਉਹ ਮੰਜੇ ਤੋਂ ੳੱਠ ਕੇ ਦਿਲਪ੍ਰੀਤ ਨੂੰ ਚੁੰਬੜ ਗਿਆ। ਪੁੱਤ ਦੇ ਮਿਲਾਪ ਨੇ ਉਸ ਦੀਆਂ ਅੱਖਾਂ ਵਿਚ ਹੰਝੂ ਲੈ ਆਂਦੇ। ਮੁਖਤਿਆਰ ਅਮਰੀਕ ਸਿੰਘ ਨਾਲ ਗੱਲਬਾਤ ਕਰਨ ਲੱਗ ਪਿਆ। ਪੁੱਤਰ ਨਾਲ ਗੱਲਵਕੜੀ ਢਿੱਲੀ ਹੋਈ ਤਾਂ ਹਰਜਿੰਦਰ ਸਿੰਘ ਨੂੰ ਚੇਤਾ ਆਇਆ ਕਿ ਉਹ ਅਮਰੀਕ ਸਿੰੰਘ ਨੂੰ ਮਿਲਿਆ ਹੀ ਨਹੀ।
“ਮੁਆਫ ਕਰਨਾ, ਮੈਂ…।” ਹਰਜਿੰਦਰ ਸਿੰਘ ਨੇ ਇਹ ਕਹਿ ਕੇ ਹੱਥ ਮਿਲਾਇਆ।
“ਕੋਈ ਗੱਲ ਨਹੀਂ।” ਅਮਰੀਕ ਸਿੰਘ ਨੇ ਕਿਹਾ, “ਇਸ ਤਰ੍ਹਾਂ ਹੋ ਹੀ ਜਾਂਦਾ ਹੈ।”
ਸਾਰੇ ਜਣੇ ਦਰਖੱਤ ਦੀ ਛਾਵੇ ਡਿੱਠੇ ਮੰਜਿਆ ਤੇ ਬੈਠ ਕੇ ਗੱਲਾਂ ਕਰਨ ਲੱਗ ਪਏ। ਸਾਰਿਆਂ ਨੇ ਉੱਥੇ ਬੈਠਿਆਂ ਹੀ ਰੋਟੀ ਖਾਧੀ। ਗੱਲਾਂ ਕਰਦਿਆਂ ਹਾਲਾਤ ਨੂੰ ਵਿਚਾਰਨ ਦੀ ਕੋਸ਼ਿਸ਼ ਕੀਤੀ ਤਾਂ ਗੱਲ ਦਿਲਪ੍ਰੀਤ ਦੇ ਵਿਆਹ ਤੇ ਆ ਕੇ ਰੁਕ ਜਾਂਦੀ।
“ਬੇਸ਼ੱਕ ਤੁਸੀਂ ਵਿਆਹ ਦੀ ਤਾਰੀਕ ਬੰਨ ਲਈ ਹੈ। “ਅਮਰੀਕ ਸਿੰਘ ਨੇ ਕਿਹਾ, “ਪਰ ਤੁਸੀ ਇਸ ਹਾਲਾਤ ਵਿਚ ਵਿਆਹ ਕਿਵੇਂ ਕਰ ਸਕਦੇ ਹੋ, ਜਦੋਂ ਕਿ ਪੁਲੀਸ ਦਿਲਪ੍ਰੀਤ ਦੀ ਸੂਹ ਕੁਤਿਆਂ ਵਾਂਗ ਲੈ ਰਹੀ ਆ।”
“ਆ ਜਦੋ ਅਖਬਾਰ ਦਾ ਸੰਪਾਦਕ ਮਾਰਿਆ ਪੁਲੀਸ ਉਦੋਂ ਦੀ ਜ਼ਿਆਦਾ ਦਿਲਪ੍ਰੀਤ ਦੇ ਮਗਰ ਪੈ ਗਈ ਆ।” ਹਰਜਿੰਦਰ ਸਿੰਘ ਨੇ ਦੱਸਿਆ, “ਸਾਨੂੰ ਤਾਂ ਸਮਝ ਨਹੀ ਆਉਂਦੀ ਕੀ ਕਰੀਏ ਕੀ ਨਾਂ ਕਰੀਏ।” “ਤੁਸੀ ਪੁਲੀਸ ਨਾਲ ਗੱਲ ਕਰਕੇ ਦੇਖੋ।” ਅਮਰੀਕ ਸਿੰਘ ਨੇ ਸਲਾਹ ਦਿੱਤੀ, “ਪੁਲੀਸ ਨੂੰ ਪੁੱਛੋ ਜੇ ਅਸੀ ਦਿਲਪ੍ਰੀਤ ਨੂੰ ਤੁਹਾਡੇ ਸਾਹਮਣੇ ਕਰ ਦੇਈਏ ਤਾਂ ਤੁਸੀ ਉਸ ਨੂੰ ਛੱਡ ਦਿਉਗੇ।”
“ਦੋ ਚਾਰ ਮੋਹਤਵਰ ਬੰਦਿਆਂ ਨੂੰ ਲੈ ਕੇ ਗੱਲ ਕੀਤੀ ਜਾ ਸਕਦੀ ਹੈ।” ਮੁਖਤਿਆਰ ਨੇ ਆਪਣੀ ਸਲਾਹ ਨਾਲ ਰਲਾਂਦਿਆ ਕਿਹਾ, “ਸ਼ਾਇਦ ਕੋਈ ਗੱਲ ਬਣ ਜਾਵੇ।”
“ਜੇ ਤੁਸੀਂ ਮੈਨੂੰ ਪੁਲੀਸ ਦੇ ਅੱਗੇ ਪੇਸ਼ ਕਰ ਦਿੱਤਾ।” ਦਿਲਪ੍ਰੀਤ ਨੇ ਦੱਸਿਆ, “ਫਿਰ ਮੇਰੇ ਮੁੜ ਜਿਊਂਦੇ ਆਉਣ ਦੀ ਆਸ ਨਾਂ ਰੱÇੱਖਉ।”
“ਕਾਕਾ, ਗੱਲ ਤੇਰੀ ਵੀ ਠੀਕ ਆ।” ਅਮਰੀਕ ਸਿੰੰਘ ਨੇ ਹੁੰਗਾਰਾ ਭਰਿਆ, “ਅੱਜਕਲ ਤਾਂ ਪੁਲੀਸ ਤੇਰੀ ਉਮਰ ਦੇ ਸਿਖਾਂ ਦੇ ਮੁੰਡਿਆਂ ਨੂੰ ਲੱਭ ਲੱਭ ਕੇ ਮੁਕਾਬਲੇ ਬਣਾ ਰਹੀ ਆ।”
“ਫਿਰ ਵਿਆਹ ਕਿਵੇਂ ਕਰਾਂਗੇ।” ਮੁਖਤਿਆਰ ਨੇ ਆਪਣਾ ਫਿਕਰ ਦੱਸਿਆ, “ਮੈਂ ਚਾਹੁੰਦਾ ਹਾਂ ਕਿ ਵਿਆਹ ਜ਼ਰੂਰ ਹੋ ਜਾਵੇ ਚਾਹੇ ਕਿਸੇ ਢੰਗ ਨਾਲ ਵੀ ਹੋਵੇ”
“ਮੇਰੀ ਗੱਲ ਮੰਨੋਂ ਤਾਂ ਵਿਆਹ ਦੇ ਅਨੰਦ ਕਾਰਜ ਦੀ ਸਾਦੀ ਜਿਹੀ ਰਸਮ ਕਰ ਦਿਉ।” ਪੀੜ੍ਹੀ ਤੇ ਕੋਲ ਬੈਠੀ ਹਰਬੰਸ ਕੌਰ ਨੇ ਕਿਹਾ, “ਕੋਈ ਗੁਰਦੁਆਰਾ ਦੇਖੋ ਜਿਹਦੇ ਵਿਚ ਇਹ ਕਾਜ ਕੀਤਾ ਜਾ ਸਕੇ।”
ਹਰਬੰਸ ਕੌਰ ਦੀ ਇਹ ਗੱਲ ਸਾਰਿਆ ਨੂੰ ਚੰਗੀ ਲੱਗੀ। ਨਾਲ ਹੀ ਉਹਨਾਂ ਨੂੰ ਬਾਹਰ ਕੋਈ ਗੱਡੀ ਦੇ ਰੁਕਣ ਦੀ ਅਵਾਜ਼ ਆਈ ਤਾਂ ਅਮਰੀਕ ਸਿੰਘ ਨੇ ਹੁਸ਼ਿਆਰੀ ਨਾਲ ਦਿਲਪ੍ਰੀਤ ਨੂੰ ਦਲਾਨ ਦੇ ਮਗਰ ਬਣੀ ਹਨੇਰੀ ਕੋਠੜੀ ਦੀ ਪੜਛੱਤੀ ਤੇ ਲੁਕਣ ਨੂੰ ਕਿਹਾ। ਆਪ ਸਾਰੇ ਮੰਜਿਆਂ ਤੇ ਇਸ ਤਰ੍ਹਾਂ ਬੈਠੇ ਰਹੇ ਜਿਵੇਂ ਉਹਨਾਂ ਨੂੰ ਪਤਾ ਹੀ ਨਾ ਲੱਗਿਆ ਹੋਵੇ ਕਿ ਬਾਹਰ ਕੋਈ ਜੀਪ ਆਈ ਹੈ।
ਘਰ ਦੇ ਅੰਦਰ ਦਾਖਲ ਹੁੰਦਿਆ ਹੀ ਠਾਣੇਦਾਰ ਨੇ ਸਿਪਾਹੀਆਂ ਨੂੰ ਹੁਕਮ ਚਾੜਿਆ, “ਸਾਰੇ ਘਰ ਦੀ ਤਲਾਸ਼ੀ ਲਉ।”
“ਪਰ ਕਿਸ ਕਰਕੇ?” ਅਮਰੀਕ ਸਿੰਘ ਨੇ ਹੈਰਾਨ ਜਿਹੇ ਹੋ ਕੇ ਪੁੱਛਿਆ, “ਕੀ ਗੱਲ ਹੋ ਗਈ ਠਾਣੇਦਾਰ ਸਾਹਿਬ।”
“ਤੁਸੀ ਇੱਥੇ ਕਿਸੇ ਅੱਤਵਾਦੀ ਨੂੰ ਪਨਾਹ ਦਿੱਤੀ ਹੋਈ ਆ।” ਠਾਣੇਦਾਰ ਨੇ ਕਿਹਾ, “ਦਿਲਪ੍ਰੀਤ ਨਾਮ ਦਾ ਅਤਿਵਾਦੀ ਤੁਹਾਡੇ ਕੋਲ ਹੀ ਹੈ।”
“ਉਸ ਨੂੰ ਤਾਂ ਅਸੀਂ ਵੀ ਲੱਭਣ ਆਏ ਹਾਂ।” ਮੁਖਤਿਆਰ ਸਿੰਘ ਨੇ ਬਿਨਾ ਘਬਰਾਟ ਦੇ ਕਿਹਾ, “ਸਾਨੂੰ ਤਾਂ ਲੱਭਾ ਨਹੀਂ, ਜੇ ਤਹਾਨੂੰ ਲੱਭਦਾ ਆ ਤਾਂ ਲਭ ਲਵੋ।।”
“ਉਹ ਆਇਆ ਜ਼ਰੂਰ ਸੀ।” ਹਰਬੰਸ ਕੌਰ ਨੇ ਕਿਹਾ, “ਮੇਰੇ ਭਤੀਜੇ ਨਾਲ, ਪਰ ਉਸ ਦੇ ਨਾਲ ਹੀ ਮੁੜ ਗਿਆ ਸੀ।”
“ਤੇਰਾ ਭਤੀਜਾ ਤਾਂ ਅਸੀਂ ਲੱਭ ਲਿਆ।” ਠਾਣੇਦਾਰ ਨੇ ਕਿਹਾ, “ਪਰ ਜਿਹਨੂੰ ਲਭਣ ਲਈ ਸਾਡੇ ਤੇ ਦਿਨ ਰਾਤ ਪਰੈਸ਼ਰ ਪੈ ਰਿਹਾ ਹੈ, ਉੁਹ ਮਾਂ ਦਾ ਖਸਮ ਲੱਭਦਾ ਹੀ ਨਹੀਂ।”
ਠਾਣੇਦਾਰ ਦੀ ਗੱਲ ਦਾ ਬੁਰਾ ਤਾਂ ਸਾਰਿਆਂ ਨੇ ਮਨਾਇਆ, ਪਰ ਕੁਝ ਵੀ ਨਹੀਂ ਸੀ ਕਰ ਸਕਦੇ। ਸਿਪਾਹੀਆਂ ਨੇ ਸਾਰੇ ਘਰ ਦਾ ਪਾਸਾ ਘੁੰਮ ਫਿਰ ਕੇ ਦੇਖ ਲਿਆ ਉਹਨਾਂ ਦੇ ਹੱਥ ਕੁਝ ਨਾਂ ਆਇਆ। ਠਾਣੇਦਾਰ ਉਸ ਕੌਠੜੀ ਵੱਲ ਨੂੰ ਜਾਣ ਲੱਗਾ ਤਾਂ ਇਕ ਸਿਪਾਹੀ ਦੀ ਅਵਾਜ਼ ਨੇ ਉਸ ਨੂੰ ਰੋਕ ਕੇ ਕਿਹਾ, “ਜ਼ਨਾਬ ਇਹ ਪਾਸਾ ਮੈਂ ਚੰਗੀ ਤਰ੍ਹਾਂ ਦੇਖ ਆਇਆ ਹਾਂ, ਕੋਈ ਨਹੀਂ ਉੱਥੇ। ਪੁਲੀਸ ਜਿਦਾਂ ਦਗੜ ਦਗੜ ਕਰਦੀ ਆਈ ਉਸੇ ਤਰ੍ਹਾਂ ਹੀ ਗਾਲ੍ਹਾਂ ਕੱਢਦੀ ਵਾਪਸ ਚਲੀ ਗਈ।
ਪੁਲੀਸ ਦੇ ਜਾਣ ਤੋਂ ਬਾਅਦ ਹਰਬੰਸ ਕੌਰ ਨੇ ਕਿਹਾ, “ਸ਼ੁਕਰ ਆ, ਪਰਮਾਤਮਾ ਦਾ ਕਿ ਮੁੰਡਾ ਬਚ ਗਿਆ।”
“ਪਰ ਕਿੰਨਾ ਕੁ ਚਿਰ ਆਪਾਂ ਇਸ ਤਰ੍ਹਾਂ ਬਚਾ ਸਕਦੇ ਹਾਂ?” ਹਰਜਿੰਦਰ ਸਿੰਘ ਨੇ ਫਿਕਰ ਨਾਲ ਕਿਹਾ, “ਕੀ ਹਾਲ ਹੋਵੇਗਾ ਸਾਡਾ।”
“ਵੀਰ ਜੀ ਤੁਸੀ ਫਿਕਰ ਨਾ ਕਰੋ।” ਹਰਬੰਸ ਕੌਰ ਨੇ ਕਿਹਾ, “ਮੇਰੀ ਮੰਨੋਂ ਤਾਂ ਦਿਲਪ੍ਰੀਤ ਨੂੰ ਕਿਸੇ ਬਾਹਰਲੇ ਮੁਲਕ ਵਿਚ ਕੱਢ ਦਿਉ।”
“ਵਿਆਹ ਵਾਲਾ ਕੰੰਮ ਤਾਂ ਹੋ ਜਾਵੇ।” ਮੁਖਤਿਆਰ ਬੋਲਿਆ, “ਫਿਰ ਤਾਂ ਇਹ ਵੀ ਹੋ ਸਕਦਾ ਹੈ।”
ਅਮਰੀਕ ਸਿੰਘ ਨੇ ਉੱਠ ਕੇ ਸਾਰੇ ਪਾਸੇ ਚੰਗੀ ਤਰ੍ਹਾਂ ਦੇਖਿਆ ਜਦੋਂ ਤੱਸਲੀ ਹੋ ਗਈ ਕਿ ਪੁਲੀਸ ਚਲੀ ਗਈ ਹੈ ਤਾਂ ਉਹ ਦਿਲਪ੍ਰੀਤ ਨੂੰ ਫਿਰ ਬਾਹਰ ਲੈ ਆਇਆ।
“ਠਾਣੇਦਾਰ ਕੌਠੜੀ ਵੱਲ ਨੂੰ ਆਉਣ ਹੀ ਲੱਗਾ ਸੀ।” ਅਮਰੀਕ ਸਿੰਘ ਨੇ ਕਿਹਾ, “ਪਰ ਇਕ ਸਿਪਾਹੀ ਨੇ ਉਸ ਨੂੰ ਰੋਕ ਲਿਆ।”
“ਉਸ ਸਿਪਾਹੀ ਨੇ ਮੈਨੂੰ ਲੁਕੇ ਨੂੰ ਦੇਖ ਲਿਆ ਸੀ।” ਦਿਲਪ੍ਰੀਤ ਨੇ ਕਿਹਾ, “ਪਰ ਉਸ ਨੇ ਮੈਨੂੰ ਹੱਥ ਨਾਲ ਇਸ਼ਾਰਾ ਕੀਤਾ ਸੀ ਕਿ ਲੁਕਿਆ ਰਹਿ।”
“ਭਲਾ ਹੋਵੇ ਉਸ ਸਿਪਾਹੀ ਦਾ।” ਹਰਬੰਸ ਕੌਰ ਨੇ ਕਿਹਾ, “ਦੇਖ ਲਉ ਪੁਲੀਸ ਵਿਚ ਇਦਾਂ ਦੇ ਬੰਦੇ ਵੀ ਹੈਗੇ ਆ ਜਿਹਨਾਂ ਨੂੰ ਆਪਣਿਆ ਨਾਲ ਫਿਰ ਵੀ ਦਰਦ ਹੈ।”
“ਪੁੱਤਰਾ, ਇਹ ਲੁਕਣਮਚਾਈ ਕਿੰਨਾ ਕੁ ਚਿਰ ਚਲੇਗੀ?” ਹਰਜਿੰਦਰ ਸਿੰਘ ਨੇ ਪੁੱਛਿਆ, “ਇਸ ਖਤਰਨਾਕ ਰਾਹ ਤੇ ਤੁਰਨ ਵਾਲਿਆਂ ਨਾਲ ਤੂੰ ਸਬੰਧ ਕਿਉਂ ਬਣਾਏ?”
“ਸਬੰਧ ਜੋੜਨ ਵਾਲਾ ਤਾਂ ਉੱਪਰ ਬੈਠਾ ਹੈ।” ਦਿਲਪ੍ਰੀਤ ਨੇ ਉੱਤਰ ਦਿੱਤਾ, “ਇਹ ਖੇਡ ਕਿੰਨਾ ਚਿਰ ਚਲਣੀ ਆ ਇਹ ਵੀ ਉਹ ਹੀ ਜਾਣਦਾ ਹੈ, ਸਾਨੂੰ ਤਾਂ ਜਿਹੜੀ ਡਿਊਟੀ ਮਿਲੀ ਆ ਕਰੀ ਜਾਂਦੇ ਹਾਂ,
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ
ਨਾਨਕ ਕਰਤੇ ਕੀ ਜਾਨੇ ਕਰਤਾ ਰਚਨਾ।
ਦਿਲਪ੍ਰੀਤ ਦਾ ਜ਼ਵਾਬ ਸੁਣ ਕੇ ਹਰਜਿੰਦਰ ਸਿੰਘ ਉਦਾਸ ਹੋ ਗਿਆ ਅਤੇ ਮੁਖਤਿਆਰ ਨੂੰ ਹੱਥ ਜੋੜ ਕੇ ਕਹਿਣ ਲੱਗਾ, “ਤੁਸੀ ਆਪਣੀ ਬੱਚੀ ਦਾ ਅਨੰਦ ਕਾਰਜ ਕਿਸੇ ਹੋਰ ਥਾਂ ਕਰ ਦਿਉ, ਮੈਨੂੰ ਨਹੀ ਲੱਗਦਾ ਕਿ ਇਹਦਾ ਲੜ ਫੜ੍ਹ ਕੇ ਬੱਚੀ ਖੁਸ਼ ਰਹੇਗੀ।”
“ਬੱਚੀ ਵੀ ਇਹਦੇ ਵਰਗੀ ਹੀ ਗੱਲ ਕਰਦੀ ਹੈ।” ਮੁਖਤਿਆਰ ਸਿੰਘ ਨੇ ਦੱਸਿਆ, “ਸੱਚ ਦਸਾਂ, ਇਹ ਗੱਲ ਅਸੀ ਉਹਦੇ ਨਾਲ ਬਹੁਤ ਚਿਰ ਪਹਿਲਾਂ ਕਰ ਚੁੱਕੇ ਹਾਂ, ਪਰ ਉਸਦਾ ਜਵਾਬ ਸੀ ਕਿ ਖੁਸ਼ ਰਹਾਂ ਜਾਂ ਦੁਖੀ ਰਹਾਂ, ਰਹਾਂਗੀ ਦਿਲਪ੍ਰੀਤ ਦੇ ਨਾਲ ਹੀ।”
“ਵੀਰ, ਤੂੰ ਤਾਂ ਇਦਾਂ ਕਰਨ ਲੱਗ ਪਿਆ ਜਿਵੇਂ ਤੇਰਾ ਪੁੱਤ ਕੋਈ ਡਾਕੂ ਜਾਂ ਚੋਰ ਹੋਵੇ।” ਹਰਬੰਸ ਕੌਰ ਨੇ ਕਿਹਾ, “ਉਹ ਤਾਂ ਕੁਚਲਿਆਂ ਹੋਇਆਂ ਨੂੰ ਉਤਾਂਹ ਕਰਨ ਦਾ ਜਤਨ ਕਰ ਰਿਹਾ ਆ।” “ਹਰਬੰਸ ਕੌਰੇ, ਗੱਲ ਤਾਂ ਭਾਵੇਂ ਤੇਰੀ ਠੀਕ ਹੈ।” ਅਮਰੀਕ ਸਿੰਘ ਬੋਲਿਆ, “ਪਰ ਜਿੰਨਾਂ ਚਿਰ ਕੌਮ ਦੇ ਗਦਾਰ ਲੀਡਰ ਵਿਚੋਂ ਨਹੀਂ ਨਿਕਲਦੇ, ਉਹਨਾਂ ਚਿਰ ਪੰਜਾਬੀਆਂ ਦਾ ਕੁਝ ਨਹੀਂ ਬਣਨਾਂ।”
“ਬਣਨਾ- ਬਨਾਉਣਾ ਤਾਂ ਇਕ ਪਾਸੇ।” ਮੁਖਤਿਆਰ ਬੋਲਿਆ, “ਉਹਨਾਂ ਤਾਂ ਆਹ ਹਮਲਾ ਕਰਕੇ ਸਿਖ ਕੌਮ ਦੀ ਜੜ੍ਹ ਹੀ ਵਡ ਸੁੱਟੀ।”
“ਇਸ ਤਰ੍ਹਾਂ ਜੜ੍ਹਾਂ ਵੱਢਣ ਵਾਲੇ ਪਹਿਲਾਂ ਵੀ ਆਉਂਦੇ ਰਹੇ ਆ।” ਦਿਲਪ੍ਰੀਤ ਬੋਲਿਆ, “ਜੜਾਂ ਵੱਢਣ ਵਾਲੇ ਮੁੱਕ ਗਏ, ਪਰ ਸਿਖ ਕੌਮ ਦੀ ਜੜ ਵੱਢਣ ਤੇ ਵੀ ਸੁੱਕੀ ਨਹੀ, ਇਹ ਰਹਿਣੀ ਵੀ ਹਮੇਸ਼ਾ ਹਰੀ ਹੀ ਆ, ਚਾਹੇ ਇਦਾਂ ਦੇ ਜ਼ਾਲਮ ਹੋਰ ਜੰਮ ਪੈਣ।”
“ਕਾਕਾ, ਇਸ ਜੜ੍ਹ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪ੍ਰੀਵਾਰ ਦਾ ਖੁੂਨ ਪਾ ਕੇ ਮਜ਼ਬੂਤ ਕੀਤਾ ਹੈ।” ਅਮਰੀਕ ਸਿੰਘ ਬੋਲਿਆ, “ਸੁੱਕਣ ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ।”
“ਤੁਹਾਡੀਆਂ ਗੱਲਾਂ ਤਾਂ ਠੀਕ ਹੈ ਸਰਦਾਰ ਜੀ।” ਸੋਚਾਂ ਵਿਚ ਪਏ ਹਰਜਿੰਦਰ ਸਿੰਘ ਨੇ ਕਿਹਾ, “ਪਰ ਸਾਨੂੰ ਤਾ ਇਸ ਵੇਲੇ ਇਹ ਹੀ ਫਿਕਰ ਆ ਕਿ ਇਹਨਾ ਬੱਚਿਆਂ ਦਾ ਵਿਆਹ ਕਿਵੇਂ ਤੇ ਕਿੱਥੇ ਕਰੀਏ?”
“ਮੇਰਾ ਖਿਆਲ ਹੈ।” ਅਮਰੀਕ ਸਿੰਘ ਨੇ ਕਿਹਾ, “ਇਸ ਮਾਮਲੇ ਵਿਚ ਤਾਂ ਹਰਬੰਸ ਕੌਰ ਦੀ ਸਲਾਹ ਠੀਕ ਹੀ ਹੈ ਕਿ ਲਾਵਾਂ ਕਿਸੇ ਗੁਰਦੁਆਰੇ ਵਿਚ ਸਾਦੇ ਢੰਗ ਨਾਲ ਪੜ੍ਹਾ ਦਿਉ।”
ਸਾਰਿਆਂ ਨੇ ਸੋਚਣ- ਵਿਚਾਰਣ ਤੋਂ ਬਾਅਦ ਇਹ ਹੀ ਸਲਾਹ ਕੀਤੀ ਕਿ ਜਿਹੜਾ ਗੁਰਦੁਆਰਾ ਦੋਹਾਂ ਪਾਸਿਆਂ ਨੂੰ ਲਾਗੇ ਪੈਂਦਾ ਹੈ। ਉਸ ਵਿਚ ਅਂੰਨਦ ਕਾਰਜ ਪੜਾਏ ਜਾਣ। ਸਮਾਂ ਵੀ ਤੜਕੇ ਚਾਰ ਵਜੇ ਦਾ ਰੱਖਿਆ ਗਿਆ ਤਾਂ ਜੋ ਕਿਸੇ ਨੂੰ ਖਬਰ ਤਕ ਨਾ ਹੋਵੇ, ਤਾਰੀਖ ਵੀ ਬਦਲ ਕੇ ਇਕ ਹਫਤਾ ਪਹਿਲਾਂ ਦੀ ਕਰ ਲਈ।
“ਇਹ ਸਾਰਾ ਮਾਮਲਾ ਗੁਰਦੁਆਰੇ ਦੇ ਭਾਈ ਜੀ ਨੂੰ ਦੋ ਦਿਨ ਪਹਿਲਾਂ ਜਾ ਕੇ ਹੀ ਸਮਝਾ ਦਿਉ।” ਹਰਬੰਸ ਕੌਰ ਨੇ ਕਿਹਾ, “ਤਸੱਲੀ ਕਰ ਲਿਉ ਕਿ ਭਾਈ ਜੀ ਵੀ ਖਰਾ ਬੰਦਾ ਹੋਵੇ ਹੋਰ ਨਾ ਪੁਲੀਸ ਨੂੰ ਇਹ ਭੇਦ ਖੋਲ੍ਹ ਦੇਵੇ।”
“ਇਸ ਭਾਈ ਜੀ ਨੂੰ ਅਸੀ ਚਿਰਾਂ ਤੋਂ ਜਾਣਦੇ ਹਾਂ।” ਮੁਖਤਿਆਰ ਨੇ ਕਿਹਾ, “ਉਹਨਾਂ ਵਰਗਾ ਬੰਦਾ ਤਾਂ ਪੂਰੇ ਇਲਾਕੇ ਵਿਚ ਹੈ ਨਹੀਂ।”
ਦਿਲਪ੍ਰੀਤ ਆਪਣੇ ਘਰੋਂ ਤਾਂ ਲਾਵਾਂ ਲੈਣ ਲਈ ਤੁਰ ਨਹੀ ਸੀ ਸਕਦਾ। ਉਸ ਨੇ ਆਪਣੇ ਇਕ ਸਾਥੀ ਨਾਲ ਸਿਧਾ ਗੁਰਦੁਆਰੇ ਹੀ ਪਹੁੰਚਣਾ ਹੈ। ਇਸ ਤਰ੍ਹਾਂ ਦਾ ਸਾਰਾ ਪ੍ਰੋਗਰਾਮ ਉਸੇ ਵੇਲੇ ਹੀ ਹਰਬੰਸ ਕੌਰ ਦੇ ਘਰ ਬਣਾ ਲਿਆ ਗਿਆ। ਵਿਆਹ ਵਾਲੀ ਰੱਖੀ ਤਾਰੀਖ ਤੋਂ ਪਹਿਲਾਂ ਹੀ ਅਨੰਦ ਕਾਰਜ ਦਾ ਸਮਾਂ ਬੰਨ ਕੇ ਹਰਜਿੰਦਰ ਸਿੰੰਘ ਅਤੇ ਮੁਖਤਿਆਰ ਸਿੰਘ ਆਪਣੇ ਪਿੰਡਾਂ ਨੂੰ ਮੁੜ ਗਏ।
ਹੱਕ ਲਈ ਲੜਿਆ ਸੱਚ – (ਭਾਗ-57)
This entry was posted in ਹੱਕ ਲਈ ਲੜਿਆ ਸੱਚ.