ਸੈਂਡਿਆਗੋ, (ਅਮਰੀਕਾ) - ਪੰਜਾਬ ਤੋਂ ਅਮਰੀਕਾ, ਇੰਗਲੈਂਡ, ਕੈਨੇਡਾ, ਹਾਲੈਂਡ, ਆਸਟਰੇਲੀਆ ਅਤੇ ਨਿਊਜੀਲੈਂਡ ਵਿਚ ਰਹਿ ਰਹੇ ਪੰਦਰਾਂ ਪੰਜਾਬੀਆਂ ਨੇ ਭਾਰਤੀਆਂ, ਪੰਜਾਬੀਆਂ ਅਤੇ ਪਰਵਾਸੀ ਪੰਜਾਬੀਆਂ ਦਾ ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਲਈ ਦਿੱਤੇ ਜਾ ਰਹੇ ਭਰਪੂਰ ਸਹਿਯੋਗ ਦਾ ਧੰਨਵਾਦ ਕਰਦਿਆਂ ਪੁਰਜ਼ੋਰ ਅਪੀਲ ਕੀਤੀ ਹੈ ਕਿ ਕੇਂਦਰ ਸਰਕਾਰ ਦੇ ਅਹੰਕਾਰ ਨੂੰ ਤੋੜਨ ਲਈ ਪਹਿਲਾਂ ਦੀ ਤਰ੍ਹਾਂ ਹੋਰ ਵਧੇਰੇ ਸਹਿਯੋਗ ਦਿੱਤਾ ਜਾਵੇ।
ਭਾਰਤ ਬੰਦ ਨੂੰ ਸਫਲ ਬਣਾਉਣ ਵਿਚ ਕੋਈ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਅੱਗੋਂ ਕਿਹਾ ਕਿ ਕੇਂਦਰ ਦੀ ਹਰ ਸਰਕਾਰ ਪੰਜਾਬ ਦੀ ਹਮੇਸ਼ਾ ਵਿਰੋਧੀ ਰਹੀ ਹੈ ਪ੍ਰੰਤੂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਤਾਂ ਪੰਜਾਬੀਆਂ ਦੇ ਅਸਤਿਤਵ ਨੂੰ ਖ਼ਤਮ ਕਰਨ ਦੇ ਮਨਸੂਬੇ ਨਾਲ ਖੇਤੀਬਾੜੀ ਨਾਲ ਸੰਬੰਧਤ ਤਿੰਨ ਕਾਲੇ ਕਾਨੂੰਨ ਬਣਾ ਦਿੱਤੇ ਹਨ ਤਾਂ ਜੋ ਪੰਜਾਬੀ ਕਦੀਂ ਵੀ ਕੇਂਦਰ ਲਈ ਵੰਗਾਰ ਨਾ ਬਣ ਸਕਣ। ਉਨ੍ਹਾਂ ਵਿਸਥਾਰ ਨਾਲ ਦੱਸਿਆ ਕਿ ਪੰਜਾਬ ਦੀ ਆਬਾਦੀ ਦੇਸ਼ ਦੀ ਆਬਾਦੀ ਦਾ ਦੋ ਪ੍ਰਤੀਸ਼ਤ ਹੋਣ ਦੇ ਬਾਵਜੂਦ ਦੇਸ਼ ਦਾ ਅੰਨਦਾਤਾ ਅਤੇ ਸਰਹੱਦਾਂ ਤੇ ਰਖਵਾਲਾ ਬਣਦਾ ਰਿਹਾ ਹੈ। ਕੇਂਦਰ ਸਰਕਾਰ ਨੇ ਪੰਜਾਬੀਆਂ ਨੂੰ ਮਾਣ ਸਨਮਾਨ ਤਾਂ ਕੀ ਦੇਣਾ ਸੀ ਪ੍ਰੰਤੂ ਉਨ੍ਹਾਂ ਦੀ ਰੋਜ਼ੀ ਰੋਟੀ ਖੋਹਣ ਲਈ ਇਹ ਕਾਨੂੰਨ ਬਣਾ ਦਿੱਤੇ ਹਨ। ਇਨ੍ਹਾਂ ਕਾਨੂੰਨਾਂ ਦਾ ਨੁਕਸਾਨ ਇਕੱਲੇ ਕਿਸਾਨਾ ਨੂੰ ਹੀ ਨਹੀਂ ਸਗੋਂ ਸਮੁੱਚੇ ਸਮਾਜ ਦੀ ਆਰਥਿਕਤਾ ਤਬਾਹ ਕਰ ਦੇਣਗੇ। ਸਾਰੇ ਵਿਓਪਾਰ ਅਤੇ ਕਾਰੋਬਾਰ ਖੇਤੀ ਉਪਰ ਨਿਰਭਰ ਕਰਦੇ ਹਨ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੱਕ ਤੇ ਸੱਚ ਦੀ ਪ੍ਰਾਪਤੀ ਲਈ ਸ਼ਾਂਤਮਈ ਢੰਗ ਨਾਲ ਕਿਸਾਨ ਅੰਦੋਲਨ ਦੀ ਹਰ ਤਰ੍ਹਾਂ ਦੀ ਸਹਾਇਤਾ ਕੀਤੀ ਜਾਵੇ। ਉਨ੍ਹਾਂ ਅੱਗੋਂ ਭਾਰਤ ਦੇ ਦੂਜੇ ਰਾਜਾਂ ਦੇ ਕਿਸਾਨਾ ਨੂੰ ਵੀ ਅਪੀਲ ਕੀਤੀ ਕਿ ਉਹ ਡਟ ਕੇ ਪੰਜਾਬੀ ਕਿਸਾਨ ਮਜ਼ਦੂਰਾਂ ਦਾ ਸਾਥ ਦੇਣ ਤਾਂ ਜੋ ਕੇਂਦਰ ਸਰਕਾਰ ਦਾ ਘੁਮੰਡ ਟੁੱਟ ਸਕੇ। ਉਨ੍ਹਾਂ ਅੱਗੋਂ ਕਿਹਾ ਕਿ ਇਸ ਅੰਦੋਲਨ ਦਾ ਸ਼ੁਭ ਸੰਕੇਤ ਇਹ ਵੀ ਹੈ ਕਿ ਇਹ ਭਾਈਚਾਰਕ ਸਾਂਝ ਦਾ ਪ੍ਰਤੀਕ ਬਣਕੇ ਉਭਰ ਰਿਹਾ ਹੈ। ਇਸ ਪ੍ਰੈਸ ਬਿਆਨ ਨੂੰ ਜ਼ਾਰੀ ਕਰਨ ਵਾਲਿਆਂ ਵਿਚ ਮਹਿੰਦਰ ਸਿੰਘ ਕੈਂਥ ਸੇਵਾ ਮੁਕਤ ਆਈ ਏ ਐਸ ਕੈਨੇਡਾ, ਨਰਪਾਲ ਸਿੰਘ ਸ਼ੇਰਗਿਲ ਕੌਮਾਂਤਰੀ ਪੱਤਰਕਾਰ ਇੰਗਲੈਂਡ, ਸੁਰਿੰਦਰ ਮੋਹਨ ਸਿੰਘ ਸੇਵਾ ਮੁਕਤ ਡਿਪਟੀ ਡਾਇਰੈਕਟਰ ਆਸਟਰੇਲੀਆ, ਉਜਾਗਰ ਸਿੰਘ ਸੇਵਾ ਮੁਕਤ ਜਿਲ੍ਹਾ ਲੋਕ ਸੰਪਰਕ ਅਧਿਕਾਰੀ, ਮੇਵਾ ਸਿੰਘ ਮੁੰਡੀ ਹੋਟਲੀਅਰ, ਗੁਰਦੀਪ ਸਿੰਘ ਬੱਲੀ ਕਾਰੋਬਾਰੀ, ਕੈਪਟਨ ਕੌਰ ਸਿੰਘ ਧਨੋਆ ਅਤੇ ਅਮਨਦੀਪ ਕੌਰ ਸਾਰੇ ਅਮਰੀਕਾ, ਦਿਲਬਾਗ ਸਿੰਘ ਸਿੱਧੂ ਹਾਲੈਂਡ, ਗੁਰਤੇਜ ਸਿੰਘ ਨਿਊਜੀਲੈਂਡ ਅਤੇ ਪਰਮਜੀਤ ਸਿੰਘ ਪਮੀ ਆਸਟਰੇਲੀਆ ਸ਼ਾਮਲ ਹਨ।