ਵਾਸ਼ਿੰਗਟਨ – ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਮੱਰਥਕਾਂ ਦੁਆਰਾ ਕੈਪੀਟਲ ਹਿਲ ਵਿੱਚ ਪਿੱਛਲੇ ਹਫ਼ਤੇ ਹੋਏ ਹਮਲੇ ਤੋਂ ਬਾਅਦ ਉਥੇ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਸਕਿਊਰਟੀ ਨੈੰ ਵੇਖਦੇ ਹੋਏ ਸੁਰੱਖਿਆ ਏਜੰਸੀਆਂ ਨੇ ਹਾਊਸ ਦੇ ਮੈਂਬਰਾਂ ਅਤੇ ਸੈਨੇਟਰਾਂ ਦੇ ਲਈ ਇਹ ਜਰੂਰੀ ਕਰ ਦਿੱਤਾ ਗਿਆ ਹੈ ਕਿ ਸੱਭ ਨੂੰ ਸੰਸਦ ਵਿੱਚ ਐਂਟਰ ਹੋਣ ਤੋਂ ਪਹਿਲਾਂ ਮੈਟਲ ਡੀਟੈਕਟਰ ਵਿੱਚੋਂ ਗੁਜ਼ਰਨਾ ਹੋਵੇਗਾ। ਡੈਮੋਕਰੇਟ ਪਾਰਟੀ ਦੀ ਹਾਊਸ ਆਫ਼ ਰੀਪ੍ਰੈਜੇਂਟੇਟਿਵਸ ਦੀ ਸਪੀਕਰ ਨੈਂਸੀ ਪਲੋਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।
ਹਾਊਸ ਅਤੇ ਸੈਨਿਟ ਦੇ ਸਾਰੇ ਕਾਂਗਰਸਮੈਨ ਅਤੇ ਸੈਨੇਟਰਾਂ ਨੂੰ ਮੈਟਲ ਡੀਟੈਕਟਰ ਵਿੱਚੋਂ ਗੁਜ਼ਰਨ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇਸ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਹਿਲੀ ਵਾਰ 5000 ਹਜ਼ਾਰ ਡਾਲਰ ਦਾ ਜੁਰਮਾਨਾ ਲਗਾਇਆ ਜਾਵੇਗਾ। ਦੂਸਰੀ ਵਾਰ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ 10000 ਡਾਲਰ ਦਾ ਜੁਰਮਾਨਾ ਅਦਾ ਕਰਨਾ ਹੋਵੇਗਾ। ਜੁਰਮਾਨੇ ਦੀ ਰਕਮ ਸੰਸਦ ਮੈਂਬਰਾਂ ਦੀ ਤਨਖਾਹ ਵਿੱਚੋਂ ਕਟ ਲਈ ਜਾਵੇਗੀ। ਨੈਂਸੀ ਪਲੋਸੀ ਅਨੁਸਾਰ ਪੀਪੁਲਸ ਹਾਊਸ ਦੇ ਚੈਂਬਰ ਨੂੰ ਸੁਰੱਖਿਅਤ ਰੱਖਣ ਦੇ ਲਈ ਇਹ ਕਦਮ ਉਠਾਉਣੇ ਜਰੂਰੀ ਹੋ ਗਏ ਹਨ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਦੀ ਨਵੰਬਰ ਵਿੱਚ ਹੋਈ ਜਿੱਤ ਦੇ ਸਬੰਧ ਵਿੱਚ ਕੈਪੀਟਲ ਹਿਲ ਤੇ 6 ਨਵੰਬਰ ਨੂੰ ਰਸਮੀ ਤੌਰ ਤੇ ਉਨ੍ਹਾਂ ਦੀ ਜਿੱਤ ਨੂੰ ਮਨਜੂਰੀ ਦਿੱਤੀ ਜਾਣੀ ਸੀ। ਉਸ ਸਮੇਂ ਹੀ ਭਾਰੀ ਸੰਖਿਆ ਵਿੱਚ ਟਰੰਪ ਦੇ ਸਮੱਰਥਕਾਂ ਨੇ ਉਥੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਾਫੀ ਤੋੜਭੰਨ੍ਹ ਵੀ ਕੀਤੀ ਗਈ ਸੀ। ਸੁਰੱਖਿਆ ਨੂੰ ਵੇਖਦੇ ਹੋਏ ਹਾਊਸ ਵਿੱਚ ਅੰਦਰ ਜਾਣ ਵਾਲੇ ਮੁੱਖ ਗੇਟ ਤੇ ਮੈਟਲ ਡੀਟੈਕਟਰ ਲਗਾ ਦਿੱਤੇ ਗਏ ਹਨ। ਪਿੱਛਲੇ ਕਈ ਸਾਲਾਂ ਤੋੰ ਕੈਪੀਟਲ ਅਤੇ ਹੋਰ ਫੈਡਰਲ ਇਮਾਰਤਾਂ ਵਿੱਚ ਤਾਂ ਪਹਿਲਾਂ ਤੋਂ ਹੀ ਆਫਿਸ ਦੇ ਸਟਾਫ ਅਤੇ ਮਹਿਮਾਨਾਂ ਦੇ ਅੰਦਰ ਜਾਣ ਦੇ ਲਈ ਮੈਗਨੇਟੋਮੀਟਰ ਦਾ ਇਸਤੇਮਾਲ ਹੁੰਦਾ ਰਿਹਾ ਹੈ।