ਲਾਕਡਾਊਨ ਦੌਰਾਨ ਸੋਨੂੰ ਸੂਦ ਵਲੋਂ ਕੀਤੇ ਗਏ ਨੇਕ ਕੰਮਾਂ ਕਰਕੇ ਫਿਲਮਮੇਕਰ ਉਨ੍ਹਾਂ ਨੂੰ ਲੀਡ ਰੋਲਾਂ ਲਈ ਅਪਰੋਚ ਕਰਨ ਲੱਗੇ ਹਨ। ਇੰਨਾ ਹੀ ਨਹੀਂ ਲੋਕ ਉਨ੍ਹਾਂ ਦੀ ਈਮੇਜ਼ ਨੂੰ ਵੇਖਦੇ ਹੋਏ ਸਕਰਿਪਟ ਵੀ ਬਦਲ ਰਹੇ ਹਨ। ਸੋਨੂੰ ਨੇ ਇਕ ਸਾਊਥ ਇੰਡੀਅਨ ਫਿ਼ਲਮ ‘ਆਚਾਰੀਆ” ਨਾਲ ਜੁੜਿਆ ਇਕ ਰੋਚਕ ਕਿੱਸਾ ਦੱਸਿਆ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਸਾਊਥ ਫਿ਼ਲਮਾਂ ਦੇ ਸੁਪਰਸਟਾਰ ਚਿਰੰਜੀਵੀ ਨੇ ਸੋਨੂੰ ਸੂਦ ਨੂੰ ਕੁੱਟਣੋਂ ਇਨਕਾਰ ਕਰ ਦਿੱਤਾ।
ਸੋਨੂੰ ਨੇ ਦੱਸਿਆ ਕਿ ਅਸੀਂ ਇਕ ਐਕਸ਼ਨ ਸੀਨ ਸੂ਼ਟ ਕਰ ਰਹੇ ਸਾਂ। ਇਸ ਦੌਰਾਨ ਚਿਰੰਜੀਵੀ ਸਰ ਨੇ ਕਿਹਾ ਫਿਲਮ ਵਿੱਚ ਤੁਹਾਡਾ ਹੋਣਾ ਸਾਡੇ ਲਈ ਸਭ ਤੋਂ ਵੱਡੀ ਮੁਸ਼ਕਲ ਹੈ, ਕਿਉਂਕਿ ਐਕਸ਼ਨ ਸੀਨ ਵਿੱਚ ਮੈਂ ਤੈਨੂੰ ਕੁੱਟ ਨਹੀਂ ਸਕਦਾ। ਉਨ੍ਹਾਂ ਨੇ ਕਿਹਾ ਕਿ ਜੇ ਮੈਂ ਅਜਿਹਾ ਕਰਦਾ ਹਾਂ ਤਾਂ ਲੋਕੀਂ ਮੈਨੂੰ ਗਾਲ੍ਹਾਂ ਕੱਢਣਗੇ। ਸੋਨੂੰ ਨੇ ਕਿਹਾ ਕਿ ਫਿਲਮ ਵਿਚ ਇਕ ਸੀਨ ਹੋਰ ਸੀ, ਜਿਸ ਵਿੱਚ ਉਨ੍ਹਾਂ ਨੇ ਮੇਰੇ ਉਪਰ ਆਪਣੇ ਪੈਰ ਰੱਖੇ ਸਨ, ਉਸਨੂੰ ਵੀ ਦੁਬਾਰਾ ਸ਼ੂਟ ਕੀਤਾ ਗਿਆ।
ਲਾਕਡਾਊਨ ਦੌਰਾਨ ਸੋਨੂੰ ਸੂਦ ਵਲੋਂ ਕੀਤੇ ਗਏ ਚੰਗੇ ਕੰਮਾਂ ਕਰਕੇ ਇਕ ਤੇਲਗੂ ਫਿਲਮ ਦੇ ਮੇਕਰ ਨੇ ਉਨ੍ਹਾਂ ਦੀ ਨਵੀਂ ਇਮੇਜ਼ ਅਨੁਸਾਰ ਫਿਲਮ ਵਿੱਚ ਤਬਦੀਲੀ ਕੀਤੀ ਹੈ। ਇਸ ਕਰਕੇ ਉਨ੍ਹਾਂ ਨੂੰ ਆਪਣਾ ਪੋਰਸ਼ਨ ਦੁਬਾਰਾ ਸ਼ੂਟ ਕਰਨਾ ਪਵੇਗਾ। ਸੋਨੂੰ ਨੇ ਕਿਹਾ ਕਿਹਾ ਹੁਣ ਉਸਨੂੰ ਹੀਰੋ ਦੇ ਰੋਲ ਮਿਲ ਰਹੇ ਹਨ। ਮੈਨੂੰ ਚਾਰ ਪੰਜ ਵਧੀਆ ਸਕਰਿਪਟ ਮਿਲੀਆਂ ਹਨ। ਇਹ ਮੇਰੀ ਨਵੀਂ ਸ਼ੁਰੂਆਤ ਹੈ। ਇਹ ਨਵੀਂ ਪਿੱਚ ਹੈ, ਜਿਹੜੀ ਵਧੀਆ ਅਤੇ ਮਜ਼ੇਦਾਰ ਰਹੇਗੀ।
ਜਿ਼ਕਰਯੋਗ ਹੈ ਕਿ ਲਾਕਡਾਊਨ ਦੌਰਾਨ ਸੋਨੂੰ ਸੂਦ ਨੇ ਪ੍ਰਵਾਸੀ ਮਜਦੂਰਾਂ ਨੂੰ ਮੁੰਬਈ ਤੋਂ ਦੇਸ਼ ਦੇ ਦੂਰ ਦੁਰੇਡੇ ਵੱਸੇ ਘਰਾਂ ਵਿਚ ਪਹੁੰਚਾਣ ਵਿਚ ਮਦਦ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਬੱਸਾਂ, ਗੱਡੀਆਂ ਅਤੇ ਹਵਾਈ ਜਹਾਜ਼ਾਂ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰੀਂ ਪਹੁੰਚਾਇਆ। ਨਾਲ ਹੀ ਲੋਕਾਂ ਲਈ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ।