ਨਵੀਂ ਦਿੱਲੀ – ਕੇਂਦਰ ਸਰਕਾਰ ਵੱਲੋਂ ਖੇਤੀ ਕਿਸਾਨ ਬਿੱਲਾਂ ਨੂੰ ਰੱਦ ਕਰਨ ਸਬੰਧੀ ਚੱਲੀਆਂ ਜਾ ਰਹੀਆਂ ਘੱਟੀਆ ਚਾਲਾਂ ਤੋਂ ਦੁੱਖੀ ਹੋ ਕੇ ਦੇਸ਼ਭਰ ਦੇ ਕਿਸਾਨਾਂ ਨੇ 8 ਦਿਸੰਬਰ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਕਿਸਾਨ ਜੱਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ । ਦੇਸ਼ ਦੇ ਤਕਰੀਬਨ ਸਾਰੇ ਵਰਗਾਂ ਅਤੇ ਬਹੁਤ ਸਾਰੇ ਰਾਜਨੀਤਕ ਦਲਾਂ ਵੱਲੋਂ ਕਿਸਾਨਾਂ ਦੇ ਇਸ ਬੰਦ ਨੂੰ ਸੰਪੂਰਨ ਸਮੱਰਥਨ ਦਿੱਤਾ ਜਾ ਰਿਹਾ ਹੈ। ਬੀਜੇਪੀ ਨੂੰ ਛੱਡ ਕੇ ਦੇਸ਼ ਦੀ ਜਨਤਾ ਧਰਨੇ ਤੇ ਬੈਠੇ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ।
ਕਿਸਾਨ ਜੱਥੇਬੰਦੀਆਂ ਵੱਲੋਂ 8 ਦਿਸੰਬਰ ਨੂੰ ‘ਭਾਰਤ ਬੰਦ’ ਦੇ ਦੌਰਾਨ ਸਾਰੇ ਕਾਰੋਬਾਰ ਬੰਦ ਰਹਿਣਗੇ। ਐਂਬੂਲੈਂਸ ਅਤੇ ਵਿਆਹ-ਸ਼ਾਦੀਆਂ ਦੀਆਂ ਗੱਡੀਆਂ ਨੂੰ ਬੰਦ ਤੋਂ ਛੋਟ ਦਿੱਤੀ ਜਾਵੇਗੀ। ਪਿੱਛਲੇ 11 ਦਿਨਾਂ ਤੋਂ ਵੱਖ-ਵੱਖ ਰਾਜਾਂ ਤੋਂ ਆਏ ਕਿਸਾਨਾਂ ਨੇ ਦਿੱਲੀ ਦੇ ਬਾਡਰਾਂ ਨੂੰ ਬਲਾਕ ਕੀਤਾ ਹੋਇਆ ਹੈ। ਲੱਖਾਂ ਦੀ ਸੰਖਿਆ ਵਿੱਚ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋਏ ਹਨ। ਪੰਜਾਬ ਦੇ ਕਿਸਾਨ ਇਸ ਵਿਰੋਧ ਪ੍ਰਦਰਸ਼ਨ ਵਿੱਚ ਭਾਰੀ ਸੰਖਿਆ ਵਿੱਚ ਟਰੈਕਟਰ ਟਰਾਲੀਆਂ ਸਮੇਤ ਪਹੁੰਚੇ ਹੋਏ ਹਨ। ਹਰਿਆਣਾ ਦੇ ਕਿਸਾਨ ਵੀ ਇਸ ਸੰਘਰਸ਼ ਵਿੱਚ ਪੰਜਾਬੀ ਭਰਾਵਾਂ ਦਾ ਪੂਰਾ ਸਾਥ ਦੇ ਰਹੇ ਹਨ। ਪੰਜਾਬ ਤੋਂ ਨਿਹੰਗ ਸਿੰਘਾਂ ਦੀਆਂ ਜੱਥੇਬੰਦੀਆਂ ਵੀ ਆਪਣੇ ਘੋੜਿਆਂ ਅਤੇ ਗੱਡੀਆਂ ਸਮੇਤ ਦਿੱਲੀ ਆ ਕੇ ਕਿਸਾਨ ਵੀਰਾਂ ਨੂੰ ਪੂਰੀ ਸਪੋਰਟ ਦੇ ਰਹੇ ਹਨ। ‘ਭਾਰਤ ਬੰਦ’ ਬੰਦ ਨੂੰ ਸਫ਼ਲ ਬਣਾਉਣ ਲਈ ਕਿਸਾਨ ਜੱਥੇਬੰਦੀਆਂ ਵਿੱਚ ਭਾਰੀ ਉਤਸ਼ਾਹ ਹੈ।
ਦਿੱਲੀ ਨੂੰ ਹਰਿਆਣਾ, ਯੂਪੀ ਅਤੇ ਉਤਰ ਭਾਰਤ ਨਾਲ ਜੋੜਨ ਵਾਲੇ ਜਿਆਦਾਤਰ ਰਸਤੇ ਬੰਦ ਹਨ। ਮੰਗਲਵਾਰ ਨੂੰ ਹੋਰ ਵੀ ਵੱਧ ਲੋਕਾਂ ਦੇ ਸੜਕਾਂ ਤੇ ਆਉਣ ਦੀ ਪੂਰੀ ਸੰਭਾਵਨਾ ਹੈ। ਟਰੱਕ ਯੂਨੀਅਨਾਂ, ਟੈਕਸੀ, ਆਟੋ ਅਤੇ ਹੋਰ ਬਹੁਤ ਸਾਰੀਆਂ ਯੂਨੀਅਨਾਂ ਕਿਸਾਨਾਂ ਦੇ ਨਾਲ ਹਨ। ਸਰਕਾਰ ਨੇ ਵੀ ਭਾਰੀ ਸੰਖਿਆ ਵਿੱਚ ਸੁਰੱਖਿਆ ਫੋਰਸਾਂ ਤੈਨਾਤ ਕੀਤੀਆਂ ਹੋਈਆਂ ਹਨ। ਇਸ ਸੱਭ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਅਤੇ ਕੋਈ ਵੀ ਤਾਕਤ ਉਨ੍ਹਾਂ ਦੇ ਵੱਧਦੇ ਕਦਮਾਂ ਨੂੰ ਨਹੀਂ ਰੋਕ ਸਕਦੀ।