ਮੁੰਬਈ - ਕਿਸਾਨ ਸੰਘਰਸ਼ ਨੂੰ ਮਹਾਰਾਸ਼ਟਰ ’ਚ ਵੀ ਜ਼ਬਰਦਸਤ ਹੁੰਗਾਰਾ ਤੇ ਹਮਾਇਤ ਮਿਲ ਰਹੀ ਹੈ। ਨਵੀਂ ਮੁੰਬਈ ਵਿਖੇ ਸਿੱਖ ਭਾਈਚਾਰਾ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਸੜਕਾਂ ’ਤੇ ਉਤਰ ਆਇਆ ਹੈ ਅਤੇ ਕਿਸਾਨੀ ਸੰਘਰਸ਼ ਦੇ ਸਮਰਥਨ ’ਚ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਰੋਸ ਰੈਲੀ ਨੂੰ ਪੁਲੀਸ ਵੱਲੋਂ ਮਾਨ ਖ਼ੁਰਦ ਵਿਖੇ ਰੋਕੇ ਜਾਣ ’ਤੇ ਪ੍ਰਦਰਸ਼ਨਕਾਰੀਆਂ ਵੱਲੋਂ ਤਿੰਨ ਘੰਟੇ ਤੱਕ ਰਾਸ਼ਟਰੀ ਹਾਈਵੇ ਨੰਬਰ 4 ਨੂੰ ਜਾਮ ਕਰਦਿਆਂ ਰੋਸ ਧਰਨਾ ਦਿੱਤਾ ਗਿਆ, ਜਿੱਥੇ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਰਚਾਂਦ ਸਿੰਘ ਨੇ ਦੱਸਿਆ ਕਿ ਮੁੰਬਈ ਅਤੇ ਨਵੀਂ ਮੁੰਬਈ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ, ਮਹਾਰਾਸ਼ਟਰ ਸਿੱਖ ਸੰਘਰਸ਼ ਐਸੋਸੀਏਸ਼ਨ, ਸਿੱਖ ਜਥੇਬੰਦੀਆਂ ਅਤੇ ਆਲ ਟਰਾਂਸਪੋਰਟਰ ਐਸੋਸੀਏਸ਼ਨ ਵੱਲੋਂ ਭਾਈ ਜਸਪਾਲ ਸਿੰਘ ਸਿੱਧੂ ਪ੍ਰਧਾਨ ਸੁਪਰੀਮ ਸਿੱਖ ਕੌਂਸਲ ਗੁਰਦੁਆਰਾ ਨਵੀਂ ਮੁੰਬਈ, ਸ: ਮਲਕੀਤ ਸਿੰਘ ਬਲ, ਸ: ਗਿਆਨ ਸਿੰਘ, ਸ: ਹਰਵਿੰਦਰ ਸਿੰਘ, ਸ: ਸਤਨਾਮ ਸਿੰਘ ਮਾਨ, ਸ: ਅੰਮ੍ਰਿਤਪਾਲ ਸਿੰਘ, ਤਰਲੋਕ ਸਿੰਘ, ਹਰੀ ਸਿੰਘ ਪੱਡਾ ਅਤੇ ਪ੍ਰਭਪਾਲ ਸਿੰਘ ਦੀ ਸਾਂਝੀ ਅਗਵਾਈ ’ਚ ਕਿਸਾਨ ਸੰਘਰਸ਼ ਨੂੰ ਸਮਰਥਨ ਦਿੰਦੇ ਹੋਏ ਨਵੀਂ ਮੁੰਬਈ ਦੇ ਪਨਵੇਲ ਦੇ ਗੁਰਦੁਆਰਾ ਸਾਹਿਬ ਤੋਂ ਮਰੀਨ ਡ੍ਰਾਈਵ ਤੱਕ ਲਈ ਸ਼ਾਂਤਮਈ ਕਾਰ ਤੇ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਨੇ ਮਰੇਨ ਡਰਾਈਵ ਵਿਖੇ ਮਨੁੱਖੀ ਚੇਨ ਬਣਾ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਪਾਉਂਦਿਆਂ ਕਿਸਾਨੀ ਨਾਲ ਇੱਕਜੁੱਟਤਾ ਦਰਸਾਇਆ ਜਾਣਾ ਸੀ, ਪਰ ਪੁਲੀਸ ਵੱਲੋਂ ਰੈਲੀ ਨੂੰ ਮਾਨ ਖ਼ੁਰਦ ਵਿਖੇ ਬੇਰੀ ਗੇਟ ਆਦਿ ਲਗਾ ਕੇ ਰੋਕ ਲਿਆ। ਜਿੱਥੇ ਸੈਂਕੜੇ ਪ੍ਰਦਰਸ਼ਨਕਾਰੀਆਂ ਵੱਲੋਂ ਕਿਸਾਨ ਏਕਤਾ ਜ਼ਿੰਦਾਬਾਦ, ਹਮ ਤੁਮਾਰੇ ਸਾਥ ਹੈ ਦੇ ਨਾਅਰਿਆਂ ਨਾਲ ਆਕਾਸ਼ ਗੁੰਜਾਉਂਦਿਆਂ ਕਿਸਾਨਾਂ ਦੇ ਹੱਕ ’ਚ ਡਟਿਆ ਗਿਆ। ਉਨ੍ਹਾਂ ਹੱਥਾਂ ’ਚ ’’ਅਸੀਂ ਕਿਸਾਨ ਹਾਂ: ਟੈਰਰਿਸਟ ਨਹੀਂ, ’ਅੰਨ ਦਾਤਾਵਾਂ ਦੇ ਹੱਕ ’ਚ ਸਲੋਗਨ ਆਦਿ ਲਿਖੇ ਬੈਨਰ ਵੀ ਫੜੇ ਹੋਏ ਸਨ। ਇਸ ਦੌਰਾਨ ਆਵਾਜਾਈ ਅਤੇ ਜਨਜੀਵਨ ਪ੍ਰਭਾਵਿਤ ਰਿਹਾ ਙ ਆਗੂਆਂ ਨੇ ਕਿਹਾ ਕਿ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਹਰੇਕ ਨਾਗਰਿਕ ਦਾ ਹੱਕ ਹੈ ਪਰ ਇਸ ਨੂੰ ਬਲ ਪੂਰਵਕ ਦਬਾਉਣਾ ਰਾਸ਼ਟਰ ਦੇ ਹਿਤ ’ਚ ਨਹੀਂ ਹੈ। ਉਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੌਜੂਦਾ ਬਿੱਲ ਕਿਸਾਨਾਂ ਦੇ ਹਿਤ ਵਿੱਚ ਨਹੀਂ ਹੈ। ਉਨ੍ਹਾਂ ਕਿਸਾਨਾਂ ’ਤੇ ਹੋ ਰਹੇ ਧੱਕੇ ਦਾ ਵਿਰੋਧ ਕੀਤਾ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਹਿੱਤਾਂ ਨੂੰ ਨਜ਼ਰਅੰਦਾਜ਼ ਨਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਿਸਾਨੀ ਨਾ ਰਹੀ ਤਾਂ ਦੇਸ਼ ਦੀ ਅਰਥ ਵਿਵਸਥਾ ਵੀ ਨਹੀਂ ਬਚੇਗੀ। ਆਗੂਆਂ ਨੇ ਕੇਂਦਰ ਸਰਕਾਰ ਨੂੰ ਕਿਸਾਨੀ ਦੇ ਦੁੱਖ ਦਰਦ ਨੂੰ ਸਮਝਣ ਦੀ ਅਪੀਲ ਕਰਦਿਆਂ ਉਮੀਦ ਜਤਾਈ ਕਿ ਖੇਤੀ ਕਾਨੂੰਨਾਂ ‘ਤੇ ਬਣੀ ਪੇਚੀਦਗੀ ਦਾ ਹੱਲ ਜਲਦ ਜਲਦ ਕਰਨ ਲਈ ਹਠਧਰਮੀ ਛੱਡੇਗੀ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਭਰ ਦੇ ਕਿਸਾਨ ਲੰਬੇ ਸਮੇਂ ਤੋਂ ਚੱਲ ਰਹੇ ਅੰਦੋਲਨ ਵਿਚ ਠੰਢ ਦੀ ਮਾਰ ਝੱਲਣ ਲਈ ਮਜਬੂਰ ਹਨ। ਇਸ ਲਈ ਜ਼ਰੂਰੀ ਹੈ ਕਿ ਕਿਸਾਨੀ ਮਸਲੇ ਦਾ ਹੱਲ ਤੁਰੰਤ ਕੀਤਾ ਜਾਵੇ ਤਾਂ ਜੋ ਸੰਘਰਸ਼ਸ਼ੀਲ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ ਙ ਆਗੂਆਂ ਨੇ ਕਿਹਾ ਕਿ ਉਹ ਕਿਸਾਨਾਂ ਦੇ ਨਾਲ ਹੈ ਅਤੇ ਭਵਿੱਖ ’ਚ ਵੀ ਰਹੇਗਾ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਵਿਰੁੱਧ ਅਤੇ ਕਿਸਾਨੀ ਦੇ ਹੱਕਾਂ ਲਈ ਇਸੇ ਤਰਾਂ ਧਰਨੇ ਲਾਏ ਜਾਣਗੇ । ਰੋਸ ਰੈਲੀ ’ਚ ਭਾਰੀ ਗਿਣਤੀ ਔਰਤਾਂ ਨੇ ਵੀ ਹਿਸਾ ਲਿਆ।