ਨਨਕਾਣਾ ਸਾਹਿਬ- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਮਾਮਲੇ ਵਿਚ
ਫਾਂਸੀ ਦੇ ਕੇ ਸ਼ਹੀਦ ਕੀਤੇ ਭਾਈ ਸਤਵੰਤ ਸਿੰਘ ਅਤੇ ਭਾਈ ਕੇਹਰ ਸਿੰਘ ਜੀ ਦੀ ੩੨ ਵੀਂ ਬਰਸੀ
ਅੱਜ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣ ਸਾਹਿਬ ਵਿਖੇ ਮਨਾਈ ਗਈ।
ਸੋਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਕੀਰਤਨ ਉਪਰੰਤ ਗ੍ਰੰਥੀ ਭਾਈ ਪ੍ਰੇਮ ਸਿੰਘ ਨੇ ਸੰਗਤਾਂ ’ਚ
ਆਪਣੇ ਵੀਚਾਰ ਰੱਖਦਿਆਂ ਕਿਹਾ ਕਿ ਅੱਜ ਦਾ ਦਿਨ ਸਿੱਖ ਕੌਮ ਦੇ ਅਜੋਕੇ ਇਤਿਹਾਸ ਵਿੱਚ
ਬਹੁਤ ਮਹੱਤਵਪੂਰਨ ਦਿਨ ਹੈ।ਅੱੱਜ ਤੋਂ ੩੨ ਵਰੇ ਪਹਿਲਾਂ ੬ ਜਨਵਰੀ ੧੯੮੯ ਦੀ ਸਵੇਰ ਨੂੰ ਭਾਈ
ਕੇਹਰ ਸਿੰਘ ਅਤੇ ਭਾਈ ਸਤਵੰਤ ਸਿੰਘ ਨੂੰ ਤਿਹਾੜ ਜੇਲ ਵਿੱਚ ਫ਼ਾਂਸੀ ਦਿੱਤੀ ਗਈ ਸੀ। ਜਿਸ ਕਰਕੇ
ਪੰਜਾਬ ਪੂਰਨ ਤੌਰ ’ਤੇ ਤਿੰਨ ਦਿਨ ਬੰਦ ਰਿਹਾ ਸੀ। ‘ਨੀਲਾ ਤਾਰਾ ਸਾਕਾ’ ਨੇ ਸਿੱਖ ਮਾਨਸਿਕਤਾ ਨੂੰ ਜਖ਼ਮੀ
ਕਰ ਕੇ ਰੱਖ ਦਿੱਤਾ ਸੀ।ਅੱਜ ਵੀ ਸਾਡੇ ਅੰਦਰੋਂ ਉਸ ਦੇ ਜਖ਼ਮ ਭਰੇ ਨਹੀਂ ਹਨ। ਸਾਡਾ ਸਿਰ ਹਮੇਸ਼ਾਂ ਇਨ੍ਹਾਂ ਦੀ
ਕੁਰਬਾਨੀ ਅੱਗੇ ਝੁਕਦਾ ਰਹੇਗਾ ਕਿਉਂਕਿ ਉਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲੇ ਦਾ ਬਦਲਾ ਲੈਣ ਲਈ ਨਹੀਂ ਬਲਕਿ ਖ਼ਾਲਸਾਈ ਰਵਾਇਤਾ ਅਨੁਸਾਰ ‘ਪਾਪੀ ਕੋ ਦੰਡ ਦੀਓਏ’ ਦੀ ਸੇਵਾ ਨਿਭਾਈ।
ਸ੍ਰ. ਜਨਮ ਸਿੰਘ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕਰਦੇ ਕਿਹਾ ਇਹ ਸ਼ਹੀਦੀ ਦਿਹਾੜੇ ਅਸੀਂ ਤਾਂ ਮਨਾਉਂਦੇ ਹਾਂ, ਤਾਂ ਕਿ ਨਵੀਂ ਪੀੜ੍ਹੀ ਜੋ ਉਸ ਸਮੇਂ ਪੈਦਾ ਨਹੀਂ ਹੋਈ ਸੀ ਜਾਂ ਛੋਟੀ ਸੀ। ਪਾਕਿਸਤਾਨ ’ਚ ਪੈਦਾ ਹੋਣ ਕਰਕੇ ਉਨ੍ਹਾਂ ਨੇ ਪੜਿਆ ਨਾ ਹੋਵੇ ਉਨ੍ਹਾਂ ਨੂੰ ਪਤਾ ਚਲ ਸਕੇ ਸਾਡੇ ਨਾਲ ਕੀ-ਕੀ ਵਾਪਰਿਆ ਹੈ। ਜੁਝਾਰੂ ਕੌਮਾਂ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸ਼ਹੀਦਾਂ ਨੂੰ ਮਾਣ ਸਤਿਕਾਰ ਦੇਣ। ਜਿਹੜਾ ਵੀ ਕਿਸੇ ਖਾਸ ਮਕਸਦ ਲਈ ਸ਼ਹੀਦ ਹੁੰਦਾ ਹੈ। ਉਸ ਦੀ ਲੋਕਾਂ ਦੇ ਦਿਲਾਂ ਵਿਚ ਇਕ ਖ਼ਾਸ ਜਗ੍ਹਾਂ ਬਣ ਜਾਂਦੀ ਹੈ ਜਿਸ ਤਰ੍ਹਾਂ ਸ਼ਹੀਦ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਜੀ ਦੀ ਬਣੀ ਹੋਈ ਹੈ।ਇਨ੍ਹਾਂ ਨੂੰ ਕੋਈ ਵੀ ਸਾਡੇ ਦਿਲਾ ਚੋਂ ਬਹਾਰ ਨਹੀਂ ਕੱਢ ਸਕਦਾ ਹੈ ਕਿਉਂਕਿ ਇੰਨ੍ਹਾਂ ਦੀਆਂ ਸ਼ਹਾਦਤਾਂ ਨਿਆਰੀਆਂ ਹਨ। ਇਹ ਸਾਡੇ ਇਤਿਹਾਸ ਅੰਦਰ ਵਿਸ਼ੇਸ਼ ਅਸਥਾਨ ਰੱਖਦੇ ਹਨ। ਹਿੰਦੋਸਤਾਨ ਦੀ ਜਾਲਮ ਸਰਕਾਰ ਕੂੜ-ਝੂਠ ਜ਼ੁਲਮ ਦਾ ਸਹਾਰਾ ਲੈ ਕੇ ਹਮੇਸ਼ਾਂ ਸਿੱਖ ਸੰਘਰਸ਼ ਨੂੰ ਬਦਨਾਮ ਕਰਨ ਪਿੱਛੇ ਪਈ ਰਹੀ ਹੈ ਤਾਂ ਕਿ ਦੁਨੀਆਂ ਨੂੰ ਪਤਾ ਹੀ ਨਾ ਚਲ ਸਕੇ ਕਿ ਇਹ ਸੰਘਰਸ਼ ਕਰ ਕਿਉਂ ਰਹੇ ਹਨ। ਜਿਸ ਤਰ੍ਹਾਂ ਅੱਜ ਕਲ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਨੂੰ ਬਦਨਾਮ ਕਰਨ ਲਈ ਮੋਦੀ ਮੀਡੀਆ ਜੋਰ ਲਗਾ ਰਿਹਾ ਹੈ।
ਇਹ ਲੋਕ ਤਾਂ ਭਾਈ ਘਨੱਈਆ ਜੀ ਦੇ ਪਾਏ ਪੂਰਨਿਆਂ ਤੇ ਚਲਣ ਵਾਲੀ ਭਾਈ ਰਵੀ ਸਿੰਘ ਜੀ ਦੀ ‘ਖ਼ਾਲਸਾ ਏਡ’ ਨੂੰ ਵੀ ਨਹੀਂ ਬਖ਼ਸ਼ ਰਹੇ ਹਨ। ਪਰ ਕੁਦਰਤ ਖ਼ਾਲਸਾ ਜੀ ਕੇ ਹੋਰ ਬੋਲ-ਬਾਲੇ ਅਤੇ ਚੜ੍ਹਦੀਕਲਾ ਬਖ਼ਸ਼ ਰਹੀ ਹੈ।
ਪ੍ਰਣਾਮ ਹੈ ਉਨ੍ਹਾਂ ਵਿਰਲੇ ਜਾਂਬਾਜ਼ਾਂ ਨੂੰ ਜੋ ਲਿਖ ਜਾਂਦੇ ਨੇ ਸੁਨਿਹਰੀ ਇਤਿਹਾਸ ।
ਸਲਾਮ ਹੈ ਉਨ੍ਹਾਂ ਵਿਰਲੇ ਉਦਮੀਆਂ ਨੂੰ ਜੋ ਸਾਂਭ ਜਾਂਦੇ ਸਾਡਾ ਇਤਿਹਾਸ ।
ਇਸ ਮੌਕੇ ’ਤੇ ‘ਪੰਜਾਬੀ ਸਿੱਖ ਸੰਗਤ’ ਦੇ ਸਰਦਾਰ ਕਪਿਲਰਾਜ ਸਿੰਘ ਵੱਲੋਂ ਸਿੱਖ ਨੌਜਵਾਨਾਂ ਦੇ ਦਸਤਾਰ ਬੰਦੀ, ਦੁਮਾਲਾ, ਵੇਟਲਿਫਟਿੰਗ ਅਤੇ ਬਾਡੀ ਬਿਲਡਿੰਗ ਦੇ ਮੁਕਾਬਲੇ ਕਰਵਾਏ ਗਏ। ਪਹਿਲੇ ਨੰਬਰ ਦੂਜੇ ਅਤੇ ਤੀਸਰੇ ਨੰਬਰ ਤੇ ਆਉਣ ਵਾਲੇ ਨੌਜਵਾਨਾਂ ਨੂੰ ਸ਼ੀਲਡਾਂ ਤੇ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।
ਸਟੇਜ ਸੈਕਟਰੀ ਦੀ ਸੇਵਾ ਮਾਸਟਰ ਬਲਵੰਤ ਸਿੰਘ ਵੱਲੋਂ ਨਿਭਾਈ ਗਈ। ਮਾਸਟਰ ਜੀ ਨੇ ਭਾਈ ਕਪਿਲਰਾਜ ਸਿੰਘ ਦੇ ਵਿਸ਼ੇਸ਼ ਉਪਰਾਲੇ ਲਈ ਧੰਨਵਾਦ ਕੀਤਾ ਅਤੇ ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।