ਮੁਖਤਿਆਰ ਸਿੰਘ ਜੋ ਪ੍ਰੋਗਰਾਮ ਬਣਾ ਕੇ ਆਇਆ ਸੀ। ਸੁਰਜੀਤ ਅਤੇ ਗਿਆਨ ਕੌਰ ਸਹਿਮਤ ਹੋ ਗਈਆਂ ਸਨ, ਪਰ ਅਜੇ ਹਰਨਾਮ ਕੌਰ ਨਾਲ ਇਸ ਬਾਰੇ ਕੋਈ ਵੀ ਗੱਲ ਨਹੀ ਸੀ ਕੀਤੀ, ਨਾਂ ਹੀ ਘਰ ਵਿਚ ਨਿਆਣਿਆਂ ਨੂੰ ਦੱਸਿਆ ਤਾਂ ਕੀ ਇਸ ਗੱਲ ਦਾ ਜਿਕਰ ਕਿਤੇ ਬਾਹਰ ਨਾਂ ਚਲਾ ਜਾਵੇ। ਗਿਆਨ ਕੌਰ ਨੇ ਵੀ ਇਹੀ ਸਲਾਹ ਦਿੱਤੀ, “ਲਾਵਾਂ ਹੋਣ ਤਕ ਇਹ ਭੇਦ, ਭੇਦ ਹੀ ਬਣਿਆ ਰਹੇ।” ਸੁਰਜੀਤ ਸਹਿਮਤ ਭਾਵੇਂ ਹੋ ਗਈ ਸੀ, ਪਰ ਵਿਚੋਂ ਮਾ ਹੋਣ ਦੇ ਨਾਤੇ ਉਸ ਦੇ ਕਾਲਜੇ ਨੂੰ ਧੂਹ ਪੈ ਰਹੀ ਸੀ ਕਿ ਆਹ ਕੋਈ ਕੁੜੀ ਤੋਰਨ ਦਾ ਢੰਗ ਥੌੜੀ ਆ। ਇਕ ਹੋਰ ਜੋ ਵੱਡਾ ਫਿਕਰ ਸੀ ਉਸ ਨੇ ਮੁਖਤਿਆਰ ਨਾਲ ਸਾਝਾਂ ਕੀਤਾ, “ਜੀ, ਵਿਆਹ ਤੋਂ ਬਾਅਦ ਦੀਪੀ ਰਹੂ ਕਿੱਥੇ।”
“ਜਿੱਥੇ ਦਿਲਪ੍ਰੀਤ ਰਹੂ।” ਮੁਖਤਿਆਰ ਨੇ ਕਿਹਾ, “ਹੋਰ ਕਿੱਥੇ ਰਹਿਣਾ।”
“ਦਿਲਪ੍ਰੀਤ ਦਾ ਤਾਂ ਕੋਈ ਥਾਂ ਟਿਕਾਣਾ ਹੀ ਨਹੀਂ।”
“ਫਿਰ ਮੈਂ ਕੀ ਕਰਾਂ।” ਮੁਖਤਿਆਰ ਨੇ ਖਿੱਝ ਕੇ ਕਿਹਾ।
ਸੁਰਜੀਤ ਮੁਖਤਿਆਰ ਦੀ ਗੱਲ ਸੁਣ ਕੇ ਚੁੱਪ ਹੋ ਗਈ। ਉਸ ਨੂੰ ਪਤਾ ਸੀ ਕਿ ਅਦਰੋਂ ਅੰਦਰੀ ਮੁਖਤਿਆਰ ਵੀ ਆਪਣੀ ਧੀ ਦੇ ਭੱਵਿਖ ਬਾਰੇ ਫਿਕਰਮੰਦ ਹੈ। ਗੱਲ ਹੋਰ ਪਾਸੇ ਪਾਉਣ ਲਈ ਸੁਰਜੀਤ ਨੇ ਕਿਹਾ, “ਦਿਲਪ੍ਰੀਤ ਨੇ ਕੀਤਾ ਤਾਂ ਕੁਛ ਨਹੀ, ਪਤਾ ਨਹੀ ਪੁਲੀਸ ਕਿਉਂ ਮਗਰ ਪਈਉ ਆ।”
“ਆਪਣੇ ਪਿੰਡ ਦੇ ਬਟੇਰਿਆ ਦੇ ਮੁੰਡੇ ਨੇ ਕੀ ਕੀਤਾ ਸੀ, ਪਰਸੋ ਦੀ ਪੁਲੀਸ ਚੁੱਕ ਕੇ ਲੈ ਗਈ ਆ।”
“ਕਹਿੰਦੇ ਉਹ ਵੀ ਭਿੰਡਰਾਂਵਾਲੇ ਦਾ ਸ਼ਰਧਾਲੂ ਸੀ।”
“ਕਿੰਨੇ ਕੁ ਫੜੀ ਜਾਣਗੇ? ਭਿੰਡਰਾਵਾਲੇ ਦਾ ਬਹਾਨਾ ਲਾ ਕੇ।”
“ਜੇ ਕੋਈ ਪੁੱਛੇ ਪਈ ਤੁਸੀ ਭਿੰਡਰਾਵਾਲੇ ਸ਼ਹੀਦ ਵੀ ਕਰ ਦਿੱਤੇ, ਹੁਣ ਕਿਸ ਤੋਂ ਡਰਦੇ ਹੋ।”
“ਭਿੰਡਰਾਂਵਾਲੇ ਦੀ ਸੋਚ ਤੋਂ।” ਮੁਖਤਿਆਰ ਨੇ ਇਕਦਮ ਕਿਹਾ, “ਤੂੰ ਛੱਡ ਇਹ ਗੱਲਾਂ ਜਿਹੜੀ ਸਿਰ ਤੇ ਪਈ ਆ, ਉਹਦੇ ਬਾਰੇ ਸੋਚ।” ੳਦੋਂ ਹੀ ਹਰਨਾਮ ਕੌਰ ਨੇ ਮੁਖਤਿਆਰ ਨੂੰ ਅਵਾਜ਼ ਮਾਰੀ, “ਮੁਖਤਿਆਰ ਜਰਾ ਕੁ ੳਰੇ ਆਈ ਤੇਰੇ ਭਾਪੇ ਨੂੰ ਗੁਸਲਖਾਣੇ ਵਿਚ ਖੜ੍ਹਨਾ ਆ।
“ਆਇਆ, ਬੀਬੀ।” ਕਹਿ ਕੇ ਮੁਖਤਿਆਰ ਇੰਦਰ ਸਿੰਘ ਦੇ ਮੰਜੇ ਕੋਲ ਚਲਾ ਗਿਆ। “ਕਾਕਾ, ਵਿਆਹ ਦੇ ਦਿਨ ਨੇੜੇ ਆ ਰਹੇ ਆ।” ਇੰਦਰ ਸਿੰੰਘ ਉੱਠਣ ਲਈ ਆਪਣੀ ਬਾਂਹ ਮੁਖਤਿਆਰ ਦੇ ਮੋਢਿਆਂ ਤੇ ਰੱਖਦਾ ਹੋਇਆ ਬੋਲਿਆ, “ਤਿਆਰੀ-ਤਿਉਰੀ ਤੁਹਾਡੀ ਮੱਠੀ ਆ।”
“ਭਾਪਾ ਜੀ, ਮੁੰਡੇ ਵਾਲੇ ਵਿਆਹ ਸਾਦਾ ਹੀ ਚਾਹੁੰਦੇ ਆ।”
“ਫਿਰ ਵੀ, ਆਲਾ-ਦੁਆਲਾ ਤਾਂ ਸਵਾਰ ਲਵੋ, ਚੌਹ ਬੰਦਿਆ ਨੂੰ ਰੋਟੀ ਤਾਂ ਖਿਲਾਵੋਂਗੇ”
“ਸ਼ੈਦ ਵਿਆਹ ਲੇਟ ਕਰ ਦਈਏ।” ਮੁਖਤਿਆਰ ਨੇ ਕਿਹਾ, “ਅੱਗੇ ਜਾ ਕੇ ਜਦੋਂ ਪੁਲੀਸ ਤੇ ਮੁੰਡਿਆ ਦਾ ਚੱਕਰ ਘੱਟ ਜਾਵੇਗਾ, ੳਦੋਂ ਦੇਖ ਲਵਾਂਗੇ।”
“ਇਹ ਚੱਕਰ ਘੱਟਣਾ ਨਹੀਂ, ਸਗੋਂ ਵਧਣਾ ਹੀ ਆ।” ਇੰਦਰ ਸਿੰਘ ਬੋਲਿਆ, “ਤੁਸੀਂ ਕੁੜੀ ਦੇ ਹੱਥ ਪੀਲੇ ਕਰਨ ਦੀ ਗਲ ਕਰੋ।”
“ਕੋਈ ਨਹੀਂ, ਸੋਚ ਲੈਂਦੇ ਆਂ।”
“ਕਾਕਾ, ਤੇਰੀਆਂ ਗੱਲਾਂ ਤੋਂ ਮੈਨੂੰ ਤਾਂ ਦਾਲ ਵਿਚ ਕੁਝ ਕਾਲ੍ਹਾ ਕਾਲ੍ਹਾ ਲੱਗਦਾ ਆ।”
ਇੰਦਰ ਸਿੰਘ ਦੀ ਇਸ ਗੱਲ ਦਾ ਜ਼ਵਾਬ ਮੁਖਤਿਆਰ ਨੂੰ ਸੁੱਝ ਨਹੀਂ ਸੀ ਰਿਹਾ। ਉਸ ਨੇ ਆਪਣੇ ਮਨ ਵਿਚ ਹੀ ਫੈਂਸਲਾ ਕੀਤਾ ਕਿ ਜਦੋਂ ਇੰਦਰ ਸਿੰਘ ਨਹਾ ਕੇ ਗੁਸਲਖਾਨੇ ਵਿਚੋਂ ਬਾਹਰ ਆਵੇਗਾ। ਉਹ ਸਾਰੀ ਗੱਲ ਉਸ ਨੂੰ ਦੱਸ ਦੇਵੇਗਾ।
ਇੰਦਰ ਸਿੰਘ ਨੇ ਸਾਰੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ, “ਫਿਰ ਤਾਂ ਪੁਤਰਾ, ਜੋ ਤੁਸੀ ਸਭ ਕਰ ਰਹੇ ਹੋ, ਉਹ ਹੀ ਠੀਕ ਆ।”
ਪਿਉ-ਪੁੱਤਰ ਦੀਆਂ ਗੱਲਾਂ ਅਜੇ ਖਤਮ ਵੀ ਨਹੀ ਹੋਈਆਂ ਸਨ ਕਿ ਪਿੰਡ ਦੇ ਚੌਕੀਦਾਰ ਨੇ ਗੇਟ ਕੋਲ ਖੜਕੇ ਅਵਾਜ਼ ਮਾਰੀ, “ਸਰਦਾਰ ਜੀ, ਘਰੇ ਹੋ, ਸਰਪੰਚ ਨੇ ਸੁਨੇਹਾ ਘੱਲਿਆ ਸੂ।”
“ਆ ਜਾ, ਬਿਸ਼ਨਿਆ, ਲੰਘ ਆ।” ਮੁਖਤਿਆਰ ਗੇਟ ਵੱਲ ਨੂੰ ਜਾਂਦਾ ਕਹਿ ਰਿਹਾ ਸੀ, “ਕੀ ਸੁਨੇਹਾ ਭੇਜਿਆ, ਸਰਪੰਚਾਂ ਹੋਰਾਂ।”
“ਜਲੰਧਰ ਕਿਸੇ ਐਮ.ਪੀ ਨੂੰ ਮਿਲਣ ਜਾਣਾ ਆ ਇਕੱਠੇ ਹੋ ਕੇ ਪਿੰਡ ਦੇ ਬੰਦਿਆਂ ਨੇਂ, ਬਟੇਰਿਆਂ ਦੇ ਮੁੰਡੇ ਲਈ, ਸਰਪੰਚ ਨੇ ਤਹਾਨੂੰ ਵੀ ਕਿਹਾ ਕਿ ਕੱਲ ਨੂੰ ਤਿਆਰ ਰਹੋ।”
ਮੁਖਤਿਆਰ ਚੌਕੀਦਾਰ ਨੂੰ ਘਰ ਦੇ ਅੰਦਰ ਲੈ ਆਇਆ। ਚਾਹ-ਪਾਣੀ ਪਿਲਾਇਆ। ਗੱਲਾਂ ਕਰਦਾ ਕਰਦਾ ਚੌਕੀਦਾਰ ਕਹਿਣ ਲੱਗਾ, “ਪਤਾ ਲਗਾ, ਤੁਹਾਡੇ ਜਵਾਈ ਦੇ ਮਗਰ ਵੀ ਪੁਲੀਸ ਪਈਉ ਆ।”
ਮੁਖਤਿਆਰ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਿ ਜਿਹੜੀ ਗੱਲ ਉਹਨਾਂ ਆਪਣੇ ਵਲੋਂ ਲੁਕਾ ਕੇ ਰੱਖੀ ਹੋਈ ਆ ਉਹ ਤਾਂ ਸਾਰੇ ਪਿੰਡ ਨੂੰ ਪਤਾ ਹੈ। ਇਸ ਗੱਲ ਵਿਚ ਕੋਈ ਝੂਠ ਵੀ ਨਹੀਂ ਸੀ। ਇਸ ਲਈ ਉਸ ਨੇ ਕਹਿ ਦਿੱਤਾ, “ਚਾਚਾ, ਗੱਲ ਤੇਰੀ ਠੀਕ ਹੀ ਆ।”
“ਕਹਿੰਦੇ ਆ ਵਿਆਹ ਵੀ ਕੈਂਸਲ ਹੋ ਗਿਆ।”
“ਕੈਂਸਲ ਤਾਂ ਨਹੀਂ ਹੋਇਆ, ਲੇਟ ਭਾਵੇਂ ਹੋ ਜਾਵੇ।
“ਇਹ ਵੀ ਪਤਾ ਲਗਾ ਆ ਕਿ ਪੁਲੀਸ ਤੋਂ ਡਰਦਾ ਮੁੰਡਾ ਤੁਹਾਡੇ ਘਰ ਵੀ ਕਈ ਦਿਨ ਲੁਕਿਆ ਰਿਹਾ ਆ।”
“ਚਾਚਾ, ਹਾਅ ਝੂਠ ਆ।”
“ਲੋਕੀ ਕਹਿੰਦੇ ਆ, ਮੈਨੂੰ ਤਾਂ ਕੁਝ ਪਤਾ ਨਹੀ।”
“ਲੋਕਾਂ ਦਾ ਤਾਂ ਚਾਚਾ ਤਹਾਨੂੰ ਪਤਾ ਹੀ ਹੈ, ਖੰਭਾਂ ਦੀਆਂ ਡਾਰਾਂ ਬਣਾ ਲੈਂਦੇ ਆ।”
“ਚੰਗਾ ਫਿਰ ਮੈਂ ਚਲਦਾ ਹਾਂ, ਚੌਧਰੀ ਹੁਕਮ ਰਾਮ ਦੇ ਵੀ ਜਾਣਾ ਆ।”
ਚੌਕੀਦਾਰ ਦੇ ਜਾਣ ਤੋਂ ਬਾਅਦ ਮੁਖਤਿਆਰ ਨੇ ਸੋਚਿਆ ਜਿੰਨੀ ਛੇਤੀ ਦੀਪੀ ਦਾ ਵਿਆਹ ਦਿਲਪ੍ਰੀਤ ਨਾਲ ਹੋ ਜਾਵੇ, ਉਨਾ ਹੀ ਚੰਗਾ ਹੈ, ਨਹੀਂ ਤਾਂ ਲੋਕਾਂ ਨੇ ਗੱਲਾਂ ਹੋਰ ਦੀਆਂ ਹੋਰ ਬਣਾਈ ਹੀ ਜਾਣੀਆਂ ਨੇ।
ਹੱਕ ਲਈ ਲੜਿਆ ਸੱਚ – (ਭਾਗ-58)
This entry was posted in ਹੱਕ ਲਈ ਲੜਿਆ ਸੱਚ.