ਮਾਵਾਂ ਰਹਿਣ ਜੀਊਂਦੀਆਂ ਜੱਗ ਤੇ,
ਮਾਂ ਹੁੰਦੀ ਰੈ ਰੱਬ ਦਾ ਨਾਂ।
ਪੜ੍ਹ ਲਉ ਵਿਚ ਗ੍ਰੰਥਾਂ ਭਾਵੇਂ, ਮਾਂ ਹੁੰਦੀ ਹੈ ਰੱਬ ਤੋਂ ਉੱਚੀ।
ਮਾਂ ਦੀ ਰੀਸ ,ਨਹੀਂ ਜੱਗ ਉਤੇ, ਮਾਂ ਦੀ ਮਮਤਾ ਸੱਚੀ-ਸੁੱਚੀ।
ਉਹਦੇ ਦਿਲ ਤੋਂ ਪੁੱਛ ਕੇ ਵੇਖੋ, ਜਿਸ ਨਾ ਵੇਖੀ ਆਪਣੀ ਮਾਂ,
ਮਾਵਾਂ ਰਹਿਣ ਜੀਊਂਦੀਆਂ ਜੱਗ ‘ਤੇ,ਮਾਂ ਹੁੰਦੀ ਹੈ ਰੱਬ ਦਾ ਨਾਂ।
ਬੱਚਿਆਂ ਨੂੰ ਜੋ ਪਾਲਣਹਾਰੀ, ਸਾਰੇ ਜੱਗ ਤੋਂ ਮਾਂ ਪਿਆਰੀ।
ਰਾਜੇ ਤੇ ਮਹਾਰਾਜੇ ਪੂਜਣ, ਮਾਂ ਹੁੰਦੀ ਏ ਪਰ-ਉੋਪਕਾਰੀ।
ਮਾਂ ਬੇਸ਼ਕ ਮਾਰੇ, ਝਿੜਕੇ, ਮੈਂ ਉਹਦੇ ਪੈਰ ਦੀ ਮਿੱਟੀ ਹਾਂ,
ਮਾਂਵਾਂ ਰਹਿਣ ਜੀਊਂਦੀਆਂ ਜੱਗ ‘ਤੇ,ਮਾਂ ਹੁੰਦੀ ਏ ਰੱਬ ਦਾ ਨਾਂ।
ਬੱਚਿਆਂ ਦਾ ਮਲ-ਮੂਤਰ ਧੋਂਦੀ, ਤਾਂ ਵੀ ਖੁਸ਼ੀ ਮਨਾਉਂਦੀ ਮਾਂ।
ਸੁੱਕੇ ਥਾਂ ਤੇ ਪਾ ਕੇ ਉਹਨੂੰ, ਗਿੱਲੇ ਥਾਂ ‘ਤੇ ਸਉਂਦੀ ਮਾਂ।
ਵੇਖੇ ਮੰਦਰ, ਗੁਰੁ -ਦੁਆਰੇ, ਮਾਂ ਵਰਗੀ ਨਾ ਲੱਭੀ ਥਾਂ,
ਮਾਂਵਾਂ ਰਹਿਣ ਜੀਊਂਦੀਆਂ ਜੱਗ ‘ਤੇ,ਮਾਂ ਹੁੰਦੀ ਏ ਰੱਬ ਦਾ ਨਾਂ।
ਬੱਚੇ ਦਾ ਕੰਨ ਤੱਤਾ ਹੋਵੇ, ਲੱਖ-ਲੱਕ ਮਾਵਾਂ ਕਰਨ ਦੁਆਵਾਂ।
ਰੱਬਾ! ਮੇਰੇ ਬੱਚਿਆਂ ਤਾਈਂ, ਸੁੱਖਾਂ ਭਰੀਆਂ ਆਉਣ ਹਵਾਵਾਂ।
ਔਖੇ ਵੇਲੇ ਮਾਂ ਹੀ ਆਪਣੇ , ਬੱਚਿਆਂ ਦੀ ਹੈ ਫੜਦੀ ਬਾਂਹ,
ਮਾਂਵਾਂ ਰਹਿਣ ਜੀਊਂਦੀਆਂ ਜੱਗ ‘ਤੇ,ਮਾਂ ਹੁਦੀ ਹੈ ਰੱਬ ਦਾ ਨਾਂ।
ਸਾਰੀ ਜ਼ਿੰਦਗੀ ਸੇਵਾ ਕਰਕੇ, ਮਾਂ ਦਾ ਕਰਜ਼ ਮੁਕਾ ਨਹੀਂ ਹੁੰਦਾ।
ਜੱਗ ਤੋਂ ਦੁੱਖ ਲੁਕਾ ਲਵਾਂਗੇ, ਮਾਂ ਤੋਂ ਦੁੱਖ ਲੁਕਾ ਨਹੀਂ ਹੁੰਦਾ।
“ਸੁਹਲ” ਲੱਖਾਂ ਛਾਵਾਂ ਹੋਵਣ, ਮਾਂ ਵਰਗੀ ਨਹੀਂ ਠੰਡੀ ਛਾਂ।
ਰਹਿਣ ਜੀਊਂਦੀਆਂ ਜੱਗ ‘ਤੇ ਮਾਵਾਂ, ਮਾਂ ਹੁੰਦੀ ਹੈ ਰੱਬ ਦਾ ਨਾਂ।