ਹਾਕਮ ਪੁੱਛੇ ਮੀਡੀਆ ਨੂੰ-
‘ਪਤਾ ਲਗਾਓ-
ਕਿ ਕਿਸ ਦਾ ਹੈ ਹੱਥ-
ਇਸ ਅੰਦੋਲਨ ਦੇ ਪਿੱਛੇ?’
ਚੀਨ ਦਾ? ਪਾਕਿਸਤਾਨ ਦਾ?
ਐਨ ਆਰ ਆਈਜ਼ ਦਾ?
ਜਾਂ ਖਾਲਿਸਤਾਨ ਦਾ?
ਉਸ ਨੂੰ ਕੌਣ ਸਮਝਾਏ-
ਕਿ ਇਸ ਦੇ ਪਿੱਛੇ ਤਾਂ ਹੱਥ ਹੈ-
ਧਰਤੀ ਦੇ ਮੋਹ ਦਾ
ਲੋਕਾਂ ਦੇ ਰੋਹ ਦਾ
ਮਜ਼ਲੂਮਾਂ ਦੀ ਚਿੱਟੇ ਦਿਨ
ਹੁੰਦੀ ਲੁੱਟ ਖੋਹ ਦਾ
ਤੇ ਲੋਕਾਂ ਨੂੰ ਚਿੰਬੜੀਆਂ ਜੋਕਾਂ
ਪ੍ਰਤੀ ਉੱਠੇ ਵਿਦਰੋਹ ਦਾ।
ਤੇ ਇਸ ਦੀ ਅਗਵਾਈ
ਕਰਨ ਵਾਲਿਆਂ ਦੇ ਪਿੱਛੇ
ਇੱਕ ਲੰਬਾ ਇਤਿਹਾਸ ਹੈ-
ਮੁਜ਼ਾਰਿਆਂ ਤੋਂ ਮਾਲਕ ਬਨਾਉਣ ਵਾਲੇ-
ਬਾਬਾ ਬੰਦਾ ਸਿੰਘ ਬਹਾਦਰ ਦਾ!
ਤੇ ਦਿੱਲੀ ਨੂੰ ਫਤਹਿ ਕਰਨ ਵਾਲੇ-
ਸਰਦਾਰ ਬਘੇਲ ਸਿੰਘ ਦਾ!
ਤੇ ਇਹਨਾਂ ਦੇ ਸੀਸ ਤੇ ਹੱਥ ਹੈ-
ਬਾਬਰ ਨੂੰ ਜਾਬਰ ਕਹਿਣ ਵਾਲੇ-
ਬਾਬੇ ਨਾਨਕ ਦਾ!
ਜਬਰ ਦਾ ਮੁਕਾਬਲਾ
ਸਬਰ ਨਾਲ ਕਰਨ ਵਾਲੇ-
ਗੁਰੂ ਅਰਜਨ ਦਾ!
ਮਨੁੱਖੀ ਹੱਕਾਂ ਲਈ
ਸੀਸ ਕਟਾਉਣ ਵਾਲੇ-
ਗੁਰੂ ਤੇਗ ਬਹਾਦਰ ਦਾ!
ਤੇ ਜ਼ਾਲਿਮ ਨੂੰ
ਜ਼ਫਰਨਾਮਾ ਲਿਖਣ ਵਾਲੇ-
ਸਰਬੰਸ ਦਾਨੀ ਦਸ਼ਮੇਸ਼ ਪਿਤਾ ਦਾ!
ਤੇ ਇਸ ਵਿੱਚ ਸ਼ਾਮਲ ਨੇ-
ਕਿਸਾਨ ਵੀ ਵਪਾਰੀ ਵੀ
ਮਜ਼ਦੂਰ ਵੀ ਲਿਖਾਰੀ ਵੀ
ਪੇਂਡੂ ਵੀ ਤੇ ਸ਼ਹਿਰੀ ਵੀ
ਹਿੰਦੂ ਵੀ ਤੇ ਮੁਸਲਿਮ ਵੀ
ਸਿੱਖ ਵੀ ਈਸਾਈ ਵੀ!
ਇਸ ਵਿੱਚ ਸ਼ਾਮਲ ਨੇ-
ਭੈਣਾਂ ਵੀ ਤੇ ਵੀਰ ਵੀ
ਬੱਚੇ ਵੀ ਤੇ ਬਿਰਧ ਸਰੀਰ ਵੀ
ਧੀਆਂ ਵੀ ਤੇ ਮਾਵਾਂ ਵੀ
ਤੇ ਬਜ਼ੁਰਗਾ ਦੀਆਂ
ਦੁਆਵਾਂ ਵੀ!
ਇਸ ਵਿੱਚ ਦੇਸ਼ ਦੇ
ਕੋਨੇ ਕੋਨੇ ਤੋਂ ਆਏ ਨੇ ਹੱਥ-
ਪੰਜਾਬ ਤੋਂ ਅਸਾਮ ਤੱਕ-
ਤੇ ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤੱਕ-
ਜਦੋਂ ਇਹ ਸਾਰੇ ਹੱਥ
ਇੱਕ ਜੁੱਟ ਹੋ ਜੁੜਦੇ ਹਨ
ਤਾਂ ਇਹਨਾਂ ਵਿੱਚ ਆ ਜਾਂਦੀ ਹੈ
ਲੋਹੜੇ ਦੀ ਤਾਕਤ-
ਜੋ ਪਲਟ ਸਕਦੀ ਹੈ-
ਕਿਸੇ ਵੀ ਜ਼ਾਲਿਮ
ਹਕੂਮਤ ਦਾ ਤਖਤ।