ਪਾਪਾਂ ਦਾ ਜਦ ਭਾਰ ਵਧ ਗਿਆ, ਧਰਤੀ ਰੋਈ ਤੇ ਕੁਰਲਾਈ।
‘ਸਰਮ ਧਰਮ ਦੋਇ ਛਪਿ ਖਲੋਏ’ ਕੂੜ ਹਨ੍ਹੇਰੀ ਜੱਗ ਤੇ ਛਾਈ।
ਸੱਜਣ ਬਣ ਜਦ ਲੁੱਟਣ ਲੱਗੇ, ਠੱਗਾਂ ਨੇ ਪਹਿਚਾਣ ਲੁਕਾਈ।
ਧੁੰਧ ਗੁਬਾਰ ਸੀ ਚਾਰੇ ਪਾਸੇ, ਮਾਨੁੱਖਤਾ ਕਿਧਰੇ ਮੁਰਝਾਈ।
ਮੱਸਿਆ ਦੀ ਇਸ ਕਾਲੀ ਰਾਤੇ, ਸਤਿ, ਸੰਤੋਖ ਨਾ ਕਿਤੇ ਸਚਾਈ।
ਪੁੰਨਿਆਂ ਦਾ ਚੰਨ ਬਣ ਤਦ ਆਇਉਂ, ਧੰਨ ਨਾਨਕ ਤੇਰੀ ਵੱਡੀ ਕਮਾਈ।
‘ਜ਼ਾਹਰ ਪੀਰ ਜਗਤ ਗੁਰ ਬਾਬਾ’ ਕਲਯੁੱਗ ਦੇ ਵਿੱਚ ਤਾਰਨ ਆਇਆ।
ਕਰਮ ਕਾਂਡਾਂ ‘ਚੋਂ ਕੱਢ ਲੋਕਾਈ, ਇੱਕ ਓਂਕਾਰ ਦਾ ਸਬਕ ਪੜ੍ਹਾਇਆ।
ਵੀਹ ਰੁਪਏ ਦਾ ਲੰਗਰ ਲਾ ਕੇ, ਸੱਚਾ ਸੌਦਾ ਕਰ ਦਿਖਲਾਇਆ।
ਲਾਲੋ ਦੀ ਰੁੱਖੀ ਦੇ ਵਿਚੋਂ, ਸੁੱਚੀ ਕਿਰਤ ਦਾ ਦੁੱਧ ਵਗਾਇਆ।
ਤੇਰਾਂ ਤੇਰਾਂ ਤੋਲਦਿਆਂ ਹੀ, ਨਿਰੰਕਾਰ ਨਾਲ ਸੁਰਤ ਮਿਲਾਈ।
ਕਾਜ਼ੀ, ਪੰਡਤ ਪੈ ਗਏ ਪੈਰੀਂ, ਧੰਨ ਨਾਨਕ ਤੇਰੀ ਵੱਡੀ ਕਮਾਈ।
ਬਾਣੀ ਵਾਲੇ ਬਾਣ ਜੋ ਤੇਰੇ, ਸਾਡਾ ਰਾਹ ਰੁਸ਼ਨਾਈ ਜਾਂਦੇ।
ਉਨੀਂ ਰਾਗਾਂ ਦੇ ਵਿਚ ਸਾਨੂੰ, ਜੀਵਨ ਜਾਚ ਸਿਖਾਈ ਜਾਂਦੇ।
ਕਾਦਰ ਦੀ ਕੁਦਰਤ ਦੀ ਸੋਝੀ, ਨਾਲੋ ਨਾਲ ਕਰਾਈ ਜਾਂਦੇ।
‘ਨਾਮ ਜਪਣ’ ਤੇ ‘ਵੰਡ ਛਕਣ’ ਦਾ, ਸੁੱਚਾ ਪਾਠ ਪੜ੍ਹਾਈ ਜਾਂਦੇ।
ਮਰਦਾਨੇ ਵੀ ਸਾਥ ਨਿਭਾਇਆ, ਰਾਗਾਂ ਵਿੱਚ ਰਬਾਬ ਵਜਾਈ।
ਧੁਰ ਦਰਗਾਹੋਂ ਆਈ ਬਾਣੀ, ਧੰਨ ਨਾਨਕ ਤੇਰੀ ਵੱਡੀ ਕਮਾਈ।
ਜਿਸ ਔਰਤ ਨੂੰ ਜੁੱਤੀ ਕਹਿ ਕੇ, ਮਰਦਾਂ ਪੈਰਾਂ ਵਿੱਚ ਬਿਠਾਇਆ।
‘ਸੋ ਕਿਉ ਮੰਦਾ ਆਖੀਐ’ ਕਹਿ ਕੇ, ਉਸ ਨਾਰੀ ਨੂੰ ਹੈ ਵਡਿਆਇਆ।
ਆਪਣੇ ਹੱਥੀਂ ਹਲ ਚਲਾ ਕੇ, ਕਿਰਤ ਕਰਨ ਦਾ ਵੱਲ ਸਿਖਾਇਆ।
ਸੇਵਕ ਦੀ ਸੇਵਾ ਤੋਂ ਤੁੱਠ ਕੇ, ਉਸ ਨੂੰ ਆਪਣਾ ਅੰਗ ਬਣਾਇਆ।
ਬਾਬਰ ਨੂੰ ਵੀ ਜਾਬਰ ਕਹਿ ਕੇ, ਜ਼ੁਲਮ ਜਬਰ ਨੂੰ ਤੂੰ ਠੱਲ੍ਹ ਪਾਈ।
ਤੇਰੇ ਜਿਹਾ ਦਲੇਰ ਨਾ ਕੋਈ, ਧੰਨ ਨਾਨਕ ਤੇਰੀ ਵੱਡੀ ਕਮਾਈ।
ਹਿੰਦੂ ਮੁਸਲਿਮ ਦੋਹਾਂ ਦੇ ਵਿੱਚ, ਤੈਨੂੰ ਫਰਕ ਰਤਾ ਨਾ ਕੋਈ।
ਦੋਹਾਂ ਨੂੰ ਹੀ ਬਾਣੀ ਆਖੇ, ਸ਼ੁਭ ਅਮਲਾਂ ਦੇ ਬਾਝੋਂ ਰੋਈ।
ਜਾਤ ਪਾਤ ਦਾ ਭੇਦ ਮਿਟਾ ਕੇ, ਸ੍ਰਿਸ਼ਟੀ ਇੱਕੋ ਸੂਤ ਪਰੋਈ।
ਸਤਿ- ਸੰਗਤ ਦਾ ਫੜ ਕੇ ਚੱਪੂ, ਭਵ ਸਾਗਰ ਨੂੰ ਤਰ ਲਏ ਕੋਈ।
ਕੌਡੇ ਵਰਗੇ ਰਾਖਸ਼ ਤਾਰੇ, ਜੋਗੀਆਂ ਸੰਗ ਵੀ ਗੋਸ਼ਟਿ ਰਚਾਈ।
ਸਿੱਧਾਂ ਨੇ ਵੀ ਕਹਿ ਦਿੱਤਾ ਸੀ, ਧੰਨ ਨਾਨਕ ਤੇਰੀ ਵੱਡੀ ਕਮਾਈ।
ਨਾ ਉੱਚਾ ਨਾ ਨੀਵਾਂ ਕੋਈ, ਨਾਨਕ- ਬਾਣੀ ਦਏ ਦੁਹਾਈ।
‘ਸਭਨਾ ਜੀਆ ਕਾ ਇੱਕ ਦਾਤਾ’ ਸਭ ਵਿੱਚ ਇੱਕੋ ਜੋਤਿ ਟਿਕਾਈ।
ਪਵਣ ਗੁਰੂ ਤੇ ਪਿਤਾ ਹੈ ਪਾਣੀ, ਧਰਤੀ ਮਾਂ ਦੇ ਹਾਂ ਕਰਜ਼ਾਈ।
ਜਪੁਜੀ ਸਾਹਿਬ ਦੀ ਬਾਣੀ ਆਖੇ, ਚੱਲਣਾ ਪੈਣਾ ਹੁਕਮ ਰਜ਼ਾਈ।
ਸੱਚ ਦਾ ਸੂਰਜ ਚੜ੍ਹ ਕੇ ਆਇਆ, ਚਾਰੇ ਚੱਕ ਕੀਤੀ ਰੁਸ਼ਨਾਈ।
‘ਦੀਸ਼’ ਨਹੀਂ ਕੁੱਲ ਆਲਮ ਆਖੇ, ਧੰਨ ਨਾਨਕ ਤੇਰੀ ਵੱਡੀ ਕਮਾਈ।