ਸਿਆਣਿਆਂ ਦੀ ਕਹਾਵਤ ਹੈ ਕਿ ‘ਜਦ ਵੀ ਬੋਲੀਏ, ਸੋਚ ਕੇ ਬੋਲੀਏ, ਪਰ ਉਹ ਸਾਰਾ ਨਾ ਬੋਲੀਏ ਜੋ ਸੋਚਿਆ ਸੀ’। ਕਿਉਂਕਿ ਕਿਹਾ ਜਾਂਦਾ ਹੈ ਕਿ ਮੂੰਹੋ ਕੱਢੇ ਸ਼ਬਦ, ਮੁੜ ਮੂੰਹ ਵਿੱਚ ਨਹੀਂ ਪੈਂਦੇ। ਸ਼ਾਇਦ ਅੇਸੇ ਕਰਕੇ ਜਿਆਦਾ ਬੋਲਣ ਵਾਲੇ ਨੂੰ, ਜਾਂ ਬਿਨ੍ਹਾਂ ਸੋਚੇ ਸਮਝਦੇ ਬੋਲਣ ਵਾਲੇ ਨੂੰ ਬੜਬੋਲਾ ਕਿਹਾ, ਉਸਦੀ ਕਿਸੇ ਵੀ ਗੱਲ ਨੂੰ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸਦੇ ਉਲਟ ਚੰਗਾ, ਮਿੱਠਾ, ਵਜ਼ਨਦਾਰ ਅਤੇ ਘੱਟ ਬੋਲਣ ਵਾਲੇ ਨੂੰ ਹਰ ਕੋਈ ਸੁਨਣਾ ਪਸੰਦ ਕਰਦਾ ਹੈ।
ਅਜੌਕੇ ਦੌਰ ਵਿੱਚ ਸਾਡੇ ਚੰਗੇ ਮੰਦੇ ਹੋਣ ਦਾ ਅੰਦਾਜ਼ਾ ਜਿਆਦਾਤਰ ਸਾਡੇ ਕੱਪੜੇ ਪਹਿਨਣ ਦੇ ਸਲੀਕੇ ਤੋਂ ਹੀ ਲਗਾ ਲਿਆ ਜਾਂਦਾ ਹੈ ਜਾਂ ਸਾਡੀ ਸੱਭਿਅਤਾ ਵਿੱਚ ਕਿਸੇ ਦੇ ਰੰਗ ਰੂਪ ਤੋਂ ਹੀ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਮਨਮਰਜ਼ੀ ਦੇ ਅੰਦਾਜ਼ੇ ਲਗਾ ਲਏ ਜਾਂਦੇ ਹਨ। ਪਰ ਇਹ ਅਟੱਲ ਸੱਚਾਈ ਹੈ ਕਿ ਜਦੋਂ ਇੱਕ ਵਿਅਕਤੀ ਦੀ ਦੂਜੇ ਵਿਅਕਤੀ ਨਾਲ ਸਾਂਝ ਪੈਂਦੀ ਹੈ ਤਾਂ ਸੱਭ ਤੋਂ ਪਹਿਲਾ ਪ੍ਰਭਾਵ ਸਾਡੀ ਬੋਲ ਬਾਣੀ ਤੋਂ ਪੈਂਦਾ ਹੈ। ਸਾਡੇ ਵੱਲੋਂ ਬੋਲੇ ਜਾ ਰਹੇ ਲਫਜ਼ਾਂ ਅਤੇ ਸਾਡੇ ਲਹਿਜੇ ਤੋਂ ਸਾਡੇ ਸਾਰੇ ਕਿਰਦਾਰ ਦਾ ਅੰਦਾਜ਼ਾ ਝੱਟ ਹੀ ਲੱਗ ਜਾਂਦਾ ਹੈ। ਜੇਕਰ ਸਾਡੇ ਬੋਲ ਸਹੀ ਵੀ ਹਨ ਪਰ ਲਹਿਜੇ ਵਿੱਚ ਮਿਠਾਸ ਨਹੀਂ ਤਾਂ ਅਸੀਂ ਉਹ ਪ੍ਰਭਾਵ ਦੂਜੇ ਵਿਅਕਤੀ ਉੱਤੇ ਨਹੀਂ ਪਾ ਸਕਦੇ ਜੋ ਨਿਮਰਤਾ ਸਹਿਤ ਗੱਲ ਕਰਨ ਵਾਲਾ, ਥੋੜੇ ਸ਼ਬਦਾਂ ਵਿੱਚ ਆਪਣੀ ਗੱਲ ਸਮਝਾਉਣ ਵਾਲਾ ਅਤੇ ਮਿੱਠਾ ਬੋਲਣ ਵਾਲਾ ਵਿਅਕਤੀ ਪਾ ਸਕਦਾ ਹੈ।
ਸਾਡੇ ਜੀਵਨ ਵਿੱਚ ਸ਼ੁੱਭ ਗੁਣਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਇਹਨਾਂ ਗੁਣਾਂ ਵਿੱਚੋਂ ਹੀ ਅਹਿਮ ਗੁਣ ਹੈ ਸਾਡੇ ਬੋਲਾਂ ਦੀ ਮਿਠਾਸ ਭਾਵ ਮਿੱਠਾ ਬੋਲਣਾ। ਜੋ ਸਾਡੇ ਕਿਰਦਾਰ ਨੂੰ ਹੋਰ ਵੀ ਉੱਚਾ ਕਰਦਾ ਹੈ। ਸਾਡੀ ਬੋਲਬਾਣੀ ਤੋਂ ਹੀ ਸਾਡੇ ਖਾਨਦਾਨ, ਸਾਡੀ ਵਿਰਾਸਤ ਅਤੇ ਸੱਭਿਆਚਾਰ ਦੀ ਪਹਿਚਾਣ ਹੁੰਦੀ ਹੈ। ਇੱਥੋਂ ਤੱਕ ਕਿ ਗੁਰਬਾਣੀ ਵਿੱਚ ਵੀ ਮਨੁੱਖ ਨੂੰ ਮਿੱਠਾ ਬੋਲਣ ਦੀ ਤਾਕੀਦ ਕਰਦਿਆ ਗੁਰੂ ਨਾਨਕ ਸਾਹਿਬ ਫੁਰਮਾਉਂਦੇ ਹਨ: ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥ ਅਤੇ ਨਾਲ ਹੀ ਸਮਝਾਉਂਦੇ ਹਨ ਕਿ ਕਿਸੇ ਨੂੰ ਉੱਚਾ ਜਾਂ ਫਿਕਾ ਬੋਲ ਨਹੀਂ ਬੋਲਣਾ ਚਾਹੀਏ, ‘ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ॥ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ॥’ ਭਾਵ ਜੋ ਮਨੁੱਖ ਰੁੱਖੇ ਬਚਨ ਬੋਲਦਾ ਰਹੇ, ਤਾਂ ਉਸ ਦਾ ਤਨ ਅਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਜਿਸ ਕਰਕੇ ਮਨੁੱਖ ਦੇ ਅੰਦਰੋਂ ਪ੍ਰੇਮ ਉੱਡ ਜਾਂਦਾ ਹੈ। ਰੱਖਾ ਬੋਲਣਾ ਵਾਲਾ ਮਨੁੱਖ ਲੋਕਾਂ ਵਿੱਚ ਵੀ ਰੁੱਖਾ ਅਖਵਾਉਂਦਾ ਹੈ ਅਤੇ ਫਿਰ ਲੋਕ ਵੀ ਉਸਨੂੰ ਰੁੱਖੇ ਬਚਨਾਂ ਨਾਲ ਹੀ ਯਾਦ ਕਰਦੇ ਹਨ।
ਪਰ ਯਾਦ ਰਹੇ ਕੇਵਲ ਲੋਕ ਵਿਖਾਵੇ ਖਾਤਰ ਝੂਠੀ ਨਿਮਰਤਾ ਧਾਰਨ ਕਰਨੀ ਜਾਂ ਮਿੱਠਾ ਬੋਲਣਾ ਵੀ ਇੱਕ ਅਪਰਾਧ ਦੀ ਤਰ੍ਹਾਂ ਹੈ। ਅਜਿਹੇ ਲੋਕਾਂ ਵਾਸਤੇ ਹੀ ਲੋਕ ਕਹਾਵਤ ਹੈ, ‘ਮੂੰਹ ਮੇਂ ਰਾਮ ਰਾਮ, ਬਗਲ ਮੇਂ ਛੁਰੀ।’ ਇਸ ਲਈ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਸੰਸਾਰ ਵਿੱਚ ਸਮੂਹ ਜਾਤੀਆਂ ਵਿੱਚੋਂ ਮਨੁੱਖਾ ਜਾਤੀ ਹੀ ਅਜਿਹੀ ਹੈ ਜਿਸ ਕੋਲ ਸ਼ਬਦ ਭੰਡਾਰ ਹੋਣ ਦੇ ਨਾਲ ਪ੍ਰਮਾਤਮਾ ਵੱਲੋਂ ਬੋਲੀ/ਬਾਣੀ ਬਖਸ਼ਿਸ਼ ਕੀਤੀ ਹੈ, ਜਿਸ ਨਾਲ ਉਹ ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਪਾ ਸਕਦਾ ਹੈ। ਗੁਰੂਬਾਣੀ ਸਮਝਾਉਂਦੀ ਹੈ ਕਿ, ‘ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ॥ ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ॥’ ਇਸ ਲਈ ਕੋਸ਼ਿਸ਼ ਕਰੀਏ ਕਿ ਜਦ ਵੀ ਬੋਲੀਏ, ਜਿੱਥੇ ਵੀ ਬੋਲੀਅੇ, ਜਿਸ ਵੀ ਹਾਲਤ ਵਿੱਚ ਬੋਲੀਐ, ਭਲਾ ਬੋਲੀਏ, ਚੰਗਾ ਬੋਲੀਏ ਅਤੇ ਮਿੱਠਾ ਬੋਲੀਏ। ਆਮੀਨ!