ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ) – ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੂੰ ਉਸ ਸਮੇਂ ਸਦਮਾਂ ਪੁੱਜਿਆ, ਜਦੋਂ ਉਹਨਾਂ ਦੇ ਵੱਡੇ ਭੈਣ ਜੀ ਰਾਜਿੰਦਰ ਕੌਰ ਰਿਸ਼ੀ ਦੀ ਮੌਤ ਹੋ ਗਈ। ਉਹ 67 ਸਾਲਾਂ ਦੇ ਅਤੇ ਕੈਂਸਰ ਤੋਂ ਪੀੜਤ ਸਨ। 1992 ਵਿੱਚ ਭੈਣ ਜੀ ਦੇ ਇਕਲੌਤੇ ਪੁੱਤਰ ਕਮਲਜੀਤ ਰਿਸ਼ੀ ਦੀ ਹੋਈ ਰਹੱਸਮਈ ਮੌਤ ਤੋਂ ਬਾਅਦ ਉਹ ਅੱਜ ਤੱਕ ਸੰਭਲ਼ ਨਹੀਂ ਸਨ ਸਕੇ। ਭਰ ਜਵਾਨ ਪੁੱਤਰ ਦੀ ਮੌਤ ਦਾ ਦੁੱਖ ਘੁਣ ਵਾਂਗ ਖਾਂਦਾ ਰਿਹਾ ਤੇ ਉਹ ਕੈਂਸਰ ਦੇ ਮਰੀਜ਼ ਬਣ ਕੇ ਆਖਿਰ ਪ੍ਰਾਣ ਤਿਆਗ ਗਏ। ਜੱਗੀ ਕੁੱਸਾ ਉਹਨਾਂ ਨੂੰ ਅਜੇ ਦਸ ਦਿਨ ਪਹਿਲਾਂ ਹੀ ਪੰਜਾਬ ਫੇਰੀ ਦੌਰਾਨ ਮਿਲ ਕੇ ਆਏ ਸਨ। ਇਸ ਆਖਰੀ ਮਿਲਣੀ ਤੋਂ ਬਾਅਦ ਭੈਣ ਜੀ ਨੇ ਦਸ ਦਿਨ ਨਹੀਂ ਕੱਟੇ ਅਤੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਭੈਣ ਜੀ ਮੋਗਾ ਜਿਲ੍ਹਾ ਦੇ ਪਿੰਡ ਕੜਿਆਲ ਵਿਖੇ ਵਿਆਹੇ ਹੋਏ ਸਨ ਅਤੇ ਉਹਨਾਂ ਨੇ ਜੱਗੀ ਕੁੱਸਾ ਨੂੰ ਬੱਚਿਆਂ ਵਾਂਗ ਪਾਲਿਆ ਸੀ। ਉਹ ਆਪਣੇ ਪਿੱਛੇ ਪਤੀ ਸੁਰਿੰਦਰਪਾਲ ਰਿਸ਼ੀ ਅਤੇ ਤਿਨ ਧੀਆਂ ਨੂੰ ਵਿਲਕਦਿਆਂ ਛੱਡ ਗਏ ਹਨ। ਇਸ ਦੁੱਖ ਦੀ ਘੜੀ ਵਿੱਚ ਸਾਹਿਤਕਾਰਾਂ, ਲੇਖਕਾਂ, ਸਮਾਜਸੇਵੀ ਆਗੂਆਂ, ਰਾਜਸੀ ਤੇ ਦੋਸਤਾਂ ਮਿੱਤਰਾਂ ਵੱਲੋਂ ਕੁੱਸਾ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।