ਲੁਧਿਆਣਾ : ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਵੱਲੋਂ ਸੰਤੋਖ ਸਿੰਘ ਧੀਰ ਜਨਮ ਸ਼ਤਾਬਦੀ ਸਮਾਗਮ ਪੰਜਾਬੀ ਭਵਨ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਧੀਰ ਸਾਹਿਬ ਦੀ ਵੱਡੀ ਬੇਟੀ ਨਵਰੂਪ ਕੌਰ, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਭੀਮ ਸਿੰਘ ਚੇਅਰਮੈਨ ਕਰਤਾਰ ਸਿੰਘ ਸਰਾਭਾ ਚੇਅਰ, ਡਾ. ਸੁਖਪਾਲ ਸਿੰਘ ਪੀ.ਏ.ਯੂ. ਦੇ ਉੱਘੇ ਅਰਥ ਸ਼ਾਸਤਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਅਤੇ ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਤਰਲੋਚਨ ਝਾਂਡੇ ਸ਼ਾਮਲ ਹੋਏ।
ਸੰਤੋਖ ਸਿੰਘ ਧੀਰ ਜੀ ਦੇ ਪਰਿਵਾਰ ਵੱਲੋਂ ਦਵਿੰਦਰ ਜੀਤ ਸਿੰਘ ਦਰਸ਼ੀ, ਨਵਤੇਜ ਕੌਰ ਦਰਸ਼ੀ ਬੱਚਿਆਂ ਸਮੇਤ, ਧੀਰ ਸਾਹਿਬ ਦੇ ਭਤੀਜੇ ਰੰਜੀਵਨ ਅਤੇ ਸੰਜੀਵਨ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸੰਜੀਵਨ ਪ੍ਰਧਾਨ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ ਪੰਜਾਬ ਨੇ ਪਰਿਵਾਰਕ ਸਾਂਝਾਂ ਯਾਦ ਕਰਦਿਆਂ ਸਮਾਗਮ ਦੀ ਸ਼ੁਰੂਆਤ ਕੀਤੀ। ਡਾ. ਭੀਮ ਇੰਦਰ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸੰਤੋਖ ਸਿੰਘ ਧੀਰ ਜਿੱਥੇ ਕਲਾਤਮਕ ਸਾਹਿਤਕਾਰ ਸਨ ਉਥੇ ਸਿਆਸਤ ਅਤੇ ਆਰਥਿਕਤਾ ਦੇ ਨੁਕਤਿਆਂ ਸੰਬੰਧੀ ਪੱਕੀ ਪੀਡੀ ਸਮਝ ਰੱਖਦੇ ਸਨ। ਸਾਨੂੰ ਉਨ੍ਹਾਂ ਦੀਆਂ ਲਿਖਤਾਂ ਤੋਂ ਮੌਜੂਦਾ ਖੇਤੀਬਾੜੀ ਸੰਘਰਸ਼ ਸੰਬੰਧੀ ਰੌਸ਼ਨੀ ਲੈਣੀ ਚਾਹੀਦੀ ਹੈ। ਡਾ. ਸੁਖਪਾਲ ਸਿੰਘ ਨੇ ਆਪਣੀ ਗੱਲ ਕਰਦਿਆਂ ਧੀਰ ਸਾਹਿਬ ਦੇ ਪੇਂਡੂ ਸਰੋਕਾਰਾਂ ਦੇ ਮੱਦੇ ਨਜ਼ਰ ਮੌਜੂਦਾ ਜਰਾਇਤੀ ਸੰਕਟ ਸੰਬੰਧੀ ਵਿਸਤ੍ਰਿਤ ਵਿਖਿਆਨ ਕੀਤਾ। ਉਨ੍ਹਾਂ ਨੁਕਤਾ ਉਭਾਰਿਆ ਕਿ ਦਰ ਅਸਲ ਅਸੀਂ ਆਜ਼ਾਦੀ ਤੋਂ ਬਾਅਦ ਦਿਸ਼ਾ ਹੀਨ ਵਿਕਾਸ ਦੇ ਰਾਹ ’ਤੇ ਤੁਰ ਪਏ ਹਾਂ ਜਿਸ ਕਰਕੇ ਪੰਜਾਬ ਖੁਦਕੁਸ਼ੀਆਂ ਤੋਂ ਲੈ ਕੇ ਮੌਜੂਦਾ ਖੇਤੀ ਕਾਨੂੰਨਾਂ ਨੇ ਸਾਨੂੰ ਘੋਰ ਸੰਕਟ ਵਿਚ ਸੁੱਟ ਦਿੱਤਾ ਹੈ। ਉਨ੍ਹਾਂ ਆਖਿਆ ਕਿ ਘੱਟੋ ਘੱਟ ਸਮਰਥਨ ਮੁੱਲ ਬਿਹਾਰ ਵਿਚ 2006 ਨੂੰ ਖਤਮ ਕਰ ਦਿੱਤਾ ਗਿਆ ਸੀ ਪਰ ਉਥੋਂ ਦੀ ਆਰਥਿਕਤਾ ਕੁਝ ਸਮੇਂ ਤੋਂ ਬਾਅਦ ਹੋਰ ਵਧੇਰੇ ਨਿੱਘਰ ਗਈ ਸੋ ਖੇਤੀ ਕਾਨੂੰਨਾਂ ਦੇ ਹੱਕ ਵਿਚ ਕੀਤਾ ਜਾ ਰਿਹਾ ਪ੍ਰਚਾਰ ਝੂਠਾ ਹੈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਧੀਰ ਸਾਹਿਬ ਦੀਆਂ ਕਹਾਣੀਆਂ ਦੇ ਹਵਾਲੇ ਨਾਲ ਵਿਆਖਿਆ ਕੀਤੀ ਕਿ ਕਿਵੇਂ ਧੀਰ ਸਾਹਿਬ ਚਿੰਨ੍ਹਾਤਮਕ ਰੂਪ ਵਿਚ ਸਾਡੀ ਸਮਾਜਿਕ, ਆਰਥਿਕ ਹਾਲਤ ਦੇ ਗੰਭੀਰ ਮੋੜਾਂ ਨੂੰ ਸਮਝਦੇ ਸਨ। ਸਾਨੂੰ ਦੇਸ਼ ਦੇ ਆਰਥਿਕ ਸੰਕਟਾਂ ਨੂੰ ਸਮਝਦਿਆਂ ਧੀਰ ਸਾਹਿਬ ਦੀਆਂ ਲਿਖਤਾਂ ਦਾ ਮੁੜ ਅਧਿਐਨ ਕਰਨਾ ਚਾਹੀਦਾ ਹੈ। ਉਨ੍ਹਾਂ ਮਤਾ ਪੇਸ਼ ਕਰਕੇ ਸਰਬਸੰਮਤੀ ਨਾਲ ਪਾਸ ਕਰਵਾਇਆ ਕਿ ਕੇਂਦਰ ਸਰਕਾਰ ਵੱਲੋਂ ਲੇਖਕਾਂ, ਬੁੱਧੀਜੀਵੀਆਂ, ਪੱਤਰਕਾਰਾਂ ਅਤੇ ਸਮਾਜ ਸੇਵੀ ਸ਼ਖ਼ਸੀਅਤਾਂ ਜਿਨ੍ਹਾਂ ’ਤੇ ਨਜ਼ਾਇਜ਼ ਕੇਸ ਪਾਏ ਗਏ ਹਨ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਕੁਲਦੀਪ ਸਿੰਘ ਬੇਦੀ ਮੀਤ ਪ੍ਰਧਾਨ ਹੋਰਾਂ ਨੇ ਧੀਰ ਸਾਹਿਬ ਦੀ ਅਖ਼ਬਾਰਾਂ ਵਿਖ ਲਿਖਤਾਂ ਛਪਣ ਛਪਾਉਣ ਦੀ ਗੰਭੀਰਤਾ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਲਿਖਤਾਂ ਨਾਲ ਸਾਂਝ ਪਾਈ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਸ੍ਰੀ ਦਰਸ਼ਨ ਬੁੱਟਰ ਨੇ ਧੀਰ ਸਾਹਿਬ ਨੂੰ ਯਾਦ ਕਰਦਿਆਂ ਕਿਸਾਨ ਸੰਘਰਸ਼ ਦੀ ਪੁਰਜ਼ੋਰ ਹਿਮਾਇਤ ਕਰਨ ਦੀ ਅਪੀਲ ਕੀਤੀ। ਪ੍ਰਧਾਨਕੀ ਭਾਸ਼ਨ ਦਿੰਦਿਆਂ ਸ੍ਰੀ ਸੁਰਿੰਦਰ ਕੈਲੈ ਨੇ ਆਪਣੇ ਕਿਸਾਨੀ ਜੀਵਨ ਅਤੇ ਧੀਰ ਸਾਹਿਬ ਨਾਲ ਪੱਤਰਕਾਰਤਾ ਦੀ ਸਾਂਝ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਉਨ੍ਹਾਂ ਸਮੁੱਚੇ ਸਮਾਗਮ ਲਈ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦਾ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੇ ਕਨਵੀਨਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇੇ ਮੰਚ ਸੰਚਾਲਨ ਕਰਦਿਆਂ ਧੀਰ ਸਾਹਿਬ ਦੇ ਜੀਵਨ ਅਤੇ ਰਚਨਾ ਬਾਰੇ ਭਾਵਪੂਰਤ ਟਿਪਣੀਆਂ ਕੀਤੀਆਂ ਅਤੇ ਤਰਲੋਚਨ ਝਾਂਡੇ ਨੇ ਆਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਕੱਤਰ ਸ. ਕਰਮ ਸਿੰਘ ਵਕੀਲ, ਹਰਦੇਵ ਸਿੰਘ ਗਰੇਵਾਲ, ਭਗਵੰਤ ਰਸੂਲਪੁਰੀ, ਜਨਮੇਜਾ ਸਿੰਘ ਜੌਹਲ, ਬਲਬੀਰ ਕੌਰ ਬਾਂਸਲ, ਸੁਰਿੰਦਰ ਦੀਪ, ਸੁਖਚਰਨਜੀਤ ਕੌਰ ਗਿੱਲ, ਪਰਮਜੀਤ ਕੌਰ ਮਹਿਕ, ਕੁਲਵਿੰਦਰ ਕਿਰਨ, ਕਲਮਪ੍ਰੀਤ ਕੌਰ, ਜਗਪ੍ਰੀਤ ਕੌਰ, ਦਲਵੀਰ ਲੁਧਿਆਣਵੀ, ਹਰਬੰਸ ਮਾਲਵਾ, ਅਮਰਜੀਤ ਸ਼ੇਰਪੁਰੀ, ਰਾਜਦੀਪ ਤੂਰ, ਗੁਰਸੇਵਕ ਸਿੰਘ ਢਿੱਲੋਂ, ਤਰਨ ਬੱਲ, ਸਰਬਜੀਤ ਸਿੰਘ, ਸਰਬਜੀਤ ਸਿੰਘ ਵਿਰਦੀ, ਸੋਹਨ ਸਿੰਘ, ਕਸਤੂਰੀ ਲਾਲ, ਰਾਜਪਾਲ ਵਰਮਾ, ਇਕਬਾਲ ਸਿੰਘ, ਅਜਮੇਰ ਸਿੰਘ, ਪਰਵੀਨ ਕੁਮਾਰ ਛਾਬੜਾ, ਸੁਰਜੀਤ ਸਿੰਘ ਜੀਤ, ਇੰਜ. ਸੁਰਜਨ ਸਿੰਘ, ਸੁਰਿੰਦਰ ਸਿੰਘ ਪੰਨੂੰ, ਗੁਰਵਿੰਦਰ ਅਮਲ ਰਾਜਪੁਰਾ, ਜਸਵਿੰਦਰ ਸਿੰਘ ਰਾਜਪੁਰਾ, ਮਾਸਟਰ ਭਜਨ ਸਿੰਘ, ਹਰਜਿੰਦਰ ਸਿੰਘ ਭੰਗੂ ਸਿਰਸਾ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਸਰੋਤੇ ਹਾਜ਼ਰ ਸਨ।