ਸਾਹਿਬ ਸ੍ਰੀ ਗੁਰੂ ਗੋਬਿੰੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੇਵਲ ਸਿੱਖ ਜਾਂ ਭਾਰਤ ਦੇ ਇਤਿਹਾਸ ਦੀ ਹੀ ਅਦੁੱਤੀ ਘਟਨਾ ਨਹੀਂ ਹੈ, ਸਗੋਂ ਸਮੁਚੇ ਸੰਸਾਰ ਦੇ ਇਤਿਹਾਸ ਦੀ ਵੀ ਇੱਕ ਅਦੁੱਤੀ ਘਟਨਾ ਹੈ। ਜਿਸਦੀ ਮਿਸਾਲ ਦੁਨੀਆਂ ਦੇ ਸਮੁਚੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਇੱਕ ਪਾਸੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਣ ਦੀ ਟਿੱਡੀ-ਦਲ ਫੌਜ ਨਾਲ ਘਿਰੀ ਚਮਕੋਰ ਦੀ ਗੜ੍ਹੀ ਵਿਚੋਂ ਇੱਕ-ਇੱਕ ਕਰ ਦੋਹਾਂ ਵੱਡੇ ਮੱਸ-ਫੁਟ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਆਪਣੇ ਹਥੀਂ ਸ਼ਸਤਰ ਸੱਜਾ ਅਤੇ ਆਸ਼ੀਰਵਾਦ ਦੇ, ਦੁਸ਼ਮਣ ਦੀ ਭਾਰੀ ਫੌਜ ਦਾ ਟਾਕਰਾ ਕਰਨ ਲਈ ਬਾਹਰ ਜੰਗ ਦੇ ਮੈਦਾਨ ਵਿੱਚ ਭੇਜਦੇ ਹਨ, ਜਦਕਿ ਉਹ ਜਾਣਦੇ ਹਨ ਕਿ ਗੜ੍ਹੀ ਵਿਚੋਂ ਬਾਹਰ ਨਿਕਲੇ ਸਾਹਿਬਜ਼ਾਦੇ ਮੁੜ ਜੀਂਦਿਆਂ-ਜੀਅ ਵਾਪਸ ਨਹੀਂ ਆਉਣਗੇ, ਦੁਸ਼ਮਣ ਦੀ ਟਿੱਡੀ ਦਲ ਫੌਜ ਦਾ ਸਾਹਮਣਾ ਕਰਦਿਆਂ ਸ਼ਹਾਦਤ ਪ੍ਰਾਪਤ ਕਰ ਜਾਣਗੇ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਵੀ ਆਪਣੇ ਪਿਤਾ-ਗੁਰੂ ਵਲੋਂ ਆਪਣੇ ਪੁਰ ਪ੍ਰਗਟਾਏ ਵਿਸ਼ਵਾਸ ਨੂੰ ਟੁਟਣ ਨਹੀਂ ਦਿੱਤਾ। ਉਹ ਵੀ ਜਾਣਦੇ ਸਨ ਕਿ ਜੋ ਜੰਗ ਲੜਨ ਲਈ ਉਹ ਜਾ ਰਹੇ ਹਨ, ਉਸ ਵਿਚੋਂ ਉਹ ਜੀਉਂਦੇ-ਜੀਅ ਵਾਪਸ ਆਉਣ ਵਾਲੇ ਨਹੀਂ। ਫਿਰ ਵੀ ਉਹ ਪਿਤਾ-ਗੁਰੂ ਪਾਸੋਂ ਦੁਸ਼ਮਣ ਨਾਲ ਜੂਝਣ ਲਈ ਜਾਣ ਦੀ ਆਗਿਆ ਮੰਗਦੇ ਹਨ। ਪਿਤਾ-ਗੁਰੂ ਉਨ੍ਹਾਂ ਨੂੰ ਆਗਿਆ ਹੀ ਨਹੀਂ ਦਿੰਦੇ, ਸਗੋਂ ਆਪਣੇ ਹਥੀਂ ਉਨ੍ਹਾਂ ਦੇ ਕਮਰ-ਕੱਸੇ ਅਤੇ ਸ਼ਸਤਾਰ ਸਜਾ, ਅਸਾਵੀਂ ਜੰਗ ਲੜਨ ਲਈ ਮੈਦਾਨ ਵਿੱਚ ਭੇਜਦੇ ਹਨ। ਪਿਤਾ-ਗੁਰੂ ਆਪਣੇ ਸਾਹਿਜ਼ਾਦਿਆਂ ਨੂੰ ਮੈਦਾਨੇ-ਜੰਗ ਵਿੱਚ ਸ਼ਹੀਦ ਹੋਣ ਲਈ ਭੇਜਦਿਆਂ ਕਿਸੇ ਵੀ ਤਰ੍ਹਾਂ ਦਾ ਪੁਤਰ-ਮੋਹ ਨਹੀਂ ਵਿਖਾਂਦੇ ਅਤੇ ਨਾ ਹੀ ਸਾਹਿਬਜ਼ਾਦੇ ਹੋਰ ਸਿੱਖਾਂ ਦੀ ਮੌਜੂਦਗੀ ਵਿੱਚ ਆਪਣੇ-ਆਪਨੂੰ ਲੜਨ ਤੇ ਸ਼ਹੀਦ ਹੋਣ ਲਈ ਭੇਜੇ ਜਾਣ ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਕਰਦੇ ਹਨ।
ਸਤਿਗੁਰੂ ਸਿੱਖਾਂ ਦੀ ਇਸ ਬੇਨਤੀ ਨੂੰ ਵੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਕਿ ਗੜ੍ਹੀ ਵਿੱਚ ਹੋਰ ਸਿੱਖਾਂ ਦੇ ਰਹਿੰਦਿਆਂ ਸਾਹਿਬਜ਼ਾਦਿਆਂ ਨੂੰ ਮੈਦਾਨ-ਏ-ਜੰਗ ਵਿੱਚ ਭੇਜਣ ਦੀ ਕੀ ਲੋੜ ਹੈ? ਉਹ ਸਾਹਿਜ਼ਾਦਿਆਂ ਨੂੰ ਨਾਲ ਲੈਕੇ ਰਾਤ ਦੇ ਹਨੇਰੇ ਵਿੱਚ ਗੜ੍ਹੀ ਵਿਚੋਂ ਨਿਕਲ ਜਾਣ। ਉਨ੍ਹਾਂ ਸਿੱਖਾਂ ਨੂੰ ਸਪਸ਼ਟ ਕਰ ਦਿੰਦੇ ਹਨ ਕਿ ਉਨ੍ਹਾਂ ਦੇ ਸਾਹਿਬਜ਼ਾਦੇ ਕੇਵਲ ਇਹ ਦੋ ਹੀ ਨਹੀਂ, ਸਗੋਂ ਸਾਰੇ ਸਿੱਖ ਹੀ ਉਨ੍ਹਾਂ ਦੇ ਸਾਹਿਬਜ਼ਾਦੇ ਹਨ। ਦੋਵੇਂ ਸਾਹਿਬਜ਼ਾਦੇ ਇੱਕ-ਇੱਕ ਕਰ ਕੇ ਮੈਦਾਨੇ-ਜੰਗ ਵਿੱਚ ਉਤਰਦੇ ਹਨ। ਮੈਦਾਨ-ਏ-ਜੰਗ ਵਿੱਚ ਉਤਰਦਿਆਂ ਹੀ ਉਹ ਆਪਣੀ ਸ਼ਹਾਦਤ ਨੂੰ ਸਾਹਮਣੇ ਵੇਖਦੇ ਹਨ, ਫਿਰ ਵੀ ਉਹ ਕਿਸੇ ਵੀ ਤਰ੍ਹਾਂ ਦਾ ਡਰ ਮਹਿਸੂਸ ਨਹੀਂ ਕਰਦੇ ਤੇ ਨਾ ਹੀ ਹਿਚਕਿਚਾਹਟ ਵਿਖਾਉਂਦੇ ਹਨ। ਉਹ ਪੂਰੀ ਦ੍ਰਿੜ੍ਹਤਾ ਨਾਲ ਮੈਦਾਨੇ-ਜੰਗ ਵਿੱਚ ਜੂਝਦੇ ਅਤੇ ਦੁਸ਼ਮਣ ਦੇ ਆਹੂ ਲਾਹੁੰਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ। ਗੜ੍ਹੀ ਵਿੱਚ ਬੈਠੇ ਸਤਿਗੁਰੂ ਆਪਣੀਆਂ ਅੱਖਾਂ ਨਾਲ ਇੱਕ ਤੋਂ ਬਾਅਦ ਇੱਕ, ਦੋਹਾਂ ਸਾਹਿਬਜ਼ਾਦਿਆਂ ਨੂੰ ਦੁਸ਼ਮਣ ਫੌਜ ਨਾਲ ਜੂਝਦਿਆਂ ਅਤੇ ਦੁਸ਼ਮਣਾਂ ਦੇ ਆਹੂ ਲਾਹੁੰਦਿਆਂ ਸ਼ਹੀਦ ਹੁੰਦਿਆਂ ਵੇਖਦੇ ਹਨ।
ਦੁਜੇ ਪਾਸੇ ਦਾਦੀ, ਮਾਤਾ ਗੁਜਰੀ ਜੀ ਆਪਣੇ ਸੱਤ ਅਤੇ ਨੌਂ ਸਾਲ ਦੇ ਪੋਤਰਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹ ਸਿੰਘ ਨੂੰ ਤਿਆਰ ਕਰ ਆਪਣੇ ਦਾਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਯਾਦ ਕਰਵਾ, ਆਪਣੇ ਧਾਰਮਕ ਵਿਸ਼ਵਾਸ ਪੁਰ ਅਟੱਲ ਰਹਿਣ ਦੀ ਸਿਖਿਆ ਦੇ, ਸ਼ਹਾਦਤ ਪ੍ਰਾਪਤ ਕਰਨ ਲਈ ਭੇਜਦੇ ਹਨ। ਦਾਦੀ ਮਾਂ ਦੀ ਸਿਖਿਆ ਪ੍ਰਾਪਤ ਕਰ, ਦਾਦਾ ਸਤਿਗੁਰ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਦਿਲ ਵਿੱਚ ਵਸਾਈ ਮਾਸੂਮ ਬੱਚੇ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ’ ਦਾ ਜੈਕਾਰਾ ਗਜਾਂਦੇ ਜ਼ਾਲਮ ਹਾਕਮਾਂ ਦੀ ਕਚਹਿਰੀ ਵਿੱਚ ਪੁਜਦੇ ਹਨ। ਜੈਕਾਰਾ ਸੁਣ ਤੜਪੇ ਜ਼ਾਲਮ ਹਾਕਮ ਆਪਣੇ ਗੁੱਸੇ ਪੁਰ ਕਾਬੂ ਪਾ ਮਾਸੂਮ ਬੱਚੱਆਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਇਸਲਾਮ ਕਬੂਲ ਕਰਨ ਦੀ ਪ੍ਰੇਰਨਾ ਕਰਦੇ ਹਨ। ਪਰ ਮਾਸੂਮ ਬੱਚੇ ਆਪਣੇ ਦਾਦਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਦਾਦੀ ਮਾਂ ਦੀ ਸਿਖਿਆ ਪੁਰ ਪਹਿਰਾ ਦਿੰਦਿਆਂ ਸਾਰੇ ਲਾਲਚਾਂ ਨੂੰ ਠੁਕਰਾ ਦਿੰਦੇ ਹਨ। ਜਦੋਂ ਜ਼ਾਲਮ ਹਾਕਮ, ਆਪਣੇ ਵਲੋਂ ਦਿੱਤੇ ਗਏ ਲਾਲਚਾਂ ਨਾਲ ਗਲ ਬਣਦੀ ਨਹੀਂ ਵੇਖਦੇ ਤਾਂ ਧਮਕੀਆਂ ਤੇ ਮੌਤ ਡਰਾਵੇ ਦੇ ਕੇ, ਗਲ ਬਣਾਉਣ ’ਤੇ ਉਤਰ ਆਉਂਦੇ ਹਨ। ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਕੜ ਪੋਤਰੇ ਕਿਵੇਂ ਦਾਦੀ ਮਾਂ ਦੀ ਸਿਖਿਆ ਨੂੰ ਵਿਸਾਰ ਡਰ ਜਾਂਦੇ? ਉਹ ਹਰ ਧਮਕੀ ਅਤੇ ਡਰਾਵੇ ਦੇ ਸਾਹਮਣੇ ਅਡੋਲ ਰਹੇ। ਆਖਰ ਹਾਰ-ਹੁਟ ਜ਼ਾਲਮਾਂ ਨੇ ਮਾਸੂਮ ਬੱਚਿਆਂ ਨੂੰ ਦੀਵਾਰ ਦੀਆਂ ਨੀਂਹਾਂ ਵਿੱਚ ਚਿਣ ਸ਼ਹੀਦ ਕਰ ਦੇਣ ਦਾ ਫਤਵਾ ਜਾਰੀ ਕਰ ਦਿੱਤਾ। ਮਾਸੂਮ ਬੱਚੇ ਦੀਵਾਰ ਦੀਆਂ ਨੀਂਹਾਂ ਵਿੱਚ ਚਿਣ ਸ਼ਹੀਦ ਕਰ ਦਿੱਤੇ ਗਏ ਅਤੇ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸਿੱਖੀ-ਸਿਦਕ ਪੁਰ ਅਡੋਲ ਰਹਿੰਦਿਆਂ ਸ਼ਹਾਦਤ ਦੇ ਗਏ।
ਜਦੋਂ ਇਹ ਖਬਰ ਮਾਸੂਮ ਬੱਚਿਆਂ ਦੀ ਦਾਦੀ ਮਾਂ ਪਾਸ ਪੁਜੀ ਤਾਂ ਉਨ੍ਹਾਂ ਕੋਈ ਦੁਖ ਜਾਂ ਅਫਸੋਸ ਪ੍ਰਗਟ ਨਹੀਂ ਕੀਤਾ, ਸਗੋਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਉਨ੍ਹਾਂ ਦੇ ਪੋਤਰੇ ਆਪਣੇ ਦਾਦਾ ਅਤੇ ਨਕੜ ਦਾਦਾ ਦੇ ਪਦ-ਚਿਨ੍ਹਾਂ ਪੁਰ ਚਲਦਿਆਂ ਸ਼ਹਾਦਤ ਦਾ ਜਾਮ ਪੀ ਗਏ, ਪਰ ਆਪਣੇ ਸਿੱਖੀ-ਸਿਦਕ ਪੁਰ ਆਂਚ ਨਹੀਂ ਆਉਣ ਦਿੱਤੀ। ਉਨ੍ਹਾਂ ਅਕਾਲ ਪੁਰਖ ਦਾ ਧੰਨਵਾਦ ਕੀਤਾ, ਸਿਰ ਝੁਕਾਦਿਆਂ ਅਤੇ ਇਹ ਆਖਦਿਆਂ, ‘ਉਨ੍ਹਾਂ ਦਾ ਫਰਜ਼ ਪੂਰਾ ਹੋ ਗਿਐ’ ਪ੍ਰਾਣ ਤਿਆਗ ਦਿੱਤੇ।
ਜਦੋਂ ਛੋਟੇ ਸ਼ਾਹਿਜ਼ਾਦਿਆਂ ਦੇ ਸ਼ਹੀਦ ਹੋਣ ਦੀ ਵੀ ਖਬਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਪੁਜਦੀ ਹੈ ਤਾਂ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ਕਿ ਉਸਦੀ ਅਮਾਨਤ ਉਸਨੂੰ ਸੁਖੀ-ਸਾਂਦੀ ਪੁਜਦੀ ਹੋ ਗਈ ਹੈ।
ਸੋਚਣ ਤੇ ਵਿਚਾਰਨ ਵਾਲ਼ੀ ਗਲ ਹੈ ਕਿ ਉਨ੍ਹਾਂ ਦਾ ਇਹ ਕਥਨ ਕਿਤਨਾ ਮਹੱਤਵਪੂਰਣ ਹੈ, ਜਦੋਂ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਉਨ੍ਹਾਂ ਪਾਸੋਂ ਪੁਛ ਕੀਤੀ ਜਾਂਦੀ ਹੈ ਤਾਂ ਉਹ ਦੀਵਾਨ ਵਿੱਚ ਸਜੇ ਸਿੱਖਾਂ ਵਲ ਇਸ਼ਾਰਾ ਕਰ ਫੁਰਮਾਂਦੇ ਹਨ: ‘ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ’