ਫ਼ਤਹਿਗੜ੍ਹ ਸਾਹਿਬ – “ਲੰਮੇਂ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਉਤੇ ਵੱਡੀ ਗਿਣਤੀ ਵਿਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀਆਂ ਵੱਡੀਆਂ ਖੇਪਾਂ ਫੜ੍ਹੀਆਂ ਜਾਂਦੀਆ ਆ ਰਹੀਆ ਹਨ, ਪਰ ਅੱਜ ਤੱਕ ਇਥੋਂ ਦੇ ਨਿਵਾਸੀਆ ਨੂੰ ਨਾ ਤਾਂ ਅਜਿਹੀ ਕੋਈ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਫੜ੍ਹੇ ਜਾਣ ਵਾਲੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਕਿੰਨੀ ਗਿਣਤੀ ਅਤੇ ਮਾਤਰਾ ਹੈ, ਨਾ ਹੀ ਇਹ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਫੜ੍ਹੇ ਗਏ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਨੂੰ ਸਰਕਾਰੀ ਨਜ਼ਰਸਾਨੀ ਹੇਠ ਕਿਥੇ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਕਿਨ੍ਹਾਂ ਅਧਿਕਾਰੀਆਂ ਦੀ ਦੇਖਰੇਖ ਵਿਚ ਅਜਿਹੇ ਨਜਾਇਜ ਹਥਿਆਰ ਤੇ ਨਸ਼ੀਲੇ ਪਦਾਰਥ ਦੇ ਭੰਡਾਰ ਰਿਕਾਰਡ ਵਿਚ ਹਨ ? ਸਾਨੂੰ ਇਹ ਵੱਡਾ ਖਦਸਾ ਹੈ ਕਿ ਸਰਹੱਦਾਂ ਉਤੇ ਫੜ੍ਹੇ ਜਾਣ ਵਾਲੇ ਇਨ੍ਹਾਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਜੋ ਅੱਜ ਤੱਕ ਜਾਂਚ ਹੀ ਨਹੀਂ ਕੀਤੀ ਗਈ, ਉਸ ਤੋਂ ਇਨ੍ਹਾਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਹਕੂਮਤੀ ਪੱਧਰ ਉਤੇ ਜਾਂ ਅਫ਼ਸਰਸ਼ਾਹੀ ਦੇ ਪੱਧਰ ਉਤੇ ਵੱਡੀ ਦੁਰਵਰਤੋਂ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਲੰਮੇ ਸਮੇਂ ਤੋਂ ਪੰਜਾਬ ਦੀਆਂ ਸਰਹੱਦਾਂ ਉਤੇ ਫੜ੍ਹੇ ਜਾਣ ਵਾਲੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਜਿਸ ਵਿਚ ਹੈਰੋਇਨ, ਗਾਂਜਾ, ਭੁੱਕੀ, ਅਫੀਮ, ਨਸ਼ੀਲੀਆਂ ਗੋਲੀਆ, ਸ਼ਰਾਬ ਆਦਿ ਦੀਆਂ ਦੀ ਅੱਜ ਤੱਕ ਕਿਸੇ ਤਰ੍ਹਾਂ ਦੀ ਨਿਰਪੱਖਤਾ ਨਾਲ ਜਾਂਚ ਨਾ ਹੋਣ ਅਤੇ ਇਥੋਂ ਦੇ ਨਿਵਾਸੀਆ ਨੂੰ ਅਜਿਹੀ ਜਾਣਕਾਰੀ ਪ੍ਰਦਾਨ ਨਾ ਕਰਨ ਦੀ ਕਾਰਵਾਈ ਉਤੇ ਗਹਿਰਾ ਦੁੱਖ ਜਾਹਰ ਕਰਦੇ ਹੋਏ ਅਤੇ ਅਜਿਹੇ ਦੋਸਪੂਰਨ ਨਿਜਾਮ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੋ ਸਰਕਾਰਾਂ ਨੇ ਪੰਜਾਬੀਆਂ ਨੂੰ ਨਵੇਂ ਹਥਿਆਰਾਂ ਦੇ ਲਾਈਸੈਸ ਦੇਣੇ ਬੰਦ ਕਰ ਦਿੱਤੇ ਹਨ, ਇਹ ਵੀ ਹੋ ਸਕਦਾ ਹੈ ਇਨ੍ਹਾਂ ਫੜ੍ਹੇ ਗਏ ਗੈਰ-ਕਾਨੂੰਨੀ ਹਥਿਆਰਾਂ ਨੂੰ ਉਹ ਦੋ ਨੰਬਰ ਵਿਚ ਖਰੀਦਣ ਦਾ ਰੁਝਾਨ ਵੱਧ ਗਿਆ ਹੋਵੇ । ਕਿਉਂਕਿ ਪੰਜਾਬੀ ਅਤੇ ਸਿੱਖ ਕੌਮ ਨੂੰ ਹਥਿਆਰ ਰੱਖਣ ਦਾ ਸੌਂਕ ਵੀ ਹੈ ਅਤੇ ਇਸ ਨੂੰ ਫਖ਼ਰ ਵੀ ਪ੍ਰਵਾਨ ਕਰਦੇ ਹਨ । ਇਹ ਸਾਡੇ ਧਰਮ ਨਾਲ ਵੀ ਜੁੜੀ ਹੋਈ ਗੱਲ ਹੈ ਕਿ ‘ਸਸਤਰ ਕੇ ਅਧੀਨ ਹੈ ਰਾਜ’। ਦੂਸਰੇ ਪਾਸੇ ਹਿੰਦੂ ਧਰਮ ਵਿਚ ਵਿਸਵਾਸ ਕਰਨ ਵਾਲੇ ਲੋਕ ਮੂਰਤੀ ਪੂਜਾ ਦੇ ਨਾਲ-ਨਾਲ ਧਨ-ਦੌਲਤਾਂ ਦੇ ਭੰਡਾਰਾਂ ਇਕੱਤਰ ਕਰਨ ਦੇ ਸੌਕੀਨ ਹਨ, ਭਾਵੇ ਉਹ ਕਿਸੇ ਤਰ੍ਹਾਂ ਦੇ ਵੀ ਗਲਤ ਢੰਗ ਨਾਲ ਕਿਉਂ ਨਾ ਆਏ । ਸਾਡਾ ਇਥੇ ਇਹ ਜਨਤਾ ਤੇ ਅਮਨ ਚੈਨ ਪੱਖੀ ਵਿਚਾਰ ਹੈ ਕਿ ਜੇਕਰ ਸਰਕਾਰ ਹਥਿਆਰ ਰੱਖਣ ਦੇ ਚਾਹਵਾਨਾਂ ਨੂੰ ਲਾਈਸੈਸ ਜਾਰੀ ਕਰਕੇ ਹਥਿਆਰ ਦੇਵੇ ਤਾਂ ਉਹ ਰਿਕਾਰਡ ਤੇ ਹੋਵੇਗਾ ਤੇ ਸਰਕਾਰ ਨੂੰ ਸਮੇਂ-ਸਮੇਂ ਨਾਲ ਇਹ ਜਾਣਕਾਰੀ ਮਿਲਦੀ ਰਹੇਗੀ ਕਿ ਉਨ੍ਹਾਂ ਹਥਿਆਰਾਂ ਦੀ ਕਿਤੇ ਗਲਤ ਵਰਤੋਂ ਹੋਈ ਹੈ ਜਾਂ ਨਹੀਂ । ਜੋ ਹਥਿਆਰ ਦੋ ਨੰਬਰ ਵਿਚ ਖਰੀਦੇ ਜਾ ਰਹੇ ਹਨ, ਉਸ ਨਾਲ ਸਰਕਾਰ ਨੂੰ ਕਾਨੂੰਨੀ ਵਿਵਸਥਾਂ ਨੂੰ ਕਾਇਮ ਰੱਖਣ ਅਤੇ ਅਪਰਾਧਿਕ ਕਾਰਵਾਈਆ ਨੂੰ ਠੱਲ੍ਹ ਪਾਉਣ ਵਿਚ ਵੱਡੀ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ । ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਡਰੋਨ ਜਹਾਜ਼ਾਂ ਰਾਹੀ ਅਤੇ ਹੋਰ ਸਾਧਨਾਂ ਰਾਹੀ ਹਥਿਆਰਾਂ ਦੀ ਸਪਲਾਈ ਨਿਰੰਤਰ ਜਾਰੀ ਹੈ । ਜਿਸ ਨਾਲ ਕਿਸੇ ਸਮੇਂ ਵੀ ਵੱਡੀ ਸਮਾਜਿਕ ਮੁਸ਼ਕਿਲ ਉਤਪੰਨ ਹੋ ਸਕਦੀ ਹੈ । ਦੂਸਰਾ ਚੀਨ ਅਤੇ ਪਾਕਿਸਤਾਨ ਦੇ ਗੁਆਂਢੀ ਮੁਲਕਾਂ ਨਾਲ ਇੰਡੀਆ ਦੀ ਦੁਸ਼ਮਣੀ ਚੱਲਦੀ ਆ ਰਹੀ ਹੈ । ਜਿਸ ਨੂੰ ਸਮਾਂ ਆਉਣ ਤੇ ਰੋਕਣ ਲਈ ਸਰਹੱਦੀ ਸੂਬੇ ਦੇ ਨਿਵਾਸੀਆ, ਪੰਜਾਬੀਆਂ, ਸਿੱਖਾਂ ਜਿਨ੍ਹਾਂ ਨੂੰ ਹਥਿਆਰਾਂ ਦਾ ਆਪਣੀ ਕੌਮੀਅਤ ਦੇ ਤੌਰ ਤੇ ਸੌਂਕ ਵੀ ਹੈ ਉਹ ਆਪਣੇ ਲਾਈਸੈਸੀ ਹਥਿਆਰਾਂ ਨਾਲ ਅਜਿਹੇ ਔਖੇ ਸਮੇਂ ਦੁਸ਼ਮਣ ਤਾਕਤਾਂ ਦਾ ਜੁਆਬ ਦੇਣ ਦੇ ਸਮਰੱਥ ਵੀ ਬਣ ਸਕਣਗੇ ਅਤੇ ਇਨ੍ਹਾਂ ਹਥਿਆਰਾਂ ਰਾਹੀ ਕਦੀ ਵੀ ਕੋਈ ਨਜਾਇਜ ਗੈਰ ਕਾਨੂੰਨੀ ਅਮਲ ਹੋਣ ਦੀਆਂ ਕਾਰਵਾਈਆ ਵੀ ਰੋਕੀਆ ਜਾ ਸਕਦੀਆ ਹਨ । ਨਸ਼ੀਲੇ ਪਦਾਰਥਾਂ ਨੂੰ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਪੁਲਿਸ ਨਾਲ ਮਿਲੀਭੁਗਤ ਕਰ ਚੁੱਕੇ ਅਨਸਰ ਰਾਹੀ ਵੇਚ ਦਿੱਤਾ ਜਾਂਦਾ ਹੋਵੇ ਅਤੇ ਅਜਿਹੇ ਹਥਿਆਰਾਂ ਰਾਹੀ ਵੱਡੇ ਪੱਧਰ ਤੇ ਅਪਰਾਧਿਕ ਕਾਰਵਾਈਆ ਵੀ ਹੁੰਦੀਆਂ ਹੋਣ । ਜੋ ਸਮਾਜ ਵਿਚ ਅਪਰਾਧਿਕ ਅਤੇ ਸਮਾਜ ਦੇ ਅਮਨ ਚੈਨ ਨੂੰ ਡੂੰਘੀ ਸੱਟ ਮਾਰਨ ਵਾਲੀਆ ਕਾਰਵਾਈਆ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਨਸਾਫ਼ ਦੇ ਤਕਾਜੇ ਅਤੇ ਇਥੇ ਸਥਾਈ ਤੌਰ ਤੇ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੇ ਬਿਨ੍ਹਾਂ ਤੇ ਜੋਰਦਾਰ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਨਿਰਪੱਖਤਾ ਨਾਲ ਜਾਂਚ ਹੋਣ ਦੇ ਨਾਲ-ਨਾਲ ਜਨਤਕ ਤੌਰ ਤੇ ਸਮੁੱਚੇ ਪੰਜਾਬੀਆਂ ਨੂੰ ਜਾਣਕਾਰੀ ਪ੍ਰਦਾਨ ਕਰਨੀ ਚਾਹੀਦੀ ਹੈ ਕਿ ਇਨ੍ਹਾਂ ਹਥਿਆਰਾਂ ਦੇ ਅਤੇ ਫੜ੍ਹੇ ਗਏ ਨਸ਼ੀਲੇ ਪਦਾਰਥਾਂ ਦੇ ਭੰਡਾਰ ਕਿਹੜੇ ਸਥਾਂਨ ਤੇ ਕਿਸ ਅਫ਼ਸਰ ਦੀ ਨਿਗਰਾਨੀ ਹੇਠ ਇਹ ਸੁਰੱਖਿਅਤ ਹਨ ਅਤੇ ਉਨ੍ਹਾਂ ਦੀ ਗਿਣਤੀ ਤੇ ਮਾਤਰਾ ਕਿੰਨੀ ਹੈ ? ਤਾਂ ਕਿ ਪੁਲਿਸ ਵਿਭਾਗ ਅਤੇ ਸਰਕਾਰਾਂ ਇਨ੍ਹਾਂ ਦੋਵਾਂ ਵਸਤਾਂ ਦੀ ਆਪਣੇ ਰਾਜਨੀਤਿਕ ਅਤੇ ਮਾਲੀ ਮਕਸਦਾਂ ਦੀ ਪੂਰਤੀ ਲਈ ਦੁਰਵਰਤੋਂ ਨਾ ਕਰ ਸਕਣ ਅਤੇ ਸਮਾਜ ਵਿਚ ਅਪਰਾਧਿਕ ਕਾਰਵਾਈਆ ਨਾ ਹੋ ਸਕਣ ।