ਫ਼ਤਹਿਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਤਰ੍ਹਾਂ ਦੇ ਮੁਲਕੀ ਫ਼ੌਜੀ ਗੱਠਬੰਧਨਾਂ ਦੇ ਵਿਰੁੱਧ ਹੈ, ਕਿਉਂਕਿ ਇਹ ਗੱਠਬੰਧਨ ਤਾਨਾਸ਼ਾਹੀ ਸੋਚ ਰੱਖਣ ਵਾਲੀਆ ਤਾਕਤਾਂ ਵੱਲੋਂ ਵੱਖ-ਵੱਖ ਮੁਲਕਾਂ ਦੇ ਨਿਵਾਸੀਆਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ਵਾਲੇ ਅਤੇ ਵੱਡੇ ਮੁਲਕਾਂ ਵੱਲੋਂ ਗਰੀਬ ਮੁਲਕਾਂ ਉਤੇ ਧੌਸ ਜਮਾਉਣ ਵਾਲੇ ਹੁੰਦੇ ਹਨ । ਜਿਸ ਨਾਲ ਬਰਾਬਰਤਾ ਅਤੇ ਸਮਾਜ ਪੱਖੀ ਸੋਚ ਨੂੰ ਵੱਡੀ ਸੱਟ ਵੱਜਦੀ ਹੈ । ਇਸ ਲਈ ਅਸੀਂ ਮਾਲਾਬਾਰ ਨੇਵੀ ਦੀਆਂ ਹੋ ਰਹੀਆ ਜੰਗੀ ਮਸਕਾਂ ਨੂੰ ਮਨੁੱਖਤਾ ਅਤੇ ਅਮਨ-ਚੈਨ ਦੇ ਹੱਕ ਵਿਚ ਨਹੀਂ ਸਮਝਦੇ । ਇਨ੍ਹਾਂ ਹੋ ਰਹੀਆ ਮਸਕਾਂ ਵਿਚ ਇਕ ਗੱਲ ਉਭਰਕੇ ਸਾਹਮਣੇ ਆਈ ਹੈ ਕਿ 1971 ਦੀ ਪਾਕਿ-ਇੰਡੀਆ ਜੰਗ ਦੌਰਾਨ ਜੋ ਨਮਿਤਜ ਅਮਰੀਕਨ ਜੰਗੀ ਬੇੜਾ ਇੰਡੀਆ ਦੇ ਵਿਰੁੱਧ ਅਤੇ ਪਾਕਿਸਤਾਨ ਦੇ ਹੱਕ ਵਿਚ ਆਇਆ ਸੀ, ਅੱਜ ਉਹੀ ਨਮਿਤਜ ਅਮਰੀਕਨ ਬੇੜਾ ਇੰਡੀਆਂ ਦੇ ਹੱਕ ਵਿਚ ਪਾਕਿਸਤਾਨ ਵਿਰੁੱਧ ਬੰਗਾਲ ਦੀ ਖਾੜੀ ਵਿਚ ਕਿਵੇਂ ਪਹੁੰਚ ਗਿਆ ਹੈ ਅਤੇ ਇਹ ਫੌਜੀ ਗੱਠਬੰਧਨਾਂ ਦੀ ਸਥਿਤੀ ਕਿਸ ਰੂਪ ਵਿਚ ਬਦਲੀ ਹੈ ?”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦੂਤਵ ਹੁਕਮਰਾਨਾਂ ਦੀ ਸੰਸਾਰਿਕ ਕੂਟਨੀਤੀ ਦੇ ਫੇਲ੍ਹ ਹੋਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇੰਡੀਆ ਹਿੰਦੂ ਸਟੇਟ 1947 ਵਿਚ ਹੋਂਦ ਵਿਚ ਆਇਆ ਸੀ। ਉਸ ਸਮੇਂ ਇਸਦਾ 67% ਫ਼ੌਜੀ ਅਸਲਾਂ ਬਹੁਤ ਹੇਠਲੇ ਪੱਧਰ ਦਾ ਸੀ । ਐਨੇ ਲੰਮੇਂ ਸਮੇਂ ਦੌਰਾਨ ਹਿੰਦੂ ਸਟੇਟ ਆਪਣੇ-ਆਪ ਨੂੰ ਸੁਰੱਖਿਅਤ ਨਹੀਂ ਕਰ ਸਕਿਆ । ਇਸ ਹਿੰਦੂ ਸਟੇਟ ਦੀਆਂ ਕੰਮਜੋਰੀਆ ਅਤੇ ਅਸਫਲਤਾਵਾਂ ਇਸ ਗੱਲ ਤੋਂ ਪ੍ਰਤੱਖ ਹੋ ਜਾਂਦੀਆ ਹਨ ਕਿ 73 ਸਾਲਾਂ ਦੇ ਲੰਮੇਂ ਸਮੇਂ ਬਾਅਦ ਵੀ ਇੰਡੀਆਂ ਦੀ ਇਹ ਸਥਿਤੀ ਹੈ ਕਿ ਜੂਨ 2020 ਵਿਚ ਲਦਾਂਖ ਵਿਖੇ ਚੀਨ ਨਾਲ ਹੋਈ ਲੜਾਈ ਸਮੇਂ ਉਸ ਸਿੱਖ ਕੌਮ ਦੇ ਸਿੱਖ ਸਿਪਾਹੀ ਮਾਰੇ ਗਏ ਜਿਸ ਖ਼ਾਲਸਾ ਲਾਹੌਰ ਦਰਬਾਰ ਦੇ ਰਾਜ ਸਮੇਂ ਇਸ ਲਦਾਂਖ ਦੇ ਇਲਾਕੇ ਨੂੰ ਖ਼ਾਲਸਾਈ ਫ਼ੌਜਾਂ ਨੇ ਜਿੱਤਕੇ ਖ਼ਾਲਸਾ ਰਾਜ ਵਿਚ ਸਾਮਿਲ ਕੀਤਾ ਸੀ ਅਤੇ ਅੱਜ ਵੀ ਚੀਨ ਲਦਾਂਖ ਵਿਖੇ ਜੋ ਸਾਡਾ ਸਿੱਖ ਕੌਮ ਦਾ ਇਲਾਕਾ ਹੈ, ਉਸ ਉਤੇ ਝੰਡੇ ਗੱਡੀ ਬੈਠਾ ਹੈ, ਹਿੰਦੂਤਵ ਹੁਕਮਰਾਨ ਪਹਿਲੇ 1962 ਵਿਚ ਗੁਆਇਆ ਹੋਇਆ 39 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਦੀ ਇਕ ਇੰਚ ਵੀ ਧਰਤੀ ਚੀਨ ਤੋਂ ਵਾਪਸ ਨਹੀਂ ਲੈ ਸਕੇ ਅਤੇ ਚੀਨ ਹੋਰ ਅੱਗੇ ਵੱਧਦਾ ਜਾ ਰਿਹਾ ਹੈ । ਦੂਸਰਾ ਜਿਸ ਅਮਰੀਕਾ ਨੇ 1971 ਵਿਚ ਪਾਕਿਸਤਾਨ ਦੀ ਮਦਦ ਕੀਤੀ ਸੀ, ਇੰਡੀਆਂ ਨੂੰ ਉਸੇ ਜੰਗੀ ਬੇੜੇ ਰਾਹੀ ਅਮਰੀਕਾ ਤੋਂ ਮਦਦ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਜੋ ਇੰਡੀਆ ਦੀ ਅਸਫ਼ਲਤਾ ਅਤੇ ਕੰਮਜੋਰੀਆ ਨੂੰ ਪ੍ਰਤੱਖ ਕਰਦਾ ਹੈ ।
ਸ. ਮਾਨ ਨੇ ਜਾਲਮ ਪੁਲਿਸ ਅਫ਼ਸਰ ਸੁਮੇਧ ਸੈਣੀ ਸਬੰਧੀ ਮੁਤੱਸਵੀ ਹੁਕਮਰਾਨਾਂ ਅਤੇ ਅਦਾਲਤਾਂ ਵੱਲੋਂ ਅਪਣਾਏ ਜਾ ਰਹੇ ਵਿਤਕਰੇ ਭਰੇ ਪੈਤੜੇ ਉਤੇ ਇਕ ਵੱਖਰੇ ਬਿਆਨ ਵਿਚ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਕਿਹਾ ਕਿ ਇਕ ਪਾਸੇ ਤਾਂ ਹੁਕਮਰਾਨ ਪੰਜਾਬੀ ਅਤੇ ਸਿੱਖ ਨੌਜ਼ਵਾਨਾਂ ਨੂੰ ਕਾਲੇ ਕਾਨੂੰਨਾਂ ਅਧੀਨ ਨਿਸ਼ਾਨਾਂ ਬਣਾਉਣ ਲਈ ਅਤੇ ਉਨ੍ਹਾਂ ਉਤੇ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿਚ ਜ਼ਬਰੀ ਬੰਦੀ ਬਣਾਉਣ ਦੇ ਅਮਲ ਕਰ ਰਹੇ ਹਨ ਅਤੇ ਦੂਜੇ ਪਾਸੇ ਸ੍ਰੀ ਸੈਣੀ ਵਰਗੇ ਪੁਲਿਸ ਅਫ਼ਸਰ ਜੋ ਸੈਕੜਿਆ ਦੀ ਗਿਣਤੀ ਵਿਚ ਸਿੱਖ ਨੌਜ਼ਵਾਨੀ ਨੂੰ ਤਸੱਦਦ ਜੁਲਮ ਕਰਕੇ ਮੌਤ ਦੇ ਮੂੰਹ ਵਿਚ ਧਕੇਲਦੇ ਰਹੇ ਹਨ, ਅਜਿਹੇ ਮਨੁੱਖੀ ਅਧਿਕਾਰਾਂ ਤੇ ਕਾਨੂੰਨਾਂ ਦਾ ਉਲੰਘਣ ਕਰਨ ਵਾਲੇ ਜ਼ਾਬਰ ਪੁਲਿਸ ਅਫ਼ਸਰਾਂ ਨੂੰ ਅਦਾਲਤਾਂ ਵੱਲੋਂ ਕਾਨੂੰਨੀ ਰਾਹਤਾਂ ਵੀ ਦਿੱਤੀਆ ਜਾ ਰਹੀਆ ਹਨ ਅਤੇ ਅਜਿਹੇ ਜ਼ਾਬਰਾਂ ਦੀਆਂ ਜਮਾਨਤਾਂ ਦੇਣ ਦੇ ਢੰਗ ਵੀ ਲੱਭੇ ਜਾ ਰਹੇ ਹਨ। ਜੋ ਇਕੋ ਮੁਲਕ ਵਿਚ ਇਕੋ ਵਿਧਾਨ, ਇਕੋ ਕਾਨੂੰਨ ਹੇਠ ਚੱਲ ਰਹੇ ਪ੍ਰਬੰਧ ਵਿਚ ਸਿੱਖ ਕੌਮ ਨਾਲ ਕੀਤੀਆ ਜਾ ਰਹੀਆ ਜਿਆਦਤੀਆ ਅਤੇ ਹਕੂਮਤੀ ਵਿਤਕਰਿਆ ਨੂੰ ਪ੍ਰਤੱਖ ਕਰਦਾ ਹੈ । ਜਿਸ ਤੋਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੁਚੇਤ ਰਹਿੰਦੇ ਹੋਏ ਆਪਣੇ-ਆਪ ਨੂੰ ਉਥੋਂ ਤੱਕ ਤਿਆਰ ਕਰ ਲੈਣਾ ਚਾਹੀਦਾ ਹੈ ਜਿਸ ਨਾਲ ਅਸੀਂ ਸਭ ਹਿੰਦੂਤਵ ਗੁਲਾਮੀਅਤ ਭਰੇ ਪ੍ਰਬੰਧ ਤੋਂ ਨਿਜਾਤ ਪ੍ਰਾਪਤ ਕਰ ਸਕੀਏ ਅਤੇ ਅਸੀਂ ਸੰਪੂਰਨ ਆਜ਼ਾਦੀ ਅਤੇ ਬਿਨ੍ਹਾਂ ਕਿਸੇ ਡਰ-ਭੈ ਤੋਂ ਅਣਖ ਗੈਰਤ ਦੀ ਜਿੰਦਗੀ ਜੀ ਸਕੀਏ ਅਤੇ ਆਪਣੀ ਮਾਲੀ ਹਾਲਤ ਨੂੰ ਹੋਰ ਪ੍ਰਫੁੱਲਿਤ ਕਰ ਸਕੀਏ ।