ਦੇਸ਼ ਦੀਆਂ ਸਮੂਹ ਕਿਸਾਨ ਜੱਥੇਬੰਦੀਆਂ ’ਤੇ ਅਧਾਰਿਤ ‘ਸੰਯੁਕਤ ਕਿਸਾਨ ਮੋਰਚੇ’ ਦੇ ਸੱਦੇ ਲੋਕ-ਵਿਰੋਧੀ ਕਾਲੇ ਕਾਨੂੰਨ ਅਗਨ-ਭੇਂਟ ਕਰਕੇ ਲੋਹੜੀ ਮਨਾਕੇ ਕਿਸਾਨ-ਮਜ਼ਦੂਰ ਜੱਥੇਬੰਦੀਆਂ ਵੱਲੋਂ ਆਰੰਭੇ ਦੇਸ਼-ਪੱਧਰੀ ਕਿਸਾਨ/ਇਨਸਾਨ ਵਿਰੋਧੀ ਖੇਤੀ ਕਾਨੂੰਨਾ ਵਿਰੁੱਧ ਅੰਦੋਲਨ ਦਾ ਹੱਕ ਵਿਚ ਇਪਟਾ ਦੇ ਰੰਗਕਰਮੀਆਂ ਤੇ ਕਲਾਕਾਰਾਂ ਨੇ ਹਾਅ ਦਾ ਨਾਹਰਾ ਮਾਰਿਆ।
ਚੰਡੀਗੜ੍ਹ ਵਿਖੇ ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਅਤੇ ਇਪਟਾ, ਚੰਡੀਗੜ੍ਹ ਦੇ ਜਨਰਲ ਸੱਕਤਰ ਕੇ.ਐਨ.ਐਸ. ਸੇਖੌਂ, ਕਪੂਰਥਲਾ ਵਿਖੇ ਇਪਟਾ, ਪੰਜਾਬ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਬਠਿੰਡਾ ਵਿਖੇ ਇਪਟਾ, ਦੀ ਜਿਲ੍ਹਾ ਇਕਾਈ ਦੇ ਕਨਵੀਨਰ ਜੇ. ਸੀ. ਪਰਿੰਦਾ ਅਤੇ ਅੰਮ੍ਰਿਤਸਰ ਸਾਹਿਬ ਵਿਖੇ ਜਿਲਾ ਪ੍ਰਧਾਨ ਬਲਬੀਰ ਸਿੰਘ ਮੂਦਲ ਦੀ ਰਹਿਨੁਮਾਈ ਹੇਠ ਲੋਕ-ਵਿਰੋਧੀ ਕਾਲੇ ਕਾਨੂੰਨ ਅਗਨ ਭੇਂਟ ਕੀਤੇ।
ਇਸ ਮੌਕੇ ਨਾਟਕਰਮੀ ਸੰਜੀਵਨ ਸਿੰਘ ਨੇ ਕਿਹਾ ਕਿ ਹਿੰਦੋਸਤਾਨ ਦੇ ਹਾਕਿਮ ਨੇ ਤਾਕਤ ਦੇ ਨਸ਼ੇ ਵਿਚ ਚੂਰ ਤੇ ਮਗ਼ਰੂਰ ਹੋ ਕੇ ਧੱਕੇਸ਼ਾਹਆਂ, ਵਧੀਕੀਆਂ ਤੇ ਆਪਹੁਦਰੀਆਂ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ।ਖੇਤੀ ਦੇ ਧੰਦੇ ਨੂੰ ਤਬਾਹ ਤੇ ਬਰਬਾਦ ਕਰਨ ਵਾਲੇ ਤਿੰਨੇ ਕਾਲੇ ਕਾਨੂੰਨ ਵੀ ਇਸੇ ਕੜੀ ਦਾ ਹਿੱਸਾ ਹਨ।ਸੈਕੜਿਆਂ ਸਾਲਾਂ ਬਾਅਦ ਸੱਤਾ ਪ੍ਰਾਪਤੀ, ਉਹ ਵੀ ਪੂਰਣ ਬੁਹਮੱਤ ਨਾਲ। ਦੌਲਤ, ਸ਼ੌਹਰਤ ਤੇ ਸੱਤਾ ਪਚਾਉਂਣੀ ਜਣੇ-ਖਣੇ ਦੇ ਵੱਸ ਦਾ ਕੰਮ ਨਹੀਂ।
ਚੰਡੀਗੜ੍ਹ ਸੈਕਟਰ 17 ਵਿਖੇ ਹੋਰਨਾ ਤੋਂ ਇਲਾਵਾ ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋਫੈਸਰ ਮਨਜੀਤ ਸਿੰਘ, ਫਿਲਮਕਾਰ ਸੁਰਿੰਦਰ ਰੀਹਾਲ, ਕਲਮਕਾਰ ਗੁਰਦਰਸ਼ਨ ਸਿੰਘ ਮਾਵੀ, ਮਲਕੀਤ ਬਸਰਾ, ਰੰਗਕਰਮੀ ਹਰਇੰਦਰ ਹਰ, ਸਤਨਾਮ ਸਿੰਘ ਦਾਊਂ, ਜਸਪ੍ਰੀਤ ਜੱਸੂ, ਰਿਸ਼ਮਰਾਗ ਸਿੰਘ, ਹਰਕੀਰਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਜਿਨਾਂ ਲੋਕ ਅੰਦੋਲਨ ਵਿਚ ਤਬਦੀਲ ਹੋ ਚੁੱਕੇ ਕਿਸਾਨ ਅੰਦੋਲਨ ਨੂੰ ਅੱਤਵਾਦੀ, ਨਕਸਲਵਾਲੀ, ਟੁਕੜੇ-ਟੁਕੜੇ ਗੈਂਗ ਜਾ ਕੋਈ ਹੋਰ ਦੂਸ਼ਣ ਲਾ ਕੇ ਬਦਨਾਮ ਕਰ ਰਹੀ ਹੈ, ਉਨਾਂ ਹੀ ਅੰਦੋਲਨ ਹੋਰ ਵੀ ਤਿੱਖਾ ਤੇ ਪ੍ਰਚੰਡ ਹੋ ਰਿਹਾ ਹੈ।