ਚੰਡੀਗੜ੍ਹ – ਖੇਤੀਬਾੜੀ ਬਿੱਲਾਂ ਦੇ ਵਿਰੋਧ ਕਰ ਕੇ ਪੰਜਾਬ ਵਿੱਚ ਕਿਸਾਨ ਅੰਬਾਨੀ-ਅਡਾਨੀ ਦੇ ਵਪਾਰਿਕ ਅਦਾਰਿਆਂ ਨੂੰ ਕਿਸਾਨਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਰਾਜ ਵਿੱਚ ਕਿਸਾਨਾਂ ਵੱਲੋਂ ਜਿਓ ਦੇ ਮੋਬਾਇਲ ਟਾਵਰਾਂ ਵਿੱਚ ਕੀਤੀ ਗਈ ਤੋੜਭੰਨ੍ਹ ਨਾਲ ਡੇਢ਼ ਕਰੋੜ ਦੇ ਕਰੀਬ ਉਪਭੋਗਤਾ ਪ੍ਰਭਾਵਿਤ ਹੋਏ ਹਨ। ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਏ ਜਾਣ ਦੀ ਅਪੀਲ ਕੀਤੀ ਗਈ ਹੈ। ਸਰਕਾਰ ਦੁਆਰਾ ਟਾਵਰਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਪੰਜਾਬ ਵਿੱਚ 3.9 ਕਰੋੜ ਦੇ ਕਰੀਬ ਲੋਕ ਮੋਬਾਇਲ ਦਾ ਇਸਤੇਮਾਲ ਕਰਦੇ ਹਨ। ਰਿਲਾਇੰਸ ਜਿਓ ਅਨੁਸਾਰ ਡੇਢ਼ ਕਰੋੜ ਦੇ ਕਰੀਬ ਲੋਕ ਉਨ੍ਹਾਂ ਦੀ ਕੰਪਨੀ ਦੀ ਸੇਵਾ ਲੈ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਰਾਜ ਵਿੱਚ 1561 ਮੋਬਾਇਲ ਟਾਵਰਾਂ ਦੀ ਸੇਵਾ ਪ੍ਰਭਾਵਿਤ ਹੋਈ ਹੈ, ਜਿੰਨ੍ਹਾਂ ਵਿੱਚੋਂ 440 ਟਾਵਰਾਂ ਦੀ ਮੁਰੰਮਤ ਕੀਤੀ ਜਾ ਚੁੱਕੀ ਹੈ। ਪੰਜਾਬ ਵਿੱਚ ਕੁਲ 21306 ਮੋਬਾਇਲ ਟਾਵਰ ਹਨ। ਕੇਂਦਰ ਸਰਕਾਰ ਦੁਆਰਾ ਖੇਤੀ ਸਬੰਧੀ ਪਾਸ ਕੀਤੇ ਗਏ ਕਾਲੇ ਕਾਨੂੰਨਾਂ ਕਰਕੇ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਕਿਸਾਨਾਂ ਅਤੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਾਰਪੋਰੇਟ ਘਰਾਣਿਆਂ ਦੇ ਸਾਮਾਨ ਦਾ ਬਾਈਕਾਟ ਕਰਨ ਅਤੇ ਜੀਓ ਦੇ ਨੈਟਵਰਕ ਦੀ ਵਰਤੋਂ ਨਾ ਕਰਨ।
ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਤੋੜਫੋੜ ਕਰਨ ਵਾਲਿਆਂ ਨਾਲ ਸਖਤੀ ਨਾਲ ਨਜਿਠਿਆ ਜਾਵੇ। ਕਿਸਾਨ ਜੱਥੇਬੰਦੀਆਂ ਨੇ ਵੀ ਲੋਕਾਂ ਨੂੰ ਸ਼ਾਂਤਮਈ ਅੰਦੋਲਨ ਕਰਨ ਦੀ ਅਪੀਲ ਕੀਤੀ ਹੈ।