ਮਹਿਤਾ ਚੌਕ ( ਅੰਮ੍ਰਿਤਸਰ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਵਸ ਮੌਕੇ ਲੰਡਨ ’ਚ ਪੰਜਾਬੀ ਅਤੇ ਸਿੱਖਾਂ ਦੀ ਵੱਡੀ ਆਬਾਦੀ ਵਾਲੇ ਖੇਤਰ ਸਾਊਥਾਲ ਦੀ ਹੈਨਰੀ ਹੈਵਲਾਕ ਰੋਡ ਦਾ ਨਾਮ ਬਦਲ ਕੇ ‘ਗੁਰੂ ਨਾਨਕ ਰੋਡ’ ਰੱਖਣ ਦਾ ਸਵਾਗਤ ਕਰਦਿਆਂ ਜਿੱਥੇ ਲੰਡਨ ਬਾਰੋਅ ਆਫ ਈਲਿੰਗ ਕੌਂਸਲ ਦਾ ਧੰਨਵਾਦ ਕੀਤਾ ਉੱਥੇ ਇਸ ਪ੍ਰਾਪਤੀ ਲਈ ਸਮੂਹ ਪੰਜਾਬੀ ਭਾਈਚਾਰੇ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੰਗਲੋ ਸਿੱਖ ਵਾਰ ਅਤੇ 1857 ਦੇ ਭਾਰਤੀ ਵਿਦਰੋਹ ਨੂੰ ਦਬਾਉਣ ’ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਇੱਕ ਬ੍ਰਿਟਿਸ਼ ਅਧਿਕਾਰੀ ਮੇਜਰ ਜਨਰਲ ਸਰ ਹੈਨਰੀ ਹੈਵਲੋਕ ਦੇ ਨਾਮ ਰੱਖੇ ਗਏ ਹੈਵਲੋਕ ਰੋਡ ’ਤੇ ਭਾਰਤ ਤੋਂ ਬਾਹਰ ਲੰਡਨ ਹੀ ਨਹੀਂ ਸਗੋਂ ਯੂਰਪ ’ਚ ਸਭ ਤੋਂ ਵੱਡਾ ਗੁਰਦੁਆਰਾ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਸਥਿਤ ਹੈ, ਉਕਤ ਰੋਡ ਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਜੀ ਦੇ ਨਾਮ ਰੱਖਣ ਦੇ ਪ੍ਰਸਤਾਵ ਨੂੰ ਕੌਂਸਲ ਵੱਲੋਂ ਮਨਜ਼ੂਰੀ ਦੇਣ ਨਾਲ ਸਿੱਖ ਭਾਈਚਾਰੇ ਦੀ ਚਿਰਾਂ ਤੋਂ ਕੀਤੀ ਜਾ ਰਹੀ ਅਹਿਮ ਮੰਗ ਪੂਰੀ ਹੋਈ ਹੈ। ਦਮਦਮੀ ਟਕਸਾਲ ਮੁਖੀ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਈਲਿੰਗ ਕੌਂਸਲ ਨੇ ਕਿੰਗ ਸਟ੍ਰੀਟ ਅਤੇ ਮੈਰਿਕ ਰੋਡ ਸਾਊਥਾਲ ਦੇ ਵਿਚਕਾਰ ਸੜਕ ਦੇ ਹਿੱਸੇ, ਹੈਵਲੋਕ ਰੋਡ ਦਾ ਨਾਮ ਬਦਲ ਕੇ ਸਿੱਖ ਭਾਈਚਾਰੇ ਨੂੰ ਇਕ ਬਹੁਤ ਵੱਡਾ ਸਨਮਾਨ ਦਿੱਤਾ ਹੈ। ਇਸ ਮੌਕੇ ਉਨ੍ਹਾਂ ਉਕਤ ਕਾਰਜ ਲਈ ਲਾਬਿੰਗ ਕਰਨ ਅਤੇ ਪ੍ਰਸਤਾਵ ਪਾਸ ਕਰਾਉਣ ਲਈ ਦਿਨ ਰਾਤ ਮਿਹਨਤ ਕਰਨ ਵਾਲੇ ਸਥਾਨਕ ਸਿੱਖ ਆਗੂਆਂ, ਪੰਜਾਬੀ ਅਤੇ ਸਿੱਖ ਕੌਂਸਲਰਾਂ ਦੀ ਵੀ ਸ਼ਲਾਘਾ ਕੀਤੀ ਹੈ ਅਤੇ ਕਿਹਾ ਕਿ ਇਹ ਬ੍ਰਿਟਿਸ਼ ਸਿੱਖਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਉਣ ਦਾ ਭਾਵੇਂ ਕਿ ਇਕ ਛੋਟਾ ਜਿਹਾ ਕਦਮ ਹੋਣ ਦੇ ਬਾਵਜੂਦ ਲੰਡਨ ਦੇ ਸਿੱਖ ਭਾਈਚਾਰੇ ਵੱਲੋਂ ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਜੀ ਦੇ 551ਵੇ ਪ੍ਰਕਾਸ਼ ਦਿਵਸ ਮੌਕੇ ਗੁਰੂ ਸਾਹਿਬ ਨੂੰ ਸਿੱਜਦਾ ਕਰਦਿਆਂ ਦਿੱਤਾ ਗਿਆ ਇਕ ਵਡਮੁੱਲਾ ਤੋਹਫ਼ਾ ਹੈ। ਜੋ ਕਿ ਵਿਦੇਸ਼ਾਂ ’ਚ ਸਿੱਖ ਪਛਾਣ ਨੂੰ ਪ੍ਰਫੁਲਿਤ ਕਰਨ ਪ੍ਰਤੀ ਅਹਿਮ ਯੋਗਦਾਨ ਹੈ।
ਸਾਊਥਾਲ ਦੀ ਹੈਵਲਾਕ ਰੋਡ ਦਾ ਨਾਮ ਬਦਲ ਕੇ ‘ਗੁਰੂ ਨਾਨਕ ਰੋਡ’ ਰੱਖਣਾ ਪੰਥ ਲਈ ਵਡਮੁੱਲਾ ਤੋਹਫ਼ਾ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ
This entry was posted in ਪੰਜਾਬ.