ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਵਰਚੁਅਲ ਹੋਣ ਵਾਲੇ ਚੌਥੇ ਅੰਤਰਰਾਸ਼ਟਰੀ ਫੋਕਲੋਰ ਫੈਸਟੀਵਲ ਦਾ ਸ਼ਾਨੋ-ਸ਼ੌਕਤ ਨਾਲ ਆਗ਼ਾਜ਼ ਹੋਇਆ।ਤਿੰਨ ਰੋਜ਼ਾ ਅੰਤਰਾਸ਼ਟਰੀ ਫੋਕਲੋਰ ਫੈਸਟੀਵਲ ਦੌਰਾਨ ਭਾਰਤ ਸਮੇਤ ਫ਼ਰਾਂਸ, ਜਰਮਨੀ, ਸਪੇਨ, ਸਵੀਡਨ ਆਦਿ 39 ਦੇਸ਼ਾਂ ਤੋਂ 1 ਹਜ਼ਾਰ ਤੋਂ ਵੱਧ ਕਲਾਕਾਰ ਸ਼ਮੂਲੀਅਤ ਕਰਨਗੇ ਅਤੇ ਆਪੋ ਆਪਣੇ ਦੇਸ਼ਾਂ ਦੇ ਲੋਕ ਨਾਚਾਂ ਅਤੇ ਸੱਭਿਆਚਾਰਾਂ ਸਬੰਧੀ ਪੇਸ਼ਕਾਰੀਆਂ ਦੇਣਗੇ।ਅੰਤਰਰਾਸ਼ਟਰੀ ਫੈਸਟੀਵਲ ਸਬੰਧੀ ਕਰਵਾਏ ਉਦਘਾਟਨੀ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਕਜ਼ਾਕਿਸਤਾਨ ਦੇ ਭਾਰਤ ਲਈ ਅੰਬੈਸਡਰ ਅਲੀਮਬਾਯੇਵ ਯੈਰਲਿਨ, ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ ਦੇ ਜੁਆਇੰਟ ਸੈਕਟਰੀ ਡਾ. ਬਲਜੀਤ ਸਿੰਘ ਸੇਖੋਂ ਅਤੇ ਪ੍ਰਸਿੱਧ ਸੂਫ਼ੀ ਕਲਾਕਾਰ ਡਾ. ਸਤਿੰਦਰ ਸਰਤਾਜ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਉਚੇਚੇ ਤੌਰ ’ਤੇ ਹਾਜ਼ਰ ਸਨ।ਜ਼ਿਕਰਯੋਗ ਹੈ ਸਮਾਗਮ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੀ ਭੰਗੜਾ ਟੀਮ ਵੱਲੋਂ ਪੇਸ਼ ਕੀਤੇ ਗਏ ਮਲਵਈ ਗਿੱਧੇ ਨੇ ਹਾਜ਼ਰੀਨਾਂ ਨੂੰ ਝੂੰਮਣ ਲਈ ਮਜ਼ਬੂਰ ਕਰ ਦਿੱਤਾ।
ਇਸ ਮੌਕੇ ਸਤਿੰਦਰ ਸਰਤਾਜ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਜੇਕਰ ਅਸੀਂ ਸਫ਼ਲਤਾ ਪ੍ਰਾਪਤ ਕਰਨਾ ਚਾਹੁੰਦੇ ਹਨ ਤਾਂ ਸਾਨੂੰ ਸ਼ਾਂਤ ਰਹਿਣ ਦੀ ਕਲਾ ਸਿੱਖਣੀ ਪਵੇਗੀ।ਵੱਖ-ਵੱਖ ਦੇਸ਼ਾਂ ਦੇ ਲੋਕ ਨਾਚਾਂ ਨੂੰ ਵੇਖਦਿਆਂ ਉਨ੍ਹਾਂ ਕਿਹਾ ਕਿ ਬਹੁਤੇ ਦੇਸ਼ਾਂ ਦੇ ਲੋਕ ਨਾਚ ਅਤੇ ਲੋਕ ਕਲਾਵਾਂ ਕੁੱਝ ਹੱਦ ਤੱਕ ਇੱਕ ਦੂਜੇ ਨਾਲ ਮਿਲਦੀਆਂ ਹਨ ਅਤੇ ਅੰਤਰਰਾਸ਼ਟਰੀ ਫੋਕਲੋਰ ਫੈਸਟੀਵਲ ਇੱਕ ਅਜਿਹਾ ਮਾਧਿਅਮ ਹੈ ਜੋ ਵਿਸ਼ਵਵਿਆਪੀ ਸਦਭਾਵਨਾ ਨੂੰ ਇੱਕ ਮੰਚ ’ਤੇ ਪ੍ਰਦਰਸ਼ਿਤ ਕਰੇਗਾ।ਇਸ ਮੌਕੇ ਉਨ੍ਹਾਂ ਆਪਣੇ ਲੋਕਪ੍ਰਸਿੱਧ ਗੀਤ ’ਗੁਰਮੁਖੀ ਦਾ ਬੇਟਾ’ ਨਾਲ ਸਰੋਤਿਆਂ ਨੂੰ ਝੂੰਮਣ ’ਤੇ ਮਜ਼ਬੂਰ ਕਰ ਦਿੱਤਾ।
ਇਸ ਮੌਕੇ ਬੋਲਦਿਆਂ ਡਾ. ਬਲਜੀਤ ਸਿੰਘ ਸੇਖੋਂ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਜਿਥੇ 1 ਬਿਲੀਅਨ ਵਿਦਿਆਰਥੀਆਂ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਕਲਾ ਅਤੇ ਸੱਭਿਆਚਾਰ ਦੇ ਖੇਤਰ ’ਚ ਵੱਡੇ ਪੱਧਰ ’ਤੇ ਇਸ ਦਾ ਪ੍ਰਭਾਵ ਵੇਖਣ ਨੂੰ ਮਿਲਿਆ ਹੈ।ਉਨ੍ਹਾਂ ਕਿਹਾ ਕਿ ਕਲਾ ਅਤੇ ਸੱਭਿਆਚਾਰਾਂ ਨੂੰ ਵਿਸ਼ਵ ਪੱਧਰ ’ਤੇ ਪ੍ਰਫੁਲਿਤ ਕਰਨ ਲਈ ਨੌਜਵਾਨਾਂ ਦਾ ਅਹਿਮ ਯੋਗਦਾਨ ਹੁੰਦਾ ਹੈ ਜਦਕਿ ਮਹਾਂਮਾਰੀ ਸੰਕਟ ਤੋਂ ਬਾਅਦ ਆਮ ਜਨ-ਜੀਵਨ ’ਚ ਵਾਪਸੀ ਲਈ ਨੌਜਵਾਨੀ ਦੀ ਅਹਿਮ ਭੂਮਿਕਾ ਹੋਵੇਗੀ।ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਅੰਤਰਰਾਸ਼ਟਰੀ ਪੱਧਰ ’ਤੇ ਸਦਭਾਵਨਾ ਅਤੇ ਸਹਿਯੋਗ ਦੇ ਟੀਚੇ ਨਾਲ ਅੱਗੇ ਵੱਧਣ ’ਚ ਵਿਸ਼ਵਾਸ ਰੱਖਦਾ ਹੈ।
ਉਦਘਾਟਨੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਅਲੀਮਬਾਯੇਵ ਯੈਰਲਿਨ ਨੇ ਕਿਹਾ ਕਿ ਕੋਰੋਨਾ ਸੰਕਟ ਦੀ ਭਿਆਨਕ ਸਥਿਤੀ ਤੋਂ ਬਾਅਦ ਸਕਰਾਤਮਕ ਦਿਸ਼ਾ ਵੱਲ ਵਧਦਿਆਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਉਲੀਕਿਆ ਅੰਤਰਰਾਸ਼ਟਰੀ ਫੋਕਲੋਰ ਫੈਸਟੀਵਲ ਸ਼ਾਲਾਘਾਯੋਗ ਉਪਰਾਲਾ ਹੈ।ਉਨ੍ਹਾਂ ਕਿਹਾ ਕਿ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਾਂ ਨੂੰ ਨੇੜਿਉਂ ਜਾਣਨ ਲਈ ਇਹ ਇੱਕ ਢੁਕਵਾਂ ਅਤੇ ਨਿਵੇਕਲਾ ਮੰਚ ਹੈ, ਜਿਥੇ ਵੱਡੀ ਗਿਣਤੀ ਕਲਾਕਾਰ ਆਪੋ ਆਪਣੇ ਸੱਭਿਆਚਾਰ ਨੂੰ ਪੇਸ਼ਕਾਰੀਆਂ ਦੇ ਰੂਪ ’ਚ ਦੁਨੀਆਂ ਸਨਮੁੱਖ ਰੱਖਣਗੇ।ਭਾਰਤ ਅਤੇ ਕਜ਼ਾਕਿਸਤਾਨ ਦੇ ਰਿਸਤਿਆਂ ਸਬੰਧੀ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਆਰਥਿਕ ਅਤੇ ਸੱਭਿਆਚਾਰਕ ਤੌਰ ’ਤੇ ਚੰਗੇ ਸਬੰਧੀ ਹਨ।ਉਨ੍ਹਾਂ ਕਿਹਾ ਕਿ ਭਾਰਤ ਤੋਂ 5 ਹਜ਼ਾਰ ਦੇ ਕਰੀਬ ਵਿਦਿਆਰਥੀ ਕਜ਼ਾਕਿਸਤਾਨ ਵਿਖੇ ਵੱਖ-ਵੱਖ ਵਿਦਿਅਕ ਸੰਸਥਾਵਾਂ ’ਚ ਪੜ੍ਹਾਈ ਕਰ ਰਹੇ ਹਨ ਜਦਕਿ 2000 ਤੋਂ ਵੱਧ ਕਜ਼ਾਕਿਸਤਾਨੀ ਵਿਦਿਆਰਥੀ ਭਾਰਤ ’ਚ ਮੈਡੀਕਲ ਸਮੇਤ ਵੱਖੋ ਵੱਖਰੇ ਖੇਤਰਾਂ ’ਚ ਪੜ੍ਹਾਈ ਕਰ ਰਹੇ ਹਨ, ਜੋ ਦੋਵੇਂ ਦੇਸ਼ਾਂ ਦੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਦੇ ਹਨ।ਉਨ੍ਹਾਂ ਕਿਹਾ ਕਿ ਕਜ਼ਾਕਿਸਤਾਨ ਵਿਖੇ ਭਾਰਤੀ ਫ਼ਿਲਮਾਂ, ਸੰਗੀਤ ਅਤੇ ਯੋਗਾ ਸਥਾਨਿਕ ਲੋਕਾਂ ’ਚ ਕਾਫ਼ੀ ਮਸ਼ਹੂਰ ਹੈ।
ਇਸ ਮੌਕੇ ਚੰਡੀਗੜ੍ਹ ਯੂੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਅੰਤਰਰਾਸ਼ਟਰੀ ਫੋਕਲੋਰ ਫੈਸਟੀਵਲ ’ਚ ਸ਼ਮੂਲੀਅਤ ਕਰਨ ਵਾਲੇ ਕਲਾਕਾਰਾਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਅਜਿਹੇ ਵਿਸ਼ਵ ਪੱਧਰੀ ਸਮਾਗਮ ਵਿਦਿਆਰਥੀਆਂ ਨੂੰ ਵੱਖ-ਵੱਖ ਦੇਸ਼ਾਂ ਦੇ ਸੱਭਿਆਚਾਰਾਂ ਨੂੰ ਜਾਣਨ ਅਤੇ ਆਪਣੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮਾਂ ਦੇ ਮਾਧਿਅਮ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਵੱਖੋ ਵੱਖਰੇ ਸੱਭਿਆਚਾਰਾਂ ਦਾ ਆਪਸੀ ਤਾਲਮੇਲ ਅਤੇ ਭਾਈਚਾਰਕ ਸਾਂਝ ਕਾਇਮ ਹੁੰਦੀ ਹੈ।