ਨਨਕਾਣਾ ਸਾਹਿਬ – ਭਾਰਤੀ ਕਿਸਾਨ ਵਿਰੋਧੀ ਨਰਿੰਦਰ ਮੋਦੀ ਦੇ ਕਿਸਾਨ ਮਾਰੂ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ‘ਚ ਜਾਰੀ ਕਿਸਾਨਾਂ ਦੇ ਪ੍ਰਦਰਸ਼ਨਾਂ ਦੇ ਹੱਕ ਵਿੱਚ ਅੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਜਨਮ ਅਸਥਾਨ ਵਿਖੇ ਕਿਸਾਨ ਸੰਘਰਸ਼ ਦੀ ਚੜ੍ਹਦੀ ਕਲ੍ਹਾ ਅਤੇ ਫ਼ਤਹਿਯਾਬੀ ਲਈ ਸੋਦਰੁ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਸ੍ਰੀ ਅਖੰਡ ਪਾਠ ਆਰੰਭ ਕੀਤੇ ਗਏ। ਗ੍ਰੰਥੀ ਭਾਈ ਪ੍ਰੇਮ ਸਿੰਘ ਨੇ ਪਾਕਿਸਤਾਨ ਦੀਆਂ ਸਾਰੀਆਂ ਸੰਗਤਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਅੱਗੇ ਕਿਸਾਨਾਂ ਦੇ ਅੰਗ-ਸੰਗ ਰਹਿ ਕੇ ਉਨ੍ਹਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਅਰਦਾਸ ਕੀਤੀ।
ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਉਪਰੰਤ ਸ੍ਰ: ਜਨਮ ਸਿੰਘ ਸੰਪਾਦਕ ‘ਸਰਬੱਤ ਦਾ ਭਲਾ’ ਨੇ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਮਾਇਤ ਕਰਨ ਦੀ ਸਲਾਘਾ ਕੀਤੀ ਅਤੇ ਕਿਹਾ ਦਿੱਲੀ ਦੀਆਂ ਸੜਕਾਂ ‘ਤੇ ਠੰਢੀਆਂ ਰਾਤਾਂ ਵਿੱਚ ਆਪਣੇ ਹੱਕ, ਸੱਚ ਤੇ ਇਨਸਾਫ਼ ਲਈ ਜੂਝ ਰਹੇ ਪੰਜਾਬੀਆਂ ਦੀ ਤੰਦਰੁਸਤੀ, ਕਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਅਤੇ ਉਂਨ੍ਹਾਂ ਦੀ ਫ਼ਤਹਿਯਾਬੀ ਦੀ ਕਾਮਨਾ ਕਰਨੀ ਹਰ ਮਨੁੱਖ ਮਾਤਰ ਦਾ ਫ਼ਰਜ਼ ਹੈ। ਸਾਂਤਮਈ ਕਿਸਾਨਾਂ ਉੱਪਰ ਪੁਲਿਸ ਦੇ ਹਮਲਿਆਂ ਤੋਂ ਸਾਫ ਸਪੱਸ਼ਟ ਹੁੰਦਾ ਹੈ ਕਿ ਮੋਦੀ ਸਰਕਾਰ ਕਿਰਸਾਨੀ ਪ੍ਰਤੀ ਸੁਹਿਰਦ ਨਹੀਂ ਅਤੇ ਨਾ ਹੀ ਇਮਾਨਦਾਰੀ ਵਾਲਾ ਕੋਈ ਰਾਹ ਕੱਢਣਾ ਚਾਹੁੰਦੀ ਹੈ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਟੋਨੀਓ ਗੁਟੇਰਸ ਦੀ ਭਾਰਤ ਦੇ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਨਾਹਰਾ ਇਸ ਗੱਲ ਦਾ ਵੀ ਸਬੂਤ ਹੈ ਕਿ ਜੇ ਕਿਰਸਾਨੀ ਵਾਲਾ ਮਾਮਲਾ ਸਰਕਾਰ ਨੇ ਜਲਦ ਹੱਲ ਨਾ ਕੀਤਾ ਤਾਂ ਆਉਣ ਵਾਲੇ ਦਿਨ ਭਾਰਤ ਦੇਸ਼ ਲਈ ਮੰਦਭਾਗੇ ਹੋਣਗੇ।
ਪੀ.ਐਸ.ਜੀ.ਪੀ.ਸੀ ਦੇ ਜਰਨਲ ਸਕੱਤਰ ਸਰਦਾਰ ਅਮੀਰ ਸਿੰਘ ਜੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੰਗਲਵਾਰ ੦੮ ਦਸੰਬਰ ੨੦੨੦ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਦਿੱਲੀ ਵਿੱਚ ਚਲ ਰਹੇ ਕਿਸਾਨ ਸੰਘਰਸ਼ ਜਿਸ ਨੂੰ ਭਾਰਤੀ ਮੀਡੀਆ ਖਾਲਿਸਤਾਨੀ ਜਾਂ ਕੋਈ ਹੋਰ ਫਿਰਕਾਪ੍ਰਸਤੀ ਵਾਲਾ ਠੱਪਾ ਲਾਉਣਾ ਚਾਹੁੰਦਾ ਹੈ ਅਸੀਂ ਹਰਗਿਜ਼ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਾਕਿਸਤਾਨ ਦੀਆਂ ਸਮੂਹ ਸੰਗਤਾਂ ਕਿਰਸਾਨ ਸੰਘਰਸ਼ ਨਾਲ ਹਰ ਘੜੀ ਨਾਲ ਮੋਢਾ ਡਾਹ ਕੇ ਖੜੇ ਹਾਂ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਿਨ ਰਾਤ ਅਰਦਾਸਾਂ ਕਰ ਰਹੇ ਹਾਂ। ਉਨ੍ਹਾਂ ਦੱਸਿਆ ਭੋਗ ਤੋਂ ਉਪਰੰਤ ਕਥਾ ਕੀਰਤਨ ਅਤੇ ਵਿਦਵਾਨ ਬੁਲਾਰੇ ਸੰਗਤਾਂ ਨਾਲ ਖੁਲ੍ਹ ਕੇ ਇਸ ਵਿਸ਼ੇ ਤੇ ਵੀਚਾਰਾਂ ਕਰਨਗੇ ਅਤੇ ਭਾਰਤ ਦੀਆਂ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਕਿਸਾਨਾਂ ਦੇ ਹੱਕ ‘ਚ ਵਿਸ਼ਾਲ ਰੋਸ਼ ਮਾਰਚ ਕੱਢਿਆ ਜਾਵੇਗਾ।