ਨਵੀਂ ਦਿੱਲੀ – ਕ੍ਰਿਕਟਰ ਸੌਰਵ ਗਾਂਗਲੀ ਨੂੰ ਦਿਲ ਦਾ ਦੌਰਾ ਪੈਣ ਕਾਰਣ ਪਿੱਛਲੇ ਕੁਝ ਦਿਨਾਂ ਤੋਂ ਉਹ ਹਸਪਤਾਲ ਵਿੱਚ ਦਾਖਿਲ ਹਨ। ਗਾਂਗਲੀ ਦੇ ਹਾਰਟ ਅਟੈਕ ਤੋਂ ਬਾਅਦ ਅਡਾਨੀ ਗਰੁੱਪ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਸਲ ਵਿੱਚ ਇਸ ਦੀ ਵਜ੍ਹਾ ਅਡਾਨੀ ਦੀ ਕੰਪਨੀ ਦਾ ਫਾਰਚੂਨ ਰਾਈਸ ਬਰਾਨ ਕੁਕਿੰਗ ਆਇਲ ਹੈ, ਜਿਸ ਦੀ ਐਡ ਸੌਰਵ ਗਾਂਗਲੀ ਕਰਦੇ ਹਨ। ਇਸ ਇਸ਼ਤਿਹਾਰ ਵਿੱਚ ਸੌਰਵ ਗਾਂਗਲੀ ਇਹ ਕਹਿੰਦੇ ਵਿਖਾਈ ਦਿੰਦੇ ਹਨ ਕਿ ਇਸ ਤੇਲ ਦੀ ਵਰਤੋਂ ਕਰਨ ਨਾਲ ਹਾਰਟ ਮਜ਼ਬੂਤ ਹੁੰਦਾ ਹੈ ਅਤੇ ਇਹ ਦਿਲ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
ਅਡਾਨੀ ਦੀ ਕੰਪਨੀ ਦੁਆਰਾ ਦਿੱਤੀ ਜਾ ਰਹੀ ਇਸ ਐਡ ਦੀ ਸੋਸ਼ਲ ਮੀਡੀਆ ਤੇ ਕਾਫ਼ੀ ਕਿਰਕਿਰੀ ਹੋ ਰਹੀ ਹੈ। ਗਾਂਗਲੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਅਡਾਨੀ ਗਰੁੱਪ ਨੇ ਆਪਣੀ ਕੰਪਨੀ ਦੇ ਕੁਕਿੰਗ ਆਇਲ ਦੇ ਸਾਰੇ ਇਸ਼ਤਿਹਾਰ ਹਾਲ ਦੀ ਘੜੀ ਬੰਦ ਕਰ ਦਿੱਤੇ ਹਨ। ਕੰਪਨੀ ਦੇ ਉਚ ਅਧਿਕਾਰੀਆਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਐਡ ਤੇ ਇਹ ਰੋਕ ਅਸਥਾਈ ਤੌਰ ਤੇ ਲਗਾਈ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਸੌਰਵ ਦੇ ਨਾਲ ਕੰਮ ਕਰਦੇ ਰਹਾਂਗੇ ਅਤੇ ਉਹ ਸਾਡੇ ਅੰਬੈਸਡਰ ਬਣੇ ਰਹਿਣਗੇ। ਆਪਣੀ ਕੰਪਨੀ ਦਾ ਬਚਾਅ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਰਾਈਸ ਬਰਾਨ ਆਇਲ ਕੋਈ ਦਵਾਈ ਨਹੀਂ ਹੈ, ਇਹ ਤਾਂ ਸਿਰਫ਼ ਇੱਕ ਕੁਕਿੰਗ ਤੇਲ ਹੈ।