ਨਵੀਂ ਦਿੱਲੀ – ਮੋਦੀ ਸਰਕਾਰ ਦੁਆਰਾ ਖੇਤੀ ਸਬੰਧੀ ਬਣਾਏ ਗਏ ਕਾਲੇ ਕਾਨੂੰਨਾਂ ਖਿਲਾਫ਼ ਦਿੱਲੀ ਵਿੱਚ ਧਰਨਾ ਦੇ ਰਹੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 32 ਦਿਨ ਹੋ ਗਏ ਹਨ। ਕਿਸਾਨ ਇਹ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਇਹ ਤਿੰਨੇ ਕਿਸਾਨ ਵਿਰੋਧੀ ਬਿੱਲ ਵਾਪਿਸ ਕਰਵਾ ਕੇ ਹੀ ਦਮ ਲੈਣਗੇ। ਦੂਸਰੇ ਪਾਸੇ ਸਰਕਾਰ ਲੋਕਾਂ ਤੇ ਇਹ ਬਿੱਲ ਜਬਰਦਸਤੀ ਥੋਪਣ ਤੇ ਅੜੀ ਹੋਈ ਹੈ। ਸਰਕਾਰ ਦਾ ਕਿਸਾਨਾਂ ਪ੍ਰਤੀ ਰਵਈਆ ਬਹੁਤ ਹੀ ਜਿ਼ਦੀ ਅਤੇ ਘਿਨੌਣਾ ਹੈ।
ਸਿੰਘੂ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਉਹ 30 ਦਿਸੰਬਰ ਨੂੰ ਇਸ ਸਥਾਨ ਤੋਂ ਟਰੈਕਟਰ ਮਾਰਚ ਕੱਢਣਗੇ। ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਦਰਸ਼ਨ ਪਾਲ ਨੇ ਪੂਰੇ ਦੇਸ਼ਵਾਸੀਆਂ ਨੂੰ ਅਪੀ਼ ਕਰਦੇ ਹੋਏ ਕਿਹਾ ਕਿ ਉਹ ਦਿੱਲੀ ਧਰਨੇ ਵਾਲੀ ਜਗ੍ਹਾ ਤੇ ਆ ਕੇ ਆਪਣੇ ਕਿਸਾਨ ਭਰਾਵਾਂ ਨਾਲ ਨਵਾਂ ਸਾਲ ਮਨਾਉਣ। ਕਿਸਾਨਾਂ ਦੁਆਰਾ ਹਰਿਆਣੇ ਵਿੱਚ ਟੋਲ ਪਲਾਜ਼ੇ ਫਰੀ ਕਰਨ ਦਾ ਵੀ ਐਲਾਨ ਕੀਤਾ ਹੈ। ਜਿਸ ਦੇ ਲਈ ਕਿਸਾਨਾਂ ਦੀਆਂ ਵੱਖ-ਵੱਖ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ।
ਕਿਸਾਨਾਂ ਅਤੇ ਸਰਕਾਰ ਦਰਮਿਆਨ ਟਰੈਕਟਰ ਰੈਲੀ ਤੋਂ ਇੱਕ ਦਿਨ ਪਹਿਲਾਂ 29 ਦਿਸੰਬਰ ਨੂੰ ਇਸ ਮੁੱਦੇ ਨੂੰ ਹਲ ਕਰਨ ਲਈ ਗੱਲਬਾਤ ਵੀ ਕੀਤੀ ਜਾਵੇਗੀ। ਕਿਸਾਨਾਂ ਨੇ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਸਪੱਸ਼ਟ ਤੌਰ ਤੇ ਕਿਹਾ ਹੈ ਕਿ ਸਰਕਾਰ ਨੂੰ ਪਿੱਛਲੀਆਂ ਮੀਟਿੰਗਾਂ ਬਾਰੇ ਲੋਕਾਂ ਨੂੰ ਗੱਲਤ ਜਾਣਕਾਰੀ ਨਹੀਂ ਦੇਣੀ ਚਾਹੀਦੀ। ਸਰਕਾਰ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਮੁਹਿੰਮ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ।