ਹੌਲ੍ਹੀ ਹੌਲ੍ਹੀ ਸਾਰੇ ਘਰ ਦੇ ਮੈਂਬਰਾ ਨੂੰ ਪਤਾ ਲੱਗ ਗਿਆ ਕਿ ਦੀਪੀ ਦਾ ਵਿਆਹ ਕਿਸ ਢੰਗ ਨਾਲ ਹੋਵੇਗਾ। ਉਹਨਾਂ ਦੀ ਚੁੱਪ ਇਸ ਫੈਂਸਲੇ ਨਾਲ ਸਹਿਮਤ ਹੋਣ ਦਾ ਹੁੰਗਾਰਾ ਭਰ ਰਹੀ ਸੀ। ਭੈਣਾਂ ਦੀਆਂ ਅੱਖਾ ਦੀ ਉਦਾਸੀ ਕਹਿ ਰਹੀ ਸੀ ਕਿੱਥੇ ਉਹਨਾ ਨੇ ਆਪਣੀਆਂ ਸਹੇਲੀਆਂ ਨਾਲ ਰੱਲ ਕੇ ਵਿਆਹ ਵਿਚ ਨੱਚਣਾ-ਗਾਉਣਾ ਸੀ ਤੇ ਕਿੱਥੇ ਇਸ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕੱਲ ਰਾਤ ਗਿਆਨ ਕੌਰ ਅਤੇ ਹਰਨਾਮ ਕੌਰ ਨੇ ਰਲ੍ਹ ਕੇ ਭਰੇ ਮਨ ਨਾਲ ਪੰਜ ਸੁਹਾਗ ਹੌਲ੍ਹੀ ਹੌਲ੍ਹੀ ਗਾ ਕੇ ਸ਼ਗਨ ਕੀਤਾ ਸੀ। ਸੁਰਜੀਤ ਨੇ ਫਿੱਕੇ ਗੁਲਾਬੀ ਰੰਗ ਦੀ ਚੁੰਨੀ ਸਿਰ ਤੇ ਲੈ ਰੱਖੀ ਸੀ। ਜਿਸ ਨਾਲ ਉਹ ਕਈ ਵਾਰੀ ਆਪਣੇ ਅੱਖਾ ਦੇ ਅਥਰੂ ਵੀ ਪੂੰਝ ਚੁੱਕੀ ਸੀ।
ਤਾਰੂ ਦੀ ਹੱਟੀ ਤੋਂ ਮਹਿੰਦੀ ਲਿਆ ਕੇ ਭੈਣਾ ਨੇ ਦੀਪੀ ਦੀਆਂ ਹੱਥੇਲੀਆਂ ਤੇ ਗੋਲਧਾਰੇ ਵਿਚ ਲਾ ਦਿੱਤੀ ਸੀ। ਦੀਪੀ ਇਸ ਗੋਲਧਾਰੇ ਰਾਹੀ ਦਿਲਪ੍ਰੀਤ ਨਾਲ ਸੰਸਾਰ ਵਸਾਉਣ ਦਾ ਸੁਪਨਾ ਦੇਖਦੀ ਅੱਖਾਂ ਦੇ ਹੰਝੂ ਲਕਾਉਣ ਦਾ ਜਤਨ ਕਰਦੀ, ਸੱਚ ਅਤੇ ਝੂਠ ਦੀ ਰਲੀ ਮੁਸਕ੍ਰਾਹਟ ਬੁੱਲਾਂ ਤੇ ਲਈ ਬੈਠੀ ਸੀ। ਉਸ ਨੂੰ ਇੰਨਾ ਹੀ ਪਤਾ ਸੀ ਕਿ ਜਿਵੇਂ ਕਾਲਜ ਦੇ ਦਿਨਾ ਵਿਚ ਦਿਲਪ੍ਰੀਤ ਉਸ ਨੂੰ ਮੋਟਰਸਾਈਕਲ ਜਾਂ ਸਕੂਟਰ ਤੇ ਮਿਲਣ ਆਉਂਦਾ ਸੀ, ਉਸ ਤਰ੍ਹਾਂ ਹੀ ਵਿਆਹੁਣ ਆਵੇਗਾ ਤੇ ਮੋਟਰਸਾਈਕਲ ਤੇ ਬੈਠਾ ਕੇ ਲੈ ਜਾਵੇਗਾ। ਕਿੰਨਾ ਚਿਰ ਹੋ ਗਿਆ ਸੀ ਉਸ ਨੂੰ ਦਿਲਪ੍ਰੀਤ ਨੂੰ ਦੇਖਿਆਂ। ਉਸ ਨਾਲ ਮਿਲਾਪ ਕਰਨ ਲਈ ਦੀਪੀ ਨੂੰ ਹਾਲਾਤਾਂ ਦੀ ਦਿੱਤੀ ਹਰ ਸ਼ਰਤ ਮਨਜ਼ੂਰ ਸੀ। ਅਜੀਬ ਕਿਸਮ ਦਾ ਵਿਆਹ ਰਚਿਆ ਜਾ ਰਿਹਾ ਸੀ, ਜਿਸ ਦਾ ਨਾ ਨਾਨਕਿਆਂ ਨੂੰ ਪਤਾ ਸੀ ਤੇ ਨਾਂ ਹੀ ਕਿਸੇ ਸ਼ਰੀਕੇ ਨੂੰ ਇਸ ਦੀ ਖਬਰ ਸੀ।
ਪਿੰਡ ਦੇ ਦੂਜੇ ਪਾਸੇ ਸੈਣੀਆ ਦੀ ਕੁੜੀ ਦਾ ਵੀ ਵਿਆਹ ਸੀ। ਜਿਸ ਦੇ ਕਾਰਨ ਪਿੰਡ ਵਿਚ ਰੌਣਕ ਸੀ। ਬੇਸ਼ੱਕ ਕੁੜੀ ਦਾ ਭਰਾ ਜੁਝਾਰੂਆਂ ਨਾਲ ਰੱਲ ਕੇ ਰੂਹਪੋਸ਼ ਹੋ ਗਿਆ ਸੀ, ਪਰ ਫਿਰ ਵੀ ਮਾਪੇ ਆਪਣੇ ਧੀ ਦੇ ਚਾਅ ਪੂਰੇ ਕਰ ਰਹੇ ਸਨ। ਚਾਅ ਉਸ ਵੇਲੇ ਅਧੂਰੇ ਹੋ ਗਏ ਜਦੋਂ ਪੁਲੀਸ ਦੀ ਫੌਜ਼ ਨੇ ਆ ਛਾਪਾ ਮਾਰਿਆ ਅਤੇ ਲੱਗੇ ਘਰ ਦੀਆਂ ਤਲਾਸ਼ੀਆਂ ਲੈਣ। ਕੁੜੀ ਦਾ ਪਿਉ ਹੱਥ ਜੋੜ ਕੇ ਥਾਣੇਦਾਰ ਦੇ ਅੱਗੇ ਖਲੋਤਾ ਕਹਿ ਰਿਹਾ ਸੀ, “ਸਾਡੀ ਧੀ ਦਾ ਅੱਜ ਵਿਆਹ ਆ, ਜੰਝ ਆਉਣ ਵਾਲੀ ਆ। ਸਾਨੂੰ ਇਸ ਤਰ੍ਹਾਂ ਅਵਾਚਾਰ ਨਾਂ ਕਰੋ।”
“ਧੀਆਂ ਨੂੰ ਤਾਂ ਤੁਸੀ ਲੋਕ ਬੜਾ ਸਾਂਭ ਕੇ ਰੱਖਦੇ ਹੋ।” ਠਾਣੇਦਾਰ ਨੇ ਕਿਹਾ, “ਪੁੱਤਰਾਂ ਨੂੰ ਵੀ ਕੁਝ ਅਕਲ ਦਿਆ ਕਰੋ, ਉਹ ਸਾਰੇ ਅੱਤਵਾਦੀ ਬਣਾ ਲਏ।” “ਥਾਣੇਦਾਰ ਸਾਹਿਬ ਜੀ, ਸਿੰਘਾਂ ਨੂੰ ਅੱਤਵਾਦੀ ਨਾਂ ਕਹੋ।” ਕੁੜੀ ਦਾ ਮਾਮਾ ਜੋ ਗੁਰਮੁੱਖ ਸੀ ਬੋਲਿਆ, “ਅੱਤਵਾਦੀ ਤਾਂ ਉਹ ਹੁੰਦੇ ਆ ਜੋ ਮਜ਼ਲੂਮਾਂ ਤੇ ਕਹਿਰ ਢਾਹੁੰਦੇ ਆ, ਧੀਆਂ ਭੈਣਾਂ ਦੀ ਪੱਤ ਤੇ ਹਮਲਾ ਕਰਦੇ ਆ, ਨਿਰਦੋਸ਼ਿਆਂ ਨੂੰ ਬੰਬਾਂ ਨਾਲ ਉਡਾਉਦੇ ਆ ਅਤੇ ਧਰਮ ਦੀ ਕੱਟੜਤਾ ਵਿਚ ਗੁਨਾਹ ਕਰਦੇ ਆ।।”
“ਬਾਬਾ, ਤੂੰ ਆਪਣਾ ਭਾਸ਼ਨ ਬੰਦ ਕਰ।” ਥਾਣੇਦਾਰ ਗੁੱਸੇ ਵਿਚ ਬੋਲਿਆ, “ਜੋ ਵੀ ਸਰਕਾਰ ਦੇ ਖਿਲਾਫ ਹੋ ਜਾਂਦਾ ਹੈ, ਉਹ ਸਾਡੇ ਲਈ ਅੱਤਵਾਦੀ ਆ। ਇਸ ਲਈ ਚੁੱਪ ਕਰਕੇ ਆਪਣੇ ਲਾਡਲੇ ਨੂੰ ਸਾਡੇ ਅੱਗੇ ਪੇਸ਼ ਕਰ ਦਿਉ।”
“ਜੇ ਮੁੰਡਾ ਸਾਡੇ ਕੋਲ ਹੋਵੇ ਤਾਂ ਪੇਸ਼ ਕਰੀਏ।” ਪਿਉ ਨੇ ਕਿਹਾ।
“ਭੈਣ ਦਾ ਵਿਆਹ ਹੋਵੇ ਤੇ ਉਹ ਨਾ ਆਇਆ ਹੋਵੇ।” ਥਾਣੇਦਾਰ ਨੇ ਜ਼ਮੀਨ ਤੇ ਸੋਟੀ ਮਾਰਦਿਆਂ ਕਿਹਾ, “ਤੁਸੀ ਲੋਕ ਸਾਨੂੰ ਮੂਰਖ ਕਿਉਂ ਬਣਾਉਂਦੇ ਹੋ?”
“ਅਸੀ ਸੱਚ ਆਖਦੇ ਹਾਂ।” ਇਕ ਹੋਰ ਰਿਸ਼ਤੇਦਾਰ ਨੇ ਕਿਹਾ, “ਜੇ ਮੇਸ਼ੀ ਆਇਆ ਹੁੰਦਾ ਤਾਂ ਅਸੀ ਤੁਹਾਡੇ ਅੱਗੇ ਪੇਸ਼ ਕਰ ਦੇਣਾ ਸੀ। ਜੇ ਤਹਾਨੂੰ ਸਾਡੇ ਕਿਹਾ ਸੱਚ ਨਹੀਂ ਆਉਂਦਾ ਤਾਂ ਘਰ ਦੀ ਤਲਾਸ਼ੀ ਲੈ ਲਉ।”
ਉਦੋਂ ਹੀ ਵਿਆਹ ਵਾਲੀ ਕੁੜੀ ਦੀ ਛੋਟੀ ਭੈਣ ਕਮਰੇ ਵਿਚੋਂ ਬਾਹਰ ਆਈ ਤੇ ਆਪਣੇ ਪਿਉ ਨੂੰ ਬੋਲੀ, “ਭਾਪਾ ਜੀ, ਅੰਦਰ ਆ ਜਾਉ, ਭੈਣ ਜੀ ਨੂੰ ਨੰਦਾ ਤੇ ਲੈ ਕੇ ਜਾਣ ਦਾ ਟਾਈਮ ਹੋ ਗਿਆ।”
ਇਸ ਕੁੜੀ ਨੂੰ ਰੱਬ ਨੇ ਲੋਹੜੇ ਦਾ ਰੂਪ ਦਿੱਤਾ ਸੀ, ਭੈਣ ਦੇ ਵਿਆਹ ਵਿਚ ਸਜੀ ਹੋਰ ਵੀ ਖੁੂਬਸੂਰਤ ਲੱਗ ਰਹੀ ਸੀ। ਉਸ ਦੀ ਖੁੂਬਸਰੂਤੀ ਦੇਖ ਕੇ ਪੁਲੀਸ ਦੇ ਗੁੰਡਿਆਂ ਦੇ ਮਨ ਲਲਚਾ ਗਏ। ਠਾਣੇਦਾਰ ਨੇ ਸਿਪਾਹੀਆਂ ਨੂੰ ਦੱਬਕਾ ਮਾਰਿਆ, “ਉਹ ਚੁੱਕੋ ਇਸ ਨੂੰ ਤੇ ਸੁਟੋ ਗੱਡੀ ਵਿਚ, ਜੇ ਮੇਸ਼ੀ ਦੌੜਦਾ ਹੋਇਆ ਆਪ ਠਾਣੇ ਨਾਂ ਪਹੁੰਚਿਆਂ ਤੇ ਮੇਰਾ ਨਾਂਅ ਵਟਾ ਦਿਉ।”
ਠਾਣੇਦਾਰ ਦੀ ਇਸ ਗੱਲ ਨਾਲ੍ਹ ਸਾਰੇ ਘਰ ਨੂੰ ਹਿਲਾ ਕੇ ਰੱਖ ਦਿੱਤਾ। ਘਰ ਵਿਚ ਆਇਆ ਮੇਲ -ਸ਼ਰੀਕਾ ਸਭ ਠਾਣੇਦਾਰ ਦੇ ਅੱਗੇ ਖਲੋ ਗਏ ਅਤੇ ਕਹਿਣ ਲੱਗੇ, “ਤੂੰ ਕੁੜੀ ਨੂੰ ਹੱਥ ਲਾ ਕੇ ਵਿਖਾ।”
ਬਦਮਾਸ਼ ਠਾਣੇਦਾਰ ਨੇ ਇਸ਼ਾਰਾ ਕੀਤਾ ਤਾਂ ਸਿਪਾਹੀ ਨੇ ਗੋਲੀ ਚਿਲਾ ਦਿੱਤੀ। ਪਰਾਹੁਣੇ ਆਏ ਬੰਦੇ ਦੀ ਬਾਂਹ ਵਿਚ ਲੱਗੀ। ਸਾਰੇ ਘਰ ਵਿਚ ਹਾਹਾਕਾਰ ਮੱਚ ਗਈ। ਇਸੇ ਹਾਹਾਕਾਰ ਵਿਚ ਪੁਲੀਸ ਕੁੜੀ ਨੂੰ ਚੁੱਕ ਕੇ ਘਰੋਂ ਅਜੇ ਨਿਕਲੀ ਹੀ ਸੀ ਕਿ ਮੇਸ਼ੀ ਵੀ ਆ ਗਿਆ। ਸਾਰੇ ਪਿੰਡ ਨੂੰ ਵਕਤ ਪੈ ਗਿਆ ਸੀ। ਉਹ ਕੁੜੀ ਨੂੰ ਛੁਡਾ ਕੇ ਲਿਆਉਣ ਜਾਂ ਵਿਆਹ ਵਾਲੀ ਕੁੜੀ ਨੂੰ ਤੋਰਨ ਜਾਂ ਜਿਸ ਦੇ ਗੋਲੀ ਲੱਗੀ ਉਸ ਨੂੰ ਸਾਭਣ। ਮੇਸ਼ੀ ਨੂੰ ਜਦੋਂ ਘਟਨਾ ਦਾ ਪਤਾ ਲੱਗਾ, ਉਹ ਤਾਂ ਉਹਨੀ ਪੈਰੀ ਹੀ ਮੁੜ ਗਿਆ। ਇਹ ਕਿਸੇ ਨੂੰ ਨਹੀਂ ਸੀ ਪਤਾ ਕਿ ਉਹ ਕਿੱਥੇ ਨੂੰ ਗਿਆ ਸੀ?
ਇਸ ਘਟਨਾ ਨੇ ਸਾਰੇ ਪਿੰਡ ਨੂੰ ਸੋਗ ਵਿਚ ਡੁਬਾ ਦਿੱਤਾ ਸੀ। ਖੱਤਰੀਆਂ ਦੀ ਹੱਟੀ ਅੱਗੇ ਹਮੇਸ਼ਾ ਪਿੰਡ ਦੇ ਮੁੰਡੇ ਤੇ ਸਿਆਣੇ ਰਾਤ ਦੇਰ ਤਕ ਖੜੇ ਹੱਸਦੇ ਗੱਲਾਂ-ਬਾਤਾਂ ਕਰਦੇ ਰਹਿੰਦੇ ਸਨ। ਜਦੋਂ ਦਾ ਪੰਜਾਬ ਦਾ ਮਹੌਲ ਖਰਾਬ ਹੋਇਆ, ਹੱਟੀ ਅੱਗੇ ਰੋਣਕ ਘੱਟ ਗਈ ਸੀ। ਅੱਜ ਵੀ ਹੱਟੀ ਅੱਗੇ ਦੋ ਬੰਦੇ ਹੀ ਬੈਠੇ ਸਨ, ਇਕ ਹੱਟੀ ਆਲਿਆਂ ਦਾ ਮੁੰਡਾ ਸੰਜੇ ਤੇ ਦੂਸਰਾ ਲੰਬੜਦਾਰ ਦਾ ਪੋਤਾ ਭੋਲੂ। ਅੱਜ ਜੋ ਕੁਝ ਪਿੰਡ ਵਿਚ ਹੋਇਆ ਉਸ ਬਾਰੇ ਗੱਲ-ਬਾਤ ਕਰ ਰਹੇ ਸਨ।
“ਮੇਸ਼ੀ ਦੀ ਭੈਣ ਚੁੱਕ ਕੇ ਪੁਲੀਸ ਨੇ ਬਹੁਤ ਵੱਡੀ ਗਲਤੀ ਕੀਤੀ ਹੈ।” ਸੰਜੇ ਨੇ ਕਿਹਾ, “ਸਾਨੂੰ ਤਾਂ ਪਤਾ ਹੀ ਨਾਂ ਲੱਗਾ।
“ਪਤਾ ਵੀ ਲਗ ਜਾਂਦਾ ਤਾਂ ਆਪਾਂ ਕੀ ਕਰ ਲੈਣਾ ਸੀ।” ਭੋਲੂ ਨੇ ਕਿਹਾ, “ਪੁਲੀਸ ਦੇ ਅੱਗੇ ਕਾਹਦਾ ਜੋਰ।
“ਇਕ ਗੱਲ ਮੈਂ ਤੈਨੂੰ ਦਸ ਦਿੰਦਾ ਹਾਂ ਜਾਂ ਹੁਣ ਉਹ ਪੁਲੀਸ ਵਾਲੇ ਨਹੀ ਰਹਿਣੇ ਜਾਂ ਫਿਰ ਮੇਸ਼ੀ ਗਿਆ।”
ਉਹਨਾ ਦੀਆਂ ਗੱਲਾਂ ਸੁਣ ਕੇ ਸੰਜੇ ਦਾ ਪਿਉ ਡਰ ਗਿਆ ਜੋ ਦੁਕਾਨ ਦੇ ਅੰਦਰ ਬੈਠਾ ਆਪਣਾ ਕੋਈ ਹਿਸਾਬ- ਕਿਤਾਬ ਕਰ ਰਿਹਾ ਸੀ। ਉਸ ਨੇ ਅਵਾਜ਼ ਲਗਾਈ, “ਪੁਤਰੋ ਗੱਲਾਂ ਕਰਨੀਆਂ ਹਨ ਤੇ ਅੰਦਰ ਲੰਘ ਚਲੋ।”
“ਗੱਲਾਂ ਤਾਂ ਹੋਰ ਕੀ ਕਰਨੀਆ।” ਭੋਲੂ ਨੇ ਜ਼ਵਾਬ ਦਿੱਤਾ, “ਹਨੇਰਾ ਹੋ ਗਿਆ, ਘਰ ਨੂੰ ਚਲੱਦਾ ਹਾਂ, ਚੰਗਾ ਫਿਰ ਚਾਚਾ।”
ਪਰ ਦੂਸਰੇ ਦਿਨ ਅਖਬਾਰ ਵਿਚ ਉਸ ਪੁਲੀਸ ਦੀ, ਅਤੇ ਸੜੀ ਹੋਈ ਜੀਪ ਦੀ ਫੋਟੋ ਸੀ, ਜਿਸ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ। ਇਹ ਸਭ ਕਿਵੇਂ ਹੋਇਆ ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ। ਮੇਸ਼ੀ ਦੇ ਮਾਪਿਆ ਨੇ ਇਕ ਕੁੜੀ ਵਿਆਹ ਕੇ ਤੌਰ ਦਿੱਤੀ ਸੀ, ਦੂਜੀ ਰੱਬ ਕੋਲ ਤੁਰ ਗਈ, ਮੁੰਡੇ ਦਾ ਪਤਾ ਨਹੀ ਸੀ ਕਿ ਉਸ ਦੀ ਜ਼ਿੰਦਗੀ ਕਿੱਡੀ ਕੁ ਹੈ। ਉਹ ਤਾਂ ਓਦਾਂ ਵੀ ਘਰੋਂ ਬੇਘਰ ਸੀ। ਬਸ ਦੋ ਰੋਂਦੇ ਚਿਹਰੇ ਹੀ ਘਰ ਵਿਚ ਰਹਿ ਗਏ।
ਇਸ ਵਾਕਿਆ ਨਾਲ ਦੀਪੀ ਦੇ ਪ੍ਰੀਵਾਰ ਵਿਚ ਤਾਂ ਸਾਰੇ ਪਿੰਡ ਨਾਲੋ ਜ਼ਿਆਦਾ ਹੀ ਸਹਿਮ ਸੀ। ਕੱਲ ਨੂੰ ਤੜਕੇ ਉਹਨਾ ਦੀਪੀ ਨੂੰ ਲੈ ਕੇ ਗੁਰਦਵਾਰੇ ਪਹੁੰਚਣਾ ਸੀ। ਘਰ ਦੇ ਹਰ ਮੈਂਬਰ ਨੂੰ ਫਿਕਰ ਸੀ ਕਿ ਇਹੋ ਜਿਹੇ ਹਾਲਾਂਤਾਂ ਵਿਚ ਵਿਆਹ ਕਿਵੇਂ ਹੋਵੇਗਾ। ਪਤਾ ਨਹੀ ਕਿਉਂ ਸੁਰਜੀਤ ਦੀਆਂ ਅੱਖਾਂ ਵਿਚ ਥੌੜ੍ਹੀ ਦੇਰ ਬਾਅਦ ਹੰਝੂ ਆ ਜਾਂਦੇ। ਗੁਲਾਬੀ ਚੁੰਨੀ ਦਾ ਇਕ ਪੱਲਾ ਹੰਝੂ ਨਾਲ ਗਿੱਲਾ ਹੋ ਗਿਆ ਸੀ। ਗਿਆਨ ਕੌਰ ਉਸ ਨੂੰ ਦੇਖ ਦੀ ਹੋਈ ਵੀ ਚੁੱਪ ਸੀ। ਹਰਨਾਮ ਕੌਰ ਦਿਲ ਦੀ ਭਾਵੇਂ ਸਖਤ ਸੀ, ਅੱਜ ਉਸ ਦੀਆਂ ਅੱਖਾਂ ਵਿਚ ਵੀ ਪਾਣੀ ਸੀ। ਰਾਤ ਦੇ ਗਿਆਰਾਂ ਵਜ ਚੁੱਕੇ ਸਨ। ਅੱਗੇ ਗਿਆਰਾਂ ਵਜੇ ਤੋਂ ਪਹਿਲਾਂ ਹੀ ਘਰ ਦੀ ਬੱਤੀਆਂ ਬੁੱਝ ਜਾਂਦੀਆਂ ਸਨ, ਪਰ ਅੱਜ ਤਾਂ ਲੱਗਦਾ ਸੀ ਕਿ ਇਸ ਘਰ ਵਿਚ ਨੀਂਦ ਦਾ ਨਾਮ ਨਿਸ਼ਾਨ ਵੀ ਨਹੀ ਸੀ। ਐਤਕੀ ਜਦੋਂ ਸੁਰਜੀਤ ਨੇ ਅੱਖਾਂ ਪੂੰਝੀਆ ਤਾਂ ਗਿਆਨ ਕੌਰ ਨੇ ਕਿਹਾ, “ਸੁਰਜੀਤ, ਐਵੇਂ ਨਾ ਆਪਣਾ ਦਿਲ ਖਰਾਬ ਕਰੀ ਜਾ। ਇਹ ਤਾਂ ਸੰਸਾਰ ਦਾ ਨੇਮ ਹੈ ਹਰ ਇਕ ਨੂੰ ਧੀਆਂ ਵਿਆਹ ਕੇ ਸਹੁਰੇ ਤੋਰਨੀਆਂ ਹੀ ਪੈਂਦੀਆਂ ਨੇ।”
ਇਹ ਸੁਣ ਕੇ ਸੁਰਜੀਤ ਦਾ ਗੱਚ ਭਰ ਆਇਆ ਤਾਂ ਉਸ ਨੇ ਹਾਉਕਾ ਲੈ ਕੇ ਕਿਹਾ, “ਪਰ ਜਿਦਾਂ ਅਸੀਂ ਤੋਰ ਰਹੇ ਹਾਂ, ਉਦਾਂ ਤਾਂ ਕੋਈ ਨਹੀਂ ਤੋਰਦਾ।”
“ਇਹ ਸਭ ਲੇਖਾਂ ਦੀਆਂ ਗੱਲਾਂ ਨੇ।” ਹਰਨਾਮ ਕੌਰ ਨੇ ਡੂੰਘਾ ਸਾਹ ਲੈ ਕੇ ਕਿਹਾ, “ਜਿਦਾਂ ਦਾ ਵਿਆਹ ਸਾਡੀ ਕੁੜੀ ਦਾ ਹੋ ਰਿਹਾ ਆ, ਉਦਾਂ ਤਾਂ ਕਿਸੇ ਦੁਸ਼ਮਨ ਦੀ ਧੀ ਦਾ ਵੀ ਨਾਂ ਹੋਵੇ।”
“ਤੁਸੀਂ ਤਾਂ ਨੂੰਹ ਸੱਸ ਐਵੇਂ ਹੀ ਘਬਰਾਈਆਂ ਫਿਰਦੀਆਂ ਹੋ।” ਗਿਆਨ ਕੌਰ ਨੇ ਜਰਾ ਉੱਚੀ ਅਵਾਜ਼ ਵਿਚ ਕਿਹਾ, “ਜਿੰਨੇ ਕੁ ਸ਼ਗਨ ਕਰ ਸਕਦੇ ਹਾਂ, ਓਨੇ ਤਾਂ ਕਰ ਲਈਏ। ਸੁਰਜੀਤ, ਗੁੱੜ ਤਾਂ ਭਿਉਂ ਦੇਹ ਆਪਾਂ ਥੌੜੇ ਜਿਹੇ ਗੁਲਗਲੇ ਹੀ ਪਕਾ ਲਈਏ।
“ਮੈਂ ਤਾਂ ਭੜੋਲੀ ਵਿਚ ਮਾਹਾਂ ਦੀ ਦਾਲ ਵੀ ਧਰ ਦਿੱਤੀ ਆ।” ਹਰਨਾਮ ਕੌਰ ਨੇ ਕਿਹਾ, ਗੁਲਗਲੇ ਵੀ ਬਣਾ ਲੈਂਦੇ ਹਾਂ।”
“ਕੁੜੇ ਕੁੜੀਉ ਤੁਸੀ ਵੀ ਇੱਥੇ ਆ ਜਾਉ।” ਗਿਆਨ ਕੌਰ ਨੇ ਦੀਪੀ ਦੀਆਂ ਭੈਣਾ ਨੂੰ ਅਵਾਜ਼ ਮਾਰੀ, “ਗੁਲਗਲੇ ਬਣਾਉਂਦੀਆਂ ਸੁਹਾਗ ਵੀ ਗਾ ਲਈਏ।
ਥੌੜ੍ਹੀ ਦੇਰ ਬਾਅਦ ਹੀ ਗਾਉਣ ਦੀ ਮਿੰਨੀ ਮਿੰਨੀ ਅਵਾਜ਼ ਰਸੌਈ ਵਿਚੋਂ ਆਉਣ ਲੱਗੀ, ਨਿਕੀ ਜਿਹੀ ਸੂਈ ਵਟਵਾ ਧਾਗਾ, ਬੈਠ ਕਸੀਦਾ ਕੱਢ ਰਹੀ ਹਾਂ। ਆਉਂਦੇ ਜਾਂਦੇ ਰਾਹੀ ਪੁੱਛਦੇ, ਤੂੰ ਕਿਉਂ ਬੀਬੀ ਰੋ ਰਹੀ ਹਾਂ। ਦਾਦੇ ਮੇਰੇ ਕਾਜ਼ ਰਚਾਇਆ, ਮੈਂ ਪਰਦੇਸਨ ਹੋ ਰਹੀ ਹਾਂ।।
ਇਸ ਸੁਹਾਗ ਦੇ ਬੋਲ ਜਦੋਂ ਇੰਦਰ ਸਿੰਘ ਦੇ ਕੰਂਨੀ ਪਏ ਤਾਂ ਉਸ ਦੀਆਂ ਅੱਖਾਂ ਵੀ ਭਰ ਆਈਆਂ। ਸੁਹਾਗ ਇੰਦਰ ਸਿੰਘ ਨੂੰ ਰੁਵਾ ਰਹੇ ਸਨ, ਫਿਰ ਵੀ ਉਹ ਬੜੇ ਧਿਆਨ ਨਾਲ ਇਹਨਾ ਨੂੰ ਸੁਣ ਰਿਹਾ ਸੀ। ‘ ਲਾਡੋ, ਪਤਲੀਏ ਪਤੰਗ ਜਿਹੀਏ, ਆਪਣੇ ਦਾਦੇ ਕੋਲੋ ਕੁਝ ਮੰਗ ਲਈਏ’ ਹਰਨਾਮ ਕੌਰ ਇਸ ਸੁਹਾਗ ਨੂੰ ਉੱਚੀ ਸੁਰ ਵਿਚ ਗਾ ਰਹੀ ਸੀ। ਜਦੋਂ ਪੰਜ ਸੁਹਾਗ ਪੂਰੇ ਕਰ ਲਏ ਤਾਂ ਇੰਦਰ ਸਿੰਘ ਨੇ ਉਹਨਾ ਨੂੰ ਅਵਾਜ਼ ਮਾਰ ਕੇ ਕਿਹਾ, “ਘੜੀ ਅਰਾਮ ਵੀ ਕਰ ਲਉ। ਸਵੇਰੇ ਵੇਲੇ੍ਹ ਨਾਲ ਗੁਰਦੁਆਰੇ ਵੀ ਪਹੁੰਚਣਾ ਆ।”
“ਮੰਮੀ ਕੀ ਅਸੀਂ ਵੀ ਸਵੇਰੇ ਤੁਹਾਡੇ ਨਾਲ ਗੁਰਦੁਆਰੇ ਜਾ ਸਕਦੀਆਂ ਹਾਂ।” ਦੀਪੀ ਦੀ ਛੋਟੀ ਭੈਣ ਰੱਜੀ ਨੇ ਪੁੱਛਿਆ, “ਮੇਰਾ ਤਾਂ ਬਹੁਤ ਦਿਲ ਕਰਦਾ ਹੈ, ਦੀਪੀ ਭੈਣ ਜੀ ਦੀਆਂ ਲਾਵਾਂ ਦੇਖਣ ਨੂੰ।”
“ਨਹੀਂ ਪੁੱਤ, ਤੁਸੀ ਕਿਸੇ ਨੇ ਨਹੀਂ ਜਾਣਾ।” ਸੁਰਜੀਤ ਨੇ ਇਕ ਲਾਇਨ ਵਿਚ ਹੀ ਜ਼ਵਾਬ ਦੇ ਦਿੱਤਾ, “ਸਿਰਫ ਤੇਰੇ ਡੈਡੀ ਨੇ ਅਤੇ ਮੈਂ ਹੀ ਜਾਣਾ ਹੈ।”
ਇਹ ਗੱਲ ਸੁਣ ਕੇ ਰੱਜੀ ੳਦਾਸ ਹੋ ਗਈ, ਭਰੇ ਹੋਏ ਦਿਲ ਨਾਲ ਦੀਪੀ ਨੂੰ ਜੱਫੀ ਪਾ ਕੇ ਸੌਣ ਲਈ ਚਲੀ ਗਈ।