ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ) – ਸਮਾਜ ਵਿਚ ਕੁੜੀਆਂ ਨੂੰ ਮੁੰਡਿਆਂ ਬਰਾਬਰ ਸਮਝਣ ਵਾਲੀ ਜਾਗਰੂਕਤਾ ਫੈਲਾਉਣ ਹਿੱਤ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਨਿੱਗਰ ਉਪਰਾਲੇ ਕਰਦੀਆਂ ਆ ਰਹੀਆਂ ਹਨ। ਲੋਹੜੀ ਦੇ ਤਿਊਹਾਰ ਨੂੰ ਮੁੱਖ ਰੱਖ ਕੇ ਪੰਜਾਬ ਦੇ ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਅਤੇ ਮੁਹੱਲਿਆਂ ਵਿਚ ਵੀ ਲੜਕੀਆਂ ਦੀ ਲੋਹੜੀ ਮਨਾਈ ਜਾਂਦੀ ਹੈ। ਇਸੇ ਲੜੀ ਵਿਚ ਸਮਾਜ ਵਿਚ ਵਿਚਰਦੀ ਸਮਾਜ ਸੇਵੀ ਸੰਸਥਾ ‘ਏਕਤਾ ਹਿਉਮਨ ਰਾਈਟਸ ਬਿਊਰੋ’ ਵਲੋਂ ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਸਥਿਤ ਪਿੰਡ ਮੁੰਡੀਆਂ ਖੁਰਦ ਨੇੜੇ ਫੋਰਟਿਸ ਹਸਤਾਲ ਅਤੇ ਸਾਹਮਣੇ ਰਤਨ ਹੈਮਰ) ਵਿਖੇ 51 ਧੀਆਂ ਦੀ ਲੋਹੜੀ 11 ਜਨਵਰੀ 2021 ਨੂੰ ਮਨਾਈ ਜਾ ਰਹੀ ਹੈ।
ਇਸ ਸਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਧੀਆਂ ਦੀ ਲੋਹੜੀ ਵੰਡ ਸਮਾਗਮ ਦੀ ਸੰਚਾਲਕਾ ਅਤੇ ਸੰਸਥਾ ਦੀ ਜਨਰਲ ਸਕੱਤਰ ਮੈਡਮ ਕਰਮਜੀਤ ਕੌਰ ਸਿਮਰਨ ਅਤੇ ਸ. ਵਰਿੰਦਰਵੀਰ ਸਿੰਘ ਗੋਗੀ ਓਨਰ ਮਾਲਵਾ ਟੂਰ ਟ੍ਰੈਵਲ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਇਸ ਸਮਾਗਮ ਲਈ ਵੱਡਾ ਸਹਿਯੋਗ ਭਾਈ ਬੂਟਾ ਸਿੰਘ ਜੀ, ਬੇਬੇ ਨਾਨਕੀ ਸੇਵਾ ਸੁਸਾਇਟੀ ਪਿੰਡ ਈਸਾਪੁਰ (ਮਾਛੀਵਾੜਾ) ਹੁਰਾਂ ਦਾ ਹੈ ਜੋ ਖੁਦ ਹਰ ਸਾਲ ਇਲਾਕੇ ਵਿਚ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਵਿਆਹ ਲਈ ਵੱਡਾ ਉਪਰਾਲਾ ਕਰਦੇ ਹਨ।
ਮੈਡਮ ਕਰਮਜੀਤ ਕੌਰ ਨੇ ਦੱਸਿਆ ਕਿ ਸਮਾਜ ਵਿਚ ਆਈ ਜਾਗਰੂਕਤਾ ਸਦਕਾ ਹੁਣ ਧੀਆਂ ਪ੍ਰਤੀ ਮਾਪਿਆਂ ਅਤੇ ਲੋਕਾਂ ਦੀ ਸੋਚ ਬਦਲ ਰਹੀ ਹੈ। ਲੜਕੀਆਂ ਸਿੱਖਿਅਤ ਹੋ ਕੇ ਹਰ ਖੇਤਰ ਵਿਚ ਅੱਗੇ ਵਧ ਰਹੀਆਂ ਹਨ। ਅਸੀਂ ਸਮਾਜ ਨੂੰ ਧੀਆਂ ਦਾ ਪੁੱਤਰਾਂ ਵਾਂਗ ਹੀ ਸਤਿਕਾਰ ਕਰਨ ਲਈ ਪ੍ਰੇਰ ਰਹੇ ਹਾਂ। ਧੀਆਂ ਦੀ ਲੋਹੜੀ ਸਮਾਗਮ ਵੀ ਇਸੇ ਦਿਸ਼ਾ ਵਿਚ ਇਕ ਉਪਰਾਲਾ ਤੇ ਯਤਨ ਹੈ।
ਉਨਹਾਂ ਦੱਸਿਆ ਕਿ ਭਾਈ ਬੂਟਾ ਸਿੰਘ ਜੀ ਜੋ ਕੀਰਤਨੀ ਜੱਥੇ ਵਜੋਂ ਵੀ ਸੇਵਾ ਨਿਭਾਉਂਦੇ ਹਨ, ਉਸ ਦਿਨ ਉਚੇਚੇ ਤੌਰ ‘ਤੇ ਪੁੱਜ ਕੇ 51 ਨਵ ਜੰਮੀਆਂ ਧੀਆਂ ਨੂੰ ਅਤੇ ਉਨ੍ਹਾਂ ਦੀਆਂ ਮਾਤਾਵਾਂ ਅਸ਼ੀਰਵਾਦ ਦੇਣਗੇ। ਇਸ ਮੌਕੇ 51 ਬੱਚੀਆਂ ਨੂੰ ਕੱਪੜੇ, ਖਿਡੌਣੇ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਵੀ ਕੱਪੜੇ ਦਿੱਤੇ ਜਾਣਗੇ। ਨਾਲ ਹੀ ਲੋਹੜੀ ਬਾਲ ਕੇ ਸਭ ਨੂੰ ਰਸਮ ਅਨੁਸਾਰ ਮੂੰਗਫਲੀ ਅਤੇ ਰਿਓੜੀਆਂ ਵੀ ਵੰਡੀਆਂ ਜਾਣਗੀਆਂ। ਉਨ੍ਹਾਂ ਨਾਲ ਪ੍ਰਸਿੱਧ ਕਬੱਡੀ ਕੁਮੈਂਟੇਟਰ ਅਤੇ ਅੰਪਾਇਰ ਹਰਜੀਤ ਸਿੰਘ ਲੱਲ ਕਲਾਂ ਵੀ ਪੂਰਨ ਸਹਿਯੋਗ ਕਰ ਰਹੇ ਹਨ।