ਕਿਸਾਨਾਂ,ਕਿਰਤੀਆਂ, ਵਪਾਰੀਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਦੀ ਸ਼ਮੂਲੀਅਤ ਵਾਲੇ ਪੰਜਾਬ ਵਿਚੋਂ ਉਠੇ ਅਤੇ ਦੇਸ ਭਰ ਵਿਚ ਫੈਲੇ ਕਿਸਾਨ ਤੇ ਲੋਕ ਮਾਰੂ ਕਾਲੇ ਕਾਨੂੰਨਾ ਵਿਰੁੱਧ ਅੰਦੋਲਨ ਦੇ ਲੋਕ-ਲਹਿਰ ਬਣਨ ਉਪਰ ਤੱਸਲੀ ਅਤੇ ਸਕੂਨ ਪ੍ਰਗਟ ਕਰਦੇ ਦੇਸ ਭਰ ਦੇ ਇਪਟਾ ਕਾਰਕੁਨਾ, ਕਲਾਕਾਰਾਂ ਤੇ ਰੰਗਕਰਮੀਆਂ ਨੇ ਕਿਹਾ ਕਿ ਇਸ ਲੋਕ-ਏਕੇ ਤੇ ਲੋਕ-ਸੰਘਰਸ਼ ਨੇ ਹਾਕਿਮ ਦੀਆਂ ਲੋਕ-ਮਾਰੂ ਨੀਤੀ ਵਿਰੁੱਧ ਸਾਰੇ ਸੰਸਾਰ ਦਾ ਧਿਆਨ ਖਿਚਿਆ ਹੈ ਜੋ ਭਾਰਤ ਦੇ ਨਾਲ ਨਾਲ ਸਾਰੇ ਸੰਸਾਰ ਵਿਚ ਹਾਂਅ-ਪੱਖੀ ਤਬਦੀਲੀ ਦਾ ਸੰਕੇਤ ਹੈ।ਇਸ ਅੰਦੋਲਨ ਨੇ ਭਾਰਤੀਆਂ ਨੂੰ ਇਕ ਉਦੇਸ਼ ਤੇ ਨਿਸ਼ਾਨਾ ਦੇ ਦਿੱਤਾ ਹੈ।
ਪੰਜਾਬ, ਛੱਤੀਸਗੜ, ਚੰਡੀਗੜ੍ਹ, ਯੂ.ਪੀ., ਬਿਹਾਰ, ਮੱਧ ਪ੍ਰਦੇਸ, ਝਾਰਕੰਡ ਤੇ ਕੇਰਲਾ ਦੀ ਸ਼ਮੂਲੀਅਤ ਵਾਲੀ ਇਪਟਾ ਦੀ ਰਾਸ਼ਟਰੀ ਮੀਟਿੰਗ ਵਿਚ ਇਪਟਾ ਦੇ ਕਾਰਕੁਨਾ ਰਾਕੇਸ਼ ਵੇਦਾ, ਮਨੀਸ਼ ਸ੍ਰੀਵਾਸਤਵ, ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਵੱਕੀ ਮਹੇਸਰੀ, ਜੈ ਮਹਿਤਾ, ਫ਼ਿਰੋਜ਼ ਅਸ਼ਰਫ ਖਾਨ,ਵਨੀਤ, ਨਵੀਨ ਕੁਮਾਰ, ਨਵੀਨ ਨੀਰਜ, ਊਸ਼ਾ ਅਥਲੈ, ਮਨੀਮੈ ਮੁਖਰਜੀ, ਸ਼ਲੈਦਰ ਕੁਮਾਰ, ਨਾਸਿਰ ਅਲੀ, ਆਰ.ਜੇ. ਕੁਮਾਰ, ਸੰਤੋਸ਼ ਦਏ, ਰਵੀ ਸ਼ੰਕਰ, ਦਲੀਪ ਰਘੁਵੰਸ਼ੀ ਨੇ ਕਿਹਾ ਕਿ ਦੇਸ਼ ਭਰ ਦੇ ਕਿਸਾਨਾ ਵੱਲੋਂ ਕੇਂਦਰ ਦੇ ਹਾਕਿਮਾਂ ਵੱਲੋਂ ਪਾਸ ਕੀਤੇ ਤਿੰਨ ਕਾਲੇ ਖੇਤੀ ਕਾਨੂੰਨਾ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਤੇ ਹੱਕ-ਸੱਚ ਦੀ ਲੜਾਈ ਵਿਚ ਇਪਟਾ ਦੀ ਨੈਸ਼ਨਲ ਕਮੇਟੀ ਨੇ ‘ਕਲਾ ਲੋਕਾਂ ਲਈ’ ਦੇ ਆਪਣੇ ਸਿਧਾਂਤ ਅਤੇ ਸੋਚ ਮੁਤਾਬਿਕ ਕਿਸਾਨ ਜੱਥੇਬੰਦੀਆਂ ਵੱਲੋਂ ਵੱਲੋਂ ਅੱਠ ਦਸੰਬਰ ਨੂੰ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਕੀਤਾ ਐਲਾਨ ਕਰਦੇ ਕਿਹਾ ਕਿ ਦੇਸ਼ ਭਰ ਵਿਚ ਇਪਟਾ ਦੇ ਕਾਰਕੁਨਾ, ਕਲਾਕਾਰਾਂ ਤੇ ਰੰਗਕਰਮੀਆਂ ਵੱਲੋਂ ਸ਼ਮੂਲੀਅਤ ਕਰਕੇ ਕਿਸਾਨਾ ਦੀ ਅਵਾਜ਼ ਵਿਚ ਆਪਣੀ ਅਵਾਜ਼ ਸ਼ਾਮਿਲ ਕੀਤੀ ਜਾਵੇਗੀ।