ਸਾਰੇ ਦੇਸ਼ ਵਿੱਚ ਭਾਈਚਾਰਾ ਇਹ ਬਣਾ ਗਿਆ।
ਕਾਲਾ ਇਹ ਕਨੂੰਨ ਸਾਨੂੰ ਏਕਤਾ ਸਿਖਾ ਗਿਆ।
ਸਾਡਾ ਅੰਨ ਖਾ ਕੇ ਦਿੱਲੀ ਅੱਖੀਆਂ ਵਿਖਾਉਂਦੀ ਏ।
ਸੁੱਤੇ ਹੋਏ ਸ਼ੇਰਾਂ ਤਾਈਂ ਆਪ ਇਹ ਜਗਾਉਂਦੀ ਏ।
ਸੂਝ ਬੂਝ ਤੇਰੀ ਨੂੰ ਨੀ ਦੱਸ ਕਿਹੜਾ ਖਾ ਗਿਆ?
ਕਾਲਾ…
ਕਿਰਤੀ ਕਿਸਾਨ ਆਏ, ਬੰਨ੍ਹ ਬੰਨ੍ਹ ਟੋਲੀਆਂ।
ਤੇਰੀ ਹਿੱਕ ਉੱਤੇ ਚੜ੍ਹ, ਪਾਉਣਗੇ ਇਹ ਬੋਲੀਆਂ।
ਠੰਢ ਵਿੱਚ ਤੈਂਨੂੰ ਨੀ, ਪਸੀਨਾ ਕਾਹਤੋਂ ਆ ਗਿਆ
ਕਾਲਾ…
ਦੇਸ਼ ਦਿਆਂ ਲੋਕਾਂ, ਫੁਰਮਾਨ ਨਹੀਂਉਂ ਮੰਨਣੇ।
ਸਰਮਾਏਦਾਰ ਭਗਵਾਨ ਨਹੀਂਉਂ ਮੰਨਣੇ।
ਹੱਕਾਂ ਲਈ ਜੂਝਣਾ ਹੈ, ਇਨ੍ਹਾਂ ਤਾਈਂ ਆ ਗਿਆ
ਕਾਲਾ…
ਸਬਰ ਦੇ ਨਾਲ ਆਪਾਂ, ਜਬਰ ਨੂੰ ਢਾਉਣਾ ਏਂ।
ਸਾਰੇ ਹਾਂ ਕਿਸਾਨ ਭਾਈ, ਨਾਅਰਾ ਇਹੋ ਲਾਉਣਾ ਏਂ।
ਸਾਡੇ ਵਿੱਚ ਵੰਡੀਆਂ, ਸ਼ੈਤਾਨ ਕਿਹੜਾ ਪਾ ਗਿਆ
ਕਾਲਾ…
ਭਾਗੋ ਦੀਆਂ ਵਾਰਸ ਵੀ, ਡੱਟੀਆਂ ਮੈਦਾਨ ਵਿੱਚ।
ਮੋਢੇ ਨਾਲ ਮੋਢਾ ਜੋੜ, ਵੀਰਾਂ ਦੀ ਕਮਾਨ ਵਿੱਚ।
ਮਾਵਾਂ, ਧੀਆਂ, ਭੈਣਾਂ ਨੂੰ ਵੀ ਰੋਹ ਬੜਾ ਆ ਗਿਆ
ਕਾਲਾ…
‘ਦੀਸ਼’ ਨਾਲ ਬੈਠ, ਤੈਨੂੰ ਲੰਗਰ ਛਕਾ ਦੇਈਏ।
ਬਾਬੇ ਵਾਲੀ ਬਾਣੀ ਦਾ ਕੋਈ ਬੋਲ ਸੁਣਾ ਦੇਈਏ।
‘ਭਲਾ ਸਰਬੱਤ’ ਜਿਹੜਾ ਮੰਗਣਾ ਸਿਖਾ ਗਿਆ
ਕਾਲਾ…