ਫ਼ਤਹਿਗੜ੍ਹ ਸਾਹਿਬ – “ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਬੀਤੇ ਲੰਮੇਂ ਸਮੇਂ ਤੋਂ, ਇੰਡੀਆਂ ਦੇ ਹੁਕਮਰਾਨਾਂ ਵੱਲੋਂ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਮਾਰੂ ਕਾਨੂੰਨਾਂ ਵਿਰੁੱਧ ਅਤੇ ਪੰਜਾਬ ਦੇ ਨਿਵਾਸੀਆਂ ਦੀ ਹਰ ਪੱਖੋ ਬਿਹਤਰੀ ਲਈ ਆਪਣੀਆ ਜ਼ਿੰਮੇਵਾਰੀਆਂ ਨੂੰ ਸੰਜ਼ੀਦਗੀ ਨਾਲ ਸਮਝਦੇ ਹੋਏ ‘ਸੰਭੂ ਕਿਸਾਨ ਮੋਰਚੇ, ਖਨੌਰੀ ਕਿਸਾਨ ਮੋਰਚੇ, ਬਰਨਾਲਾ ਕਿਸਾਨ ਮੋਰਚਾ, ਡੱਬਵਾਲੀ ਕਿਸਾਨ ਮੋਰਚੇ’ ਉਤੇ ਦ੍ਰਿੜਤਾ ਨਾਲ ਕੰਮ ਕਰ ਰਹੇ ਹਨ ਅਤੇ ਪੰਜਾਬ ਨਿਵਾਸੀਆਂ, ਕਿਸਾਨਾਂ, ਮਜ਼ਦੂਰਾਂ, ਟਰਾਸਪੋਰਟਰਾਂ, ਛੋਟੇ ਵਪਾਰੀਆਂ, ਆੜਤੀਆਂ ਆਦਿ ਸਭ ਨੂੰ ਇਨ੍ਹਾਂ ਕਾਨੂੰਨਾਂ ਵਿਰੁੱਧ ਲਾਮਬੰਦ ਕਰਦੇ ਆ ਰਹੇ ਹਨ, ਉਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕੋਈ 50-60 ਦੇ ਕਰੀਬ ਮੈਬਰਾਂ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਤੜਕੇ 1 ਵਜੇ ਅਰਦਾਸ ਕਰਕੇ ਦਿੱਲੀ ਵੱਲ ਨੂੰ ਚਾਲੇ ਪਾਏ ਸਨ, ਉਪਰੰਤ ਸੰਭੂ ਮੋਰਚੇ ਵਾਲੇ ਸਥਾਂਨ ਤੇ ਪਹੁੰਚਕੇ ਉਥੋਂ ਹੋਰ ਸੰਗਤਾਂ ਨੂੰ ਨਾਲ ਲੈਦੇ ਹੋਏ ਬੈਨਰਾਂ, ਝੰਡਿਆਂ ਦੇ ਨਾਲ ਲੈਸ ਹੋ ਕੇ ਪੈਦਲ ਹੀ ਦਿੱਲੀ ਵੱਲ ਨੂੰ ਕੂਚ ਕਰ ਰਹੇ ਸਨ । ਜਦੋਂ 35 ਕਿਲੋਮੀਟਰ ਦਾ ਸਫਰ ਤੈਅ ਕਰਕੇ ਅੰਬਾਲਾ ਕੈਟ ਵਿਖੇ ਪਹੁੰਚੇ ਤਾਂ ਉਥੋਂ ਦੇ ਨਿਜਾਮ, ਪ੍ਰਸ਼ਾਸ਼ਨ ਜਿਨ੍ਹਾਂ ਵਿਚ ਇੰਸਪੈਕਟਰ ਦਵਿੰਦਰ ਸਿੰਘ ਅਤੇ ਡੀ.ਐਸ.ਪੀ ਸ੍ਰੀ ਸੁਭਾਸ ਤੇ ਉਨ੍ਹਾਂ ਦੀ ਪੁਲਿਸ ਫੋਰਸ ਵੱਲੋਂ ਇਨ੍ਹਾਂ ਨੂੰ ਰੋਕ ਲਿਆ ਗਿਆ ਅਤੇ ਅੱਗੇ ਵੱਧਣ ਤੋਂ ਰੋਕ ਕੇ ਇਨ੍ਹਾਂ ਸਾਰੇ ਮੈਬਰਾਂ ਦੀ ਗ੍ਰਿਫ਼ਤਾਰੀ ਕੀਤੀ ਗਈ । ਜੋ ਕਿ ਜਮਹੂਰੀਅਤ ਪੱਖੀ ਕਾਨੂੰਨਾਂ, ਨਿਯਮਾਂ, ਵਿਧਾਨ ਦੀ ਧਾਰਾ 14, 19, 21 ਦੀ ਘੋਰ ਉਲੰਘਣਾ ਕੀਤੀ ਗਈ ਹੈ ਜਿਸ ਅਨੁਸਾਰ ਇਥੋਂ ਦੇ ਸਭ ਨਾਗਰਿਕ ਬਰਾਬਰ ਹਨ ਅਤੇ ਉਹ ਆਪਣੇ ਰੋਸ਼ ਧਰਨੇ, ਰੈਲੀਆਂ ਕਰਨ, ਵਿਚਾਰ ਪ੍ਰਗਟ ਕਰਨ ਦਾ ਹੱਕ ਰੱਖਦੇ ਹਨ, ਨੂੰ ਗ੍ਰਿਫ਼ਤਾਰ ਕਰਨਾ ਜਮਹੂਰੀਅਤ ਕਦਰਾ-ਕੀਮਤਾ ਦਾ ਜਨਾਜ਼ਾਂ ਕੱਢਣ ਦੇ ਤੁੱਲ ਅਮਲ ਕੀਤੇ ਗਏ ਹਨ ਜਿਸਦੀ ਅਸੀਂ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣਾ ਦੀ ਖੱਟਰ ਹਕੂਮਤ ਵੱਲੋਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਵਿਚ ਦਿੱਲੀ ਵੱਲ ਜਮਹੂਰੀਅਤ ਢੰਗ ਨਾਲ ਕੂਚ ਕਰ ਰਹੇ ਕਿਸਾਨ ਯੂਨੀਅਨ ਦੇ ਮੈਬਰਾਂ ਦੀ ਅਤੇ ਦੂਸਰੀਆਂ ਕਿਸਾਨ ਜਥੇਬੰਦੀਆਂ ਦੇ ਮੈਬਰਾਂ ਉਤੇ ਠੰਡ ਦੇ ਦਿਨਾਂ ਵਿਚ ਪਾਣੀ ਦੀਆਂ ਤੋਪਾਂ ਚਲਾਉਣ, ਵੱਡੇ-ਵੱਡੇ ਭਾਰੀ ਪੱਧਰਾਂ ਅਤੇ ਦਰੱਖਤਾਂ ਦੀ ਰੋਕ ਲਗਾਕੇ ਕਿਸਾਨਾਂ ਨੂੰ ਆਪਣੀ ਮੰਜ਼ਿਲ ਵੱਲ ਵੱਧਣ ਤੋਂ ਰੋਕਣ ਅਤੇ ਰੋਸ਼ ਜਾਹਰ ਕਰਨ ਦੇ ਵਿਰੁੱਧ ਕੀਤੀਆ ਕਾਰਵਾਈਆ ਨੂੰ ਅਤਿ ਸ਼ਰਮਨਾਕ ਅਤੇ ਇਥੋਂ ਦੀਆਂ ਵਿਧਾਨਿਕ ਲੀਹਾਂ ਦਾ ਉਲੰਘਣ ਕਰਨ ਕਰਾਰ ਦਿੱਤਾ । ਸ. ਮਾਨ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ. ਕਾਹਨ ਸਿੰਘ ਵਾਲਾ ਦੇ ਸਾਥੀਆਂ ਦੇ ਹੱਥਾਂ ਵਿਚ ਕਿਸਾਨ ਮਾਰੂ ਕਾਨੂੰਨ ਰੱਦ ਕੀਤੇ ਜਾਣ, ਕਿਸਾਨ ਯੂਨੀਅਨਾਂ ਜ਼ਿੰਦਾਬਾਦ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜ਼ਿੰਦਾਬਾਦ, ਖ਼ਾਲਿਸਤਾਨ ਜ਼ਿੰਦਾਬਾਦ ਅਤੇ ਰੋਸ਼ ਵੱਜੋ ਕਾਲੀਆ ਝੰਡੀਆਂ ਫੜੀਆ ਹੋਈਆ ਸਨ । ਜਦੋਂ ਉਪਰੋਕਤ ਡੀ.ਐਸ.ਪੀ ਅਤੇ ਇੰਸਪੈਕਟਰ ਨੇ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੂੰ ਖ਼ਾਲਿਸਤਾਨ ਜ਼ਿੰਦਾਬਾਦ ਦੇ ਝੰਡਿਆਂ ਬਾਰੇ ਸਵਾਲ ਕੀਤਾ ਤਾਂ ਸ. ਕਾਹਨ ਸਿੰਘ ਵਾਲਾ ਨੇ ਬਾਦਲੀਲ ਢੰਗ ਨਾਲ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਅਤੇ ਸੁਪਰੀਮ ਕੋਰਟ, ਹਾਈਕੋਰਟ ਦੇ ਇਸ ਦਿਸ਼ਾ ਵੱਲ ਹੋਏ ਫੈਸਲਿਆ ਦੀ ਕਾਪੀ ਦਿਖਾਉਦੇ ਹੋਏ ਅਤੇ ਜਮਹੂਰੀਅਤ ਤੇ ਅਮਨਮਈ ਢੰਗ ਨਾਲ ਕੀਤੇ ਜਾਣ ਵਾਲੇ ਰੋਸ਼ ਕਰਨ ਦੀ ਇਜਾਜਤ ਨੂੰ ਕਾਨੂੰਨੀ ਪ੍ਰਵਾਨਗੀ ਹੋਣ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੂੰ ਹੀ ਵੱਡਾ ਪ੍ਰਸ਼ਨ ਕਰ ਦਿੱਤਾ ਕਿ ਤੁਸੀਂ ਸਾਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਅਜਿਹਾ ਕਰਨ ਤੋਂ ਨਹੀਂ ਰੋਕ ਸਕਦੇ । ਤਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ਬਰੀ ਗੈਰ-ਕਾਨੂੰਨੀ ਤਰੀਕੇ ਗ੍ਰਿਫ਼ਤਾਰ ਕਰਕੇ ਅਣਦੱਸੀ ਥਾਂ ਤੇ ਭੇਜ ਦਿੱਤਾ । ਜੋ ਹਿਟਲਰੀ ਤਾਨਾਸ਼ਾਹੀ ਹੁਕਮਾਂ ਅਤੇ ਅਮਲਾਂ ਨੂੰ ਪ੍ਰਤੱਖ ਕਰਦੇ ਹਨ । ਜਦੋਂਕਿ ਕਿਸਾਨ ਯੂਨੀਅਨਾਂ ਅਤੇ ਸਾਡੀ ਪਾਰਟੀ ਦੀ ਕਿਸਾਨ ਯੂਨੀਅਨ ਨੇ ਕਿਸੇ ਵੀ ਕਾਨੂੰਨ ਦੀ ਜਾਂ ਸਮਾਜਿਕ ਕਦਰਾਂ-ਕੀਮਤਾਂ ਦੀ ਕੋਈ ਉਲੰਘਣਾ ਨਹੀਂ ਕੀਤੀ ।
ਸ. ਮਾਨ ਨੇ ਦਿੱਲੀ ਹੁਕਮਰਾਨਾਂ ਅਤੇ ਹਰਿਆਣਾ ਦੀ ਮੁਤੱਸਵੀ ਖੱਟਰ ਹਕੂਮਤ ਵੱਲੋਂ ਪੰਜਾਬ ਦੇ ਕਿਸਾਨ ਵਰਗ ਨਾਲ ਮਨੁੱਖਤਾ ਤੇ ਕਾਨੂੰਨ ਵਿਰੋਧੀ ਕੀਤੇ ਗਏ ਅਮਲਾਂ ਉਤੇ ਜੋਰਦਾਰ ਹਮਲਾ ਕਰਦੇ ਹੋਏ ਕਿਹਾ ਕਿ ਮੁਲਕ ਵਿਚ ਜਿੰਨੀਆ ਵੀ ਬੀਜੇਪੀ-ਆਰ.ਐਸ.ਐਸ. ਦੀਆਂ ਸੂਬਿਆਂ ਵਿਚ ਹਕੂਮਤਾਂ ਹਨ, ਉਹ ਸਭ ਫਿਰਕੂ ਸੋਚ ਅਧੀਨ ਕਿਸਾਨਾਂ, ਰੰਘਰੇਟਿਆ, ਆਦਿਵਾਸੀਆਂ, ਕਬੀਲਿਆ, ਪੰਜਾਬੀਆਂ, ਸਿੱਖਾਂ, ਮੁਸਲਮਾਨਾਂ, ਇਸਾਈਆ ਆਦਿ ਨਾਲ ਇੰਝ ਵਿਵਹਾਰ ਕਰ ਰਹੇ ਹਨ ਜਿਸ ਤਰ੍ਹਾਂ ਉਹ ਇਸ ਮੁਲਕ ਦੇ ਨਾਗਰਿਕ ਨਾ ਹੋਣ ਅਤੇ ਉਨ੍ਹਾਂ ਨੂੰ ਵਿਧਾਨਿਕ ਹੱਕਾਂ ਦਾ ਆਨੰਦ ਮਾਨਣ ਜਾਂ ਵਿਧਾਨ ਦੀ ਧਾਰਾ 14 ਰਾਹੀ ਬਰਾਬਰਤਾ ਦੇ ਅਧਿਕਾਰ ਨਾ ਹੋਣ । ਜੇਕਰ ਹੁਕਮਰਾਨ ਹੀ ਆਪਣੇ ਹੀ ਵਿਧਾਨ ਦਾ ਉਲੰਘਣ ਕਰਕੇ ਉਪਰੋਕਤ ਵਰਗਾਂ ਨਾਲ ਜਿਆਦਤੀਆਂ, ਜ਼ਬਰ-ਜੁਲਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਅਮਨਮਈ ਅਤੇ ਜਮਹੂਰੀਅਤ ਢੰਗਾਂ ਰਾਹੀ ਆਪਣੇ ਰੋਸ ਵਿਖਾਵੇ, ਧਰਨੇ ਕਰਨ ਤੋਂ ਜ਼ਬਰੀ ਡੰਡੇ ਦੇ ਜੋਰ ਨਾਲ ਰੋਕਿਆ ਜਾ ਰਿਹਾ ਹੈ, ਤਾਂ ਇਨ੍ਹਾਂ ਵਰਗਾਂ ਤੇ ਕੌਮਾਂ ਨੂੰ ਹਿੰਦੂਤਵ ਹੁਕਮਰਾਨ ਗੁਲਾਮੀਅਤ ਦਾ ਅਹਿਸਾਸ ਕਰਵਾਕੇ ਖੁਦ ਹੀ ਆਪਣੇ ਤੋਂ ਵੱਖਰਾਂ ਕਰਨ ਦੇ ਦੁੱਖਦਾਇਕ ਅਮਲ ਕਰ ਰਹੇ ਹਨ । ਇਹੀ ਵਜਹ ਹੈ ਕਿ ਪੰਜਾਬੀ ਅਤੇ ਸਿੱਖ ਕੌਮ ਆਪਣੀ ਅਣਖ ਇੱਜ਼ਤ ਅਤੇ ਆਪਣੀ ਹੋਂਦ ਨੂੰ ਕਾਇਮ ਰੱਖਣ ਹਿੱਤ ਬੇਸ਼ੱਕ ਕਿਸਾਨ ਮਾਰੂ ਕਾਨੂੰਨਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ । ਪਰ ਅਸਲੀਅਤ ਵਿਚ ਇਹ ਲੜਾਈ ਪੰਜਾਬੀਆਂ ਤੇ ਸਿੱਖ ਕੌਮ ਦੀ ਆਜ਼ਾਦ ਹੋਂਦ ਦੀ ਹੈ ਅਤੇ ਪੰਜਾਬੀ ਤੇ ਸਿੱਖ ਆਪਣੇ ਫੈਸਲੇ ਆਪ ਕਰਨ ਦੀ ਖੁਦਮੁਖਤਿਆਰੀ ਲਈ ਲੜ੍ਹ ਰਹੇ ਹਨ । ਇਸ ਸਮੇਂ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਜੋ ਪਾਰਟੀ ਵੱਲੋਂ ਦਿੱਲੀ ਵਿਖੇ ਇੰਡੀਆਂ ਦੇ ਪ੍ਰੈਜੀਡੈਟ ਨੂੰ ਕਿਸਾਨੀ ਅਤੇ ਪੰਜਾਬੀਆਂ ਦੀ ਅਣਖ ਨਾਲ ਸੰਬੰਧਤ ਯਾਦ-ਪੱਤਰ ਦੇਣਾ ਸੀ, ਉਹ ਅੰਬਾਲਾ ਕੈਟ ਦੇ ਤਹਿਸੀਲਦਾਰ ਰਾਹੀ ਪੈ੍ਰਜੀਡੈਟ ਨੂੰ ਸੌਪਿਆ ਗਿਆ । ਜਿਸ ਨੂੰ ਕਿਸਾਨ ਯੂਨੀਅਨਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਜਾਬ ਸੂਬੇ ਨਾਲ ਸੰਬੰਧਤ ਹੋਰ ਸੰਗਠਨ, ਜਥੇਬੰਦੀਆਂ ਹਰ ਕੀਮਤ ਤੇ ਪ੍ਰਾਪਤ ਕਰਕੇ ਰਹਿਣਗੇ । ਮੋਦੀ ਦੀ ਫਿਰਕੂ ਹਕੂਮਤ ਅਤੇ ਆਗੂਆਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਨੂੰ ਇਸ ਦਿਸ਼ਾ ਵੱਲ ਆਜ਼ਾਦੀ ਪ੍ਰਦਾਨ ਕਰਨੀ ਹੀ ਪਵੇਗੀ । ਉਨ੍ਹਾਂ ਫੋਰੀ ਗੈਰ ਕਾਨੂੰਨੀ ਤਰੀਕੇ ਫੜ੍ਹੇ ਗਏ ਪਾਰਟੀ ਅਤੇ ਕਿਸਾਨ ਆਗੂਆਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ ।
ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਨਾਲ ਸਾਥ ਦੇਣ ਵਾਲਿਆ ਵਿਚ ਲਖਵੀਰ ਸਿੰਘ ਸੌਟੀ ਹਲਕਾ ਇੰਨਚਾਰਜ ਅਮਲੋਹ, ਬਲਜਿੰਦਰ ਸਿੰਘ ਲਸੋਈ ਜਰਨਲ ਸਕੱਤਰ ਕਿਸਾਨ ਯੂਨੀਅਨ, ਕੁਲਵਿੰਦਰ ਸਿੰਘ ਖ਼ਾਲਿਸਤਾਨੀ, ਗੁਰਪ੍ਰੀਤ ਸਿੰਘ ਲਾਡਬਨਜਾਰਾ, ਹਰਦੀਪ ਸਿੰਘ ਸੁਲਤਾਨਪੁਰ ਲੋਧੀ, ਪ੍ਰੀਤਮ ਸਿੰਘ ਭੋਲੀਆ, ਗੁਰਪ੍ਰੀਤ ਸਿੰਘ ਜੰਗੀਆਣਾ, ਮਲਕੀਤ ਸਿੰਘ ਜੰਗੀਆਣਾ, ਲਵਪ੍ਰੀਤ ਸਿੰਘ ਜੰਗੀਆਣਾ, ਲੱਡੂ ਜੰਗੀਆਣਾ ਆਦਿ ਵੱਡੀ ਗਿਣਤੀ ਵਿਚ ਕਿਸਾਨਾਂ ਤੇ ਪਾਰਟੀ ਮੈਬਰਾਂ ਨੇ ਸੰਘਰਸ਼ ਕਰਦੇ ਹੋਏ ਅਤੇ ਦਿੱਲੀ ਵੱਲ ਵੱਧਦੇ ਹੋਏ ਜੈਕਾਰਿਆ ਦੀ ਗੂੰਜ ਵਿਚ ਗ੍ਰਿਫ਼ਤਾਰੀਆਂ ਦਿੱਤੀਆ ।