ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਲੱਗੇ ਲੋਹੇ ਦੇ ਜੰਗਲਿਆਂ ਦੀ ਥਾਂ ਹੁਣ ਸਟੀਲ ਦੇ ਬਣੇ ਨਵੇਂ ਜੰਗਲੇ ਲਾਏ ਜਾਣ ਦਾ ਕਾਰਜ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸੇਵਾ ਬਾਬਾ ਪ੍ਰਦੀਪ ਸਿੰਘ ਬੋਰੇ ਵਾਲ ਬੱਧਨੀ ਵਾਲਿਆਂ ਨੂੰ ਦਿੱਤੀ ਗਈ ਸੀ। ਅੱਜ ਸੇਵਾ ਦੇ ਤੀਜੇ ਦਿਨ ਦੌਰਾਨ ਜਿੱਥੇ ਸਰੋਵਰ ‘ਚ ਲੱਗੇ ਲੋਹੇ ਦੇ ਜੰਗਲੇ ਪੁੱਟ ਕੇ ਨਵੇਂ ਸਟੀਲ ਦੇ ਬਣੇ ਜੰਗਲੇ ਲਗਾਉਣ ਦਾ ਕਾਰਜ ਚੱਲ ਰਿਹਾ ਹੈ ਉੱਥੇ ਪਰਿਕਰਮਾ ਵਿੱਚ ਪਾਣੀ ਦੇ ਨਿਕਾਸ ਲਈ ਲਾਈ ਲੋਹ ਦੀਆਂ ਜਾਲੀਆਂ ਵੀ ਬਦਲ ਕੇ ਨਵੀਂ ਸਟੀਲ ਦੀਆਂ ਜਾਲੀਆਂ ਲਾਈਆਂ ਗਈਆਂ। ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਰੋਵਰ ਵਿੱਚ ਪਹਿਲਾਂ ਲੱਗੇ ਲੋਹੇ ਦੇ ਜੰਗਲਿਆਂ ਦੀ ਸਾਂਭ-ਸੰਭਾਲ ਲਈ ਕੁਝ ਮਹੀਨਿਆਂ ਬਾਅਦ ਹੀ ਰੰਗ-ਰੋਗਨ ਕਰਨਾ ਪੈਂਦਾ ਸੀ, ਜਿਸ ਕਰਕੇ ਸਟੀਲ ਦੇ ਜੰਗਲੇ ਲਾਏ ਜਾ ਰਹੇ ਹਨ। ਇਨ੍ਹਾਂ ਜੰਗਲਿਆਂ ਅਤੇ ਜਾਲੀ ਲਈ ਕਰੀਬ 15 ਟਨ ਸਟੀਲ ਦੀ ਖਪਤ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਵਾਧੂ ਪਾਣੀ ਦੇ ਨਿਕਾਸ ਅਤੇ ਪ੍ਰਕਰਮਾ ਵਿੱਚੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਸੁਯੋਗ ਪ੍ਰਬੰਧ ਕਰਦਿਆਂ 5 -5 ਹੋਰਸ ਪਾਵਰ ਦੀਆਂ ਦੋ ਸਬਮਰਸੀਬਲ ਮੋਟਰਾਂ ਵੀ ਲਗਾਈਆਂ ਜਾ ਰਹੀਆਂ ਹਨ ਅਤੇ ਪਾਣੀ ਦੇ ਨਿਕਾਸ ਲਈ ਮਹਾਰਾਜਾ ਸ਼ੇਰ ਸਿੰਘ ਗੇਟ ਦੇ ਕੋਲ ਪਰਿਕਰਮਾ ‘ਚ ਅੰਡਰਗਰਾਊਂਡ ਪਾਈਆਂ ਪਾਉਣ ਦਾ ਕਾਰਜ ਵੀ ਤੇਜ਼ੀ ਨਾਲ ਚੱਲ ਰਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਲ ਜਾਂਦੇ ਪੁਲ ਦੇ ਹੇਠਾਂ ਅਤੇ ਸਰੋਵਰ ਵਿਚ ਲੱਗੇ ਸੀਮਿੰਟ ਦੇ ਜੰਗਲਿਆਂ ਨੂੰ ਰੰਗ ਰੋਗਨ ਕਰਨ ਲਈ ਸਫ਼ਾਈ ਦਾ ਕਾਰਜ ਵੀ ਨਾਲੋਂ ਨਾਲ ਚੱਲ ਰਿਹਾ ਹੈ। ਉਕਤ ਸਾਰੀ ਸੇਵਾ ਲਈ ਸਰੋਵਰ ਦੇ ਜਲ ਦਾ ਪੱਧਰ 5- 6ਫੁੱਟ ਤਕ ਘਟਾਇਆ ਗਿਆ ਅਤੇ ਕਾਰਜ ਦੀ ਜਲਦ ਸੰਪੂਰਨਤਾ ਲਈ ਬਾਬਾ ਪ੍ਰਦੀਪ ਸਿੰਘ ਬੋਰੇ ਵਾਲ ਦੀ ਨਿਗਰਾਨੀ ਹੇਠ ਰੋਜ਼ਾਨਾ 30 ਦੇ ਕਰੀਬ ਮਾਹਿਰ ਮਿਸਤਰੀ- ਮਕੈਨਿਕ ਅਤੇ 150 ਦੇ ਕਰੀਬ ਸੰਗਤਾਂ ਪੂਰੀ ਮਿਸਟਰ ਅਤੇ ਉਤਸ਼ਾਹ ਨਾਲ ਸੇਵਾ ਨਿਭਾ ਰਹੀਆਂ ਹਨ। ਅੰਮ੍ਰਿਤ ਸਰੋਵਰ ਦਾ ਜਲ ਪੱਧਰ ਘਟਾਏ ਜਾਣ ਨਾਲ ਸੰਗਤ ਨੂੰ ਘਟਾ ਕਰਨ ‘ਚ ਆ ਰਹੀ ਮੁਸ਼ਕਿਲ ਦੂਰ ਕਰਨ ਲਈ ਕਾਰਸੇਵਾ ਦਾ ਕੰਮ ਬੜੀ ਤੇਜ਼ੀ ਨਾਲ ਸੰਪੂਰਨ ਕਰਨ ਹਿਤ ਜੰਗਲੇ ਅਤੇ ਜਾਲੀਆਂ ਪਹਿਲਾਂ ਤੋਂ ਹੀ ਤਿਆਰ ਕੀਤੀਆਂ ਗਈਆਂ ਸਨ। ਸੇਵਾ ਦਾ ਕਾਰਜ ਜਲਦ ਮੁਕੰਮਲ ਕਰਦਿਆਂ ਸਰੋਵਰ ਦਾ ਜਲ ਪੱਧਰ ਜਲਦ ਪੂਰਾ ਕੀਤਾ ਜਾਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਇਹ ਸਾਰਾ ਕਾਰਜ ਸੰਗਤ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਅਤੇ ਪਰਿਕਰਮਾ ‘ਚ ਕਿਸੇ ਵੀ ਟੋਕਰੀ ਦੀ ਅਣਹੋਂਦ ਪਹਿਲੀ ਵਾਰ ਦੇਖੀ ਗਈ ਹੈ। ਉਮੀਦ ਹੈ ਕਿ ਇਕ ਹਫ਼ਤੇ ਤਕ ਇਹ ਸੇਵਾ ਸੰਪੂਰਨ ਹੋ ਜਾਵੇਗੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ‘ਚ ਲੱਗੇ ਲੋਹੇ ਦੇ ਜੰਗਲਿਆਂ ਦੀ ਥਾਂ ਹੁਣ ਸਟੀਲ ਦੇ ਬਣੇ ਨਵੇਂ ਜੰਗਲੇ ਲਾਏ ਜਾਣ ਦਾ ਕਾਰਜ ‘ਬੜੀ ਤੇਜ਼ੀ ਨਾਲ ਜਾਰੀ
This entry was posted in ਪੰਜਾਬ.