ਚੰਡੀਗੜ੍ਹ – ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਦਿੱਲੀ ਵਿੱਚ ਵਾਪਰੀਆਂ ਘਟਨਾਵਾਂ ਤੇ ਦੁੱਖ ਜਾਹਿਰ ਕੀਤਾ। ਅਹਿੰਸਾ ਅਤੇ ਅਨੁਸ਼ਾਸਨ ਕਿਸਾਨ ਅੰਦੋਲਨ ਦੇ ਥੰਮ੍ਹ ਰਹੇ ਹਨ। ਪੰਜਾਬ ਦੇ ਕਿਸਾਨਾਂ ਨੇ ਵਿਸ਼ਵ ਭਰ ਵਿਚ ਸ਼ਾਂਤੀਪੂਰਵਕ ਅੰਦੋਲਨ ਕਰਨ ਦੀ ਇਕ ਉਤਮ ਮਿਸਾਲ ਰੱਖੀ ਹੈ। ਕਿਸਾਨਾਂ ਦੀ ਪੀੜ ਇਸ ਵੇਲੇ ਸਮਾਜ ਦੇ ਹਰ ਵਰਗ ਦੇ ਦਿਲ ਵਿਚ ਘਰ ਕਰ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਨਵੀਂ ਦਿੱਲੀ ਵਿਚ ਵਾਪਰੀਆਂ ਘਟਨਾਵਾਂ ਉਪਰੰਤ, ਹਾਲਾਤ ਦੇ ਹੋਰ ਵਿਗੜਨ ਤੋਂ ਪਹਿਲਾਂ, ਸਮੂਹ ਕਿਸਾਨਾਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀਤੀ ਅਪੀਲ ਨੂੰ ਫੌਰੀ ਤੌਰ ਤੇ ਮੰਨਦਿਆਂ ਹੋਇਆਂ ਤੁਰੰਤ ਦਿੱਲੀ ਦੀ ਸਰਹੱਦ ਤੇ ਵਾਪਸ ਆ ਜਾਣਾ ਚਾਹੀਦਾ ਹੈ। ਨਾਲ ਹੀ ਕਿਸਾਨੀ ਅੰਦੋਲਨ ਦੇ ਰੁੱਖ ਵੱਲ ਗੰਭੀਰਤਾ ਨਾਲ ਮੁੜ ਵਿਚਾਰ ਕਰਨ ਦੀ ਲੋੜ ਹੈ। ਅੰਦੋਲਨ ਦੌਰਾਨ ਕਿਸੇ ਕਿਸਮ ਨਾਲ ਪੈਦਾ ਹੋਈ ਹਿੰਸਾ ਨੂੰ ਵੇਖ ਲੋਕਾਂ ਦੀ ਕਿਸਾਨਾਂ ਪ੍ਰਤੀ ਹਮਦਰਦੀ ਬੜੀ ਤੇਜ਼ੀ ਨਾਲ ਖਤਮ ਹੋ ਜਾਵੇਗੀ। ਕਿਸਾਨ ਜਥੇਬੰਦੀਆਂ ਨੂੰ ਕੋਈ ਵੀ ਐਸੀ ਨੀਤੀ ਨਹੀਂ ਅਪਣਾਉਣੀ ਚਾਹੀਦੀ ਜੋ ਅੰਦੋਲਨ ਨੂੰ ਆਗੂ-ਰਹਿਤ ਕਰ ਦੇਵੇ ਅਤੇ ਜਿਸ ਨਾਲ ਉਹਨਾਂ ਵੱਲੋਂ ਦਿੱਤੇ ਸ਼ਾਂਤ ਅੰਦੋਲਨ ਦੇ ਦਿਸ਼ਾ ਨਿਰਦੇਸ਼ ਦੀ ਉਲੰਘਣਾ ਕਰਨ ਦਾ ਕਿਸੇ ਨੂੰ ਮੌਕਾ ਮਿਲ ਸਕੇ।
ਮੁੱਖਮੰਤਰੀ ਨੇ ਕਿਹਾ ਕਿ ਮੇਰਾ ਦਿਲ ਕਿਸਾਨਾਂ ਨਾਲ ਹੈ ਤੇ ਮੈਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਅਪੀਲ ਕਰਦਾ ਹਾਂ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰ ਦਿਓ। ਸਾਡੇ ਅੰਨ੍ਹਦਾਤਾਵਾਂ ਦੇ ਪੁੱਤ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ ਜੋ ਕਿ ਭਾਰਤ ਦੀ 20% ਫੌਜ ਹੈ। ਉਹ ਹਮੇਸ਼ਾ ਚਾਹੇ ਦੇਸ਼ ਦੀ ਅਨਾਜ ਸੁਰੱਖਿਆ ਹੋਵੇ ਜਾਂ ਫਿਰ ਸਾਡੀਆਂ ਸਰਹੱਦਾਂ ਦੀ ਰਾਖੀ ਹੋਵੇ ਸਭ ਤੋਂ ਅੱਗੇ ਰਹੇ ਹਨ ਤੇ ਦੇਸ਼ ਦੀ ਰਾਖੀ ਕੀਤੀ ਹੈ।