ਭਾਰਤ ਸਰਕਾਰ ਵੱਲੋਂ ਕਿਸਾਨੀ ਨੂੰ ਤਬਾਹ ਕਰਨ ਅਤੇ ਸਰਮਾਏਦਾਰਾਂ ਦੇ ਢਿੱਡ ਭਰਨ ਲਈ ਧੱਕੇ ਨਾਲ ਲਿਆਂਦੇ ਕਾਂਨੂੰਨਾਂ ਦੇ ਵਿਰੋਧ ਵਿਚ ਜਿੱਥੇ ਰਾਜਧਾਨੀ ਦੀਆਂ ਬਰੂਹਾਂ ਤੇ ਮੋਰਚੇ ਲੱਗੇ ਹੋਏ ਨੇ ਓਥੇ ਨਾਲ ਦੀ ਨਾਲ ਕਿਸਾਨ ਹਿਤੈਸ਼ੀਆਂ ਵੱਲੋਂ ਸਾਰੀ ਦੁਨੀਆਂ ਵਿੱਚ ਵੀ ਬਿੱਲਾਂ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਨਿੱਜੀ ਅਤੇ ਸਮੂਹਿਕ ਉਪਰਾਲਿਆਂ ਰਾਹੀਂ ਵੱਖ ਵੱਖ ਢੰਗ ਅਪਣਾ ਕੇ ਰੋਸ ਜਿਤਾਇਆ ਜਾ ਰਿਹਾ ਹੈ। ਇਸੇ ਲੜੀ ਦੇ ਤਹਿਤ ਮੈਲਬੌਰਨ ਪੜ੍ਹਦੀ ਵਿਦਿਆਰਥਣ ਬਲਜੀਤ ਕੌਰ ਵੱਲ਼ੋਂ ਨਿਵੇਕਲਾ ਢੰਗ ਅਪਣਾਇਆ ਗਿਆ। ਲੁਧਿਆਣਾ ਜਿਲੇ ਦੇ ਪਿੰਡ ਰੁੜਕਾ ਕਲਾਂ ਦੀ ਜੰਮਪਲ ਬਲਜੀਤ ਕੌਰ ਨੇ ਕਿਸਾਨੀ ਦੇ ਹੱਕ ਚ ਨਾਅਰੇ ਲਿਖੇ ਹੋਏ ਵਸਤਰ ਪਹਿਨ ਕੇ ਅਸਮਾਨ ਚੋ ਪੰਦਰਾਂ ਹਜ਼ਾਰ ਫੁੱਟ ਤੋਂ ਛਾਲ ਮਾਰ ਕੇ ਕਾਲੇ ਕਾਨੂੰਨਾਂ ਵਿਰੁੱਧ ਆਪਣਾ ਰੋਸ ਜਤਾਇਆ ਗਿਆ।
ਫੋਨ ਤੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਕਿਹਾ ਕਿ ਜਦ ਸਾਰੇ ਸੁਹਿਰਦ ਲੋਕ ਆਪਣੇ ਆਪਣੇ ਤੌਰ ਤੇ ਇਸ ਲੋਕ ਲਹਿਰ ਦਾ ਹਿੱਸਾ ਬਣ ਰਹੇ ਨੇ ਤਾਂ ਮੇਰੇ ਮਨ ਵਿੱਚ ਵੀ ਇਹ ਵਿਚਾਰ ਆਇਆ ਕਿ ਕਿਓਂ ਨਾ ਇਹ ਨਿਵੇਕਲੀ ਪਹਿਲ ਕੀਤੀ ਜਾਵੇ ਤਾਂ ਜੋ ਹੋਰ ਭਾਈਚਾਰਿਆਂ ਅਤੇ ਨਾ ਜਾਣਕਾਰ ਲੋਕਾਂ ਤੱਕ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਪਹੁੰਚਾਇਆ ਜਾਵੇ।
ਸੇਂਟ ਕਿਲਡਾ ਤੋਂ ਸਕਾਈਡਾਈਵ ਛਾਲਵਿਧੀ ਦੁਆਰਾ ਇਹ ਕਾਰਨਾਮਾ ਕਰਨ ਵਾਲੀ ਬਲਜੀਤ ਕੌਰ ਨੇ ਦੱਸਿਆ ਕਿ ਉੱਚੀਆਂ ਹਵਾਵਾਂ ਚ ਰਹਿਣ ਵਾਲੀਆਂ ਸਰਕਾਰਾਂ ਨੂੰ ਮੈਂ ਆਪਣਾ ਸੁਨੇਹਾ ਹਵਾ ‘ਚ ਵਿਰੋਧ ਕਰ ਕੇ ਦੇਣ ਦਾ ਨਿਰਣਾ ਕੀਤਾ ਅਤੇ ਉਸਦੇ ਇਸ ਕਦਮ ਦੀ ਲੋਕਾਂ ਦੁਆਰਾ ਸਿਫਤ ਕੀਤੀ ਜਾ ਰਹੀ ਹੈ। ਅਗਸਤ 2017 ਤੋਂ ਆਸਟਰੇਲੀਆ ਰਹਿ ਰਹੀ ਬਲਜੀਤ ਕੌਰ ਨੇ ਕਦੇ ਕਿਸੇ ਵੀ ਸ਼ੌਂਕ ਜਾਂ ਮਨੋਰੰਜਨ ਤੇ ਇੰਨੀ ਰਾਸ਼ੀ ਨਹੀਂ ਖਰਚੀ, ਜਿੰਨੀ ਕਿ ਆਪਣੀ ਸੀਮਤ ਕਮਾਈ ਵਿਚੋਂ ਇਸ ਕਾਰਜ ਦੇ ਲੇਖੇ ਲਾਈ ਗਈ। ਇਸ ਮੌਕੇ ਤੇ ਉਹਨਾਂ ਦੀ ਸਹਾਇਤਾ ਲਈ ਇੱਕ ਸਹਾਇਕ ਮੌਜੂਦ ਸੀ। ਅਸਮਾਨ ਵਿੱਚ ਉਹਨਾਂ ਬੋਲੇ ਸੋ ਨਿਹਾਲ ਦੇ ਜੈਕਾਰੇ, ਵਾਹਿਗੁਰੂ ਜੀ ਕਾ ਖਾਲਸਾ,ਵਾਹਿਗੁਰੂ ਜੀ ਕੀ ਫਤਿਹ ਜੀ ਅਤੇ ਕਿਸਾਨ ਮਜਦੂਰ ਏਕਤਾ ਦੇ ਨਾਅਰੇ ਵੀ ਲਾਏ।