ਚੰਡੀਗੜ੍ਹ – ‘ਆਧੁਨਿਕ ਸਮੇਂ ਦੀਆਂ ਵਿਸ਼ਵਵਿਆਪੀ ਚਣੌਤੀਆਂ’ ਵਰਗੇ ਪੇਚੀਦਾ ਵਿਸ਼ੇ ’ਤੇ ਵਿਸ਼ਵਵਿਆਪੀ ਪੱਧਰ ਤੋਂ ਕਾਨੂੰਨ ਪੇਸ਼ੇਵਰਾਂ ਅਤੇ ਵਿਸ਼ਾ ਮਾਹਿਰਾਂ ਦਾ ਨਜ਼ਰੀਆ ਸਮਝਣ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ 30 ਅਤੇ 31 ਜਨਵਰੀ, 2021 ਨੂੰ ਅੰਤਰਰਾਸ਼ਟਰੀ ਵੈਬਿਨਾਰ ਕਰਵਾਉਣ ਜਾ ਰਹੀ ਹੈ। ਇਸ ਦੌਰਾਨ 10 ਦੇਸ਼ਾਂ ਦੀਆਂ ਸਪਰੀਮ ਕੋਰਟਾਂ ਦੇ ਮਾਨਯੋਗ ਜੱਜਾਂ ਤੋਂ ਇਲਾਵਾ ਵੱਖ-ਵੱਖ ਹਾਈਕੋਰਟਾਂ ਦੇ ਚੀਫ਼ ਜਸਟਿਸ ਅਤੇ ਜਸਟਿਸਾਂ ਤੋਂ ਇਲਾਵਾ ਸਿੱਖਿਆ ਸ਼ਾਸ਼ਤਰੀ, ਸੀਨੀਅਰ ਵਕੀਲ, ਵਾਤਾਵਰਣ ਪ੍ਰੇਮੀ, ਸਮਾਜ ਸੇਵੀ, ਪ੍ਰੋਫੈਸਰ, ਬੁੱਧੀਜੀਵੀ ਅਤੇ ਬਹੁ ਗਿਣਤੀ ਵਿਦਿਆਰਥੀ ਸੈਮੀਨਾਰ ’ਚ ਸ਼ਮੂਲੀਅਤ ਕਰਨਗੇ। ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਵੱਲੋਂ ਆਨਲਾਈਨ ਪੱਧਰ ’ਤੇ ਕਰਵਾਇਆ ਜਾਣ ਵਾਲਾ ਦੋ ਰੋਜ਼ਾ ਅੰਤਰਰਾਸ਼ਟਰੀ ਵੈਬਿਨਾਰ ਵੱਖ-ਵੱਖ ਸੈਸ਼ਨਾਂ ’ਚ ਵੰਡਿਆ ਗਿਆ ਹੈ, ਜਿਸ ਦੇ ਸਾਰੇ ਪ੍ਰਬੰਧ ’ਵਰਸਿਟੀ ਪ੍ਰਸ਼ਾਸ਼ਨ ਵੱਲੋਂ ਮੁਕੰਮਲ ਕਰ ਲਏ ਗਏ ਹਨ। ਡਾ. ਬਾਵਾ ਨੇ ਦੱਸਿਆ ਕਿ ਵੈਬਿਨਾਰ ਦੌਰਾਨ ਭਾਰਤ ਦੇ ਸਾਬਕਾ ਜੱਜ, ਸਾਬਕਾ ਸੁਪਰੀਮ ਕੋਰਟ ਅਤੇ ਐਨ.ਜੀ.ਟੀ ਦੇ ਪ੍ਰਧਾਨ ਜਸਟਿਸ ਸਵਤੰਤਰ ਕੁਮਾਰ ਚੀਫ਼ ਪੈਟਰਨ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਪੈਟਰਨ ਦੀ ਭੂਮਿਕਾ ਨਿਭਾਉਣਗੇ।
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ’ਵਰਸਿਟੀ ਦੇ ਪ੍ਰੋ-ਚਾਂਸਲਰ ਡਾ. ਆਰ.ਐਸ ਬਾਵਾ ਨੇ ਦੱਸਿਆ ਕਿ ਵੈਬਿਨਾਰ ਦੌਰਾਨ ਮਨੁੱਖੀ ਅਧਿਕਾਰਾਂ, ਸਿੱਖਿਆ ਸਬੰਧੀ ਅਧਿਕਾਰਾਂ ਅਤੇ ਵਾਤਾਵਰਣ ਸੁਰੱਖਿਆ ਸਬੰਧੀ ਵਿਸ਼ਿਆਂ ’ਤੇ ਵਿਸ਼ਵਵਿਆਪੀ ਪੱਧਰ ’ਤੇ ਦਰਪੇਸ਼ ਆ ਰਹੀਆਂ ਚਣੌਤੀਆਂ ਅਤੇ ਉਨ੍ਹਾਂ ਦੇ ਹੱਲਾਂ ਸਬੰਧੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੋਂ ਕਾਨੂੰਨੀ ਪੇਸ਼ੇਵਰਾਂ, ਵਾਤਾਵਰਣ ਪ੍ਰੇਮੀਆਂ, ਸਿੱਖਿਆ ਸ਼ਾਸ਼ਤਰੀਆਂ ਦਾ ਨਜ਼ਰੀਆ ਜਾਣਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੈਬਿਨਾਰ ਦੌਰਾਨ ਜਸਟਿਸ ਅਜੇ ਮਾਨਿਕਰਾਓ ਖਾਨਵਿਲਕਰ (ਸੁਪਰੀਮ ਕੋਰਟ ਦੇ ਜੱਜ, ਸਾਬਕਾ ਚੀਫ਼ ਜਸਟਿਸ, ਮੱਧ ਪ੍ਰਦੇਸ਼ ਹਾਈ ਕੋਰਟ ਅਤੇ ਹਿਮਾਚਲ ਪ੍ਰਦੇਸ਼ ਹਾਈ ਕੋਰਟ), ਜਸਟਿਸ ਸੰਜੇ ਕਿਸ਼ਨ ਕੌਲ (ਸੁਪਰੀਮ ਕੋਰਟ ਦੇ ਜੱਜ, ਸਾਬਕਾ ਚੀਫ਼ ਜਸਟਿਸ ਮਦਰਾਸ ਹਾਈ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ), ਜਸਟਿਸ ਭੂਸ਼ਣ ਰਾਮਕਿ੍ਰਸ਼ਨ ਗਾਵੈ (ਸੁਪਰੀਮ ਕੋਰਟ ਦੇ ਜੱਜ, ਸਾਬਕਾ ਜੱਜ ਬੰਬੇ ਹਾਈ ਕੋਰਟ) ਅਤੇ ਜਸਟਿਸ ਸੂਰਿਆ ਕਾਂਤ (ਸੁਪਰੀਮ ਕੋਰਟ ਦੇ ਜੱਜ, ਸਾਬਕਾ ਚੀਫ ਜਸਟਿਸ ਹਿਮਾਚਲ ਪ੍ਰਦੇਸ਼ ਹਾਈ ਕੋਰਟ) ਉਚੇਚੇ ਤੌਰ ’ਤੇ ਵਿਸ਼ੇ ਸਬੰਧੀ ਆਪਣੇ ਵਿਚਾਰ ਸਾਂਝੇ ਕਰਨਗੇ।
ਡਾ. ਬਾਵਾ ਨੇ ਦੱਸਿਆ ਕਿ ਵੱਖ-ਵੱਖ ਸੈਸ਼ਨਾਂ ਦੌਰਾਨ ਵੈਬਿਨਾਰ ਚਾਰ ਮੁੱਖ ਵਿਸ਼ਿਆਂ ’ਤੇ ਆਧਾਰਿਤ ਹੋਵੇਗਾ, ਜਿਸ ’ਚ ਸਮਾਜਿਕ ਕਾਨੂੰਨੀ ਮਾਨਤਾ- ਮੌਜੂਦਾ ਸਮੇਂ ਦੌਰਾਨ ਭਾਰਤ ’ਚ ਸਿੱਖਿਆ ਦੇ ਅਧਿਕਾਰ, ਪ੍ਰਮਾਣੂ ਊਰਜਾ ਅਤੇ ਵਾਤਾਵਰਣ ਦੀ ਸੁਰੱਖਿਆ ਲਈ ਅੰਤਰਰਾਸ਼ਟਰੀ ਡੈਮੇਮਾ ਦੀ ਜ਼ਰੂਰਤ, ਮਨੁੱਖ ਅਧਿਕਾਰਾਂ ਸਬੰਧੀ ਅੰਤਰਰਾਸ਼ਟਰੀ ਸੰਮੇਲਨ; ਕੀ ਡੋਮਾਈਲਾਈਲ ਕਾਨੂੰਨ ਜ਼ਰੂਰੀ ਹਨ ਅਤੇ ਪ੍ਰਵਾਸੀਆਂ ਦੇ ਰਹਿਣ ਸਬੰਧੀ ਅਧਿਕਾਰ; ਚਣੌਤੀਆਂ ਅਤੇ ਹੱਲਾਂ ਨਾਲ ਜੁੜੇ ਮੁੱਦਿਆਂ ’ਤੇ ਭਾਰਤ ਸਮੇਤ ਵਿਸ਼ਵਵਿਆਪੀ ਪੱਧਰ ਤੋਂ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਹੋਣਗੇ। ਉਨ੍ਹਾਂ ਦੱਸਿਆ ਕਿ 30 ਅਤੇ 31 ਜਨਵਰੀ ਨੂੰ ਸਵੇਰ ਦਾ ਸੈਸ਼ਨ 9:50 ਤੋਂ 11:55 ਤੱਕ ਚੱਲੇਗਾ ਅਤੇ ਸ਼ਾਮ ਦੇ ਸੈਸ਼ਨ 2:50 ਤੋਂ 4:50 ਤੱਕ ਚੱਲਣਗੇ। ਉਨ੍ਹਾਂ ਦੱਸਿਆ ਕਿ ਸਮੁੱਚੇ ਵੈਬਿਨਾਰ ਦਾ ਸਿੱਧਾ ਪ੍ਰਸਾਰਣ ਚੰਡੀਗੜ੍ਹ ਯੂਨੀਵਰਸਿਟੀ ਦੇ ਯੂ-ਟਿਊਬ ਚੈਨਲ ਤੋਂ ਇਲਾਵਾ ਅਧਿਕਾਰਿਤ ਸੋਸ਼ਲ ਮੀਡੀਆ ਪੇਜਾਂ ’ਤੇ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਇਸ ਨਿਵੇਕਲੇ ਉਪਰਾਲੇ ਦਾ ਕਾਨੂੰਨ ਪੇਸ਼ੇਵਰ, ਵਕੀਲ, ਲੀਗਲ ਮਾਹਿਰ, ਲਾਅ ਫ਼ੋਰਮਾਂ, ਵਾਤਾਵਰਣ ਸੰਭਾਲ ਲਈ ਕੰਮ ਰਹੀਆਂ ਸੰਸਥਾਵਾਂ, ਵੱਖ-ਵੱਖ ਸਿੱਖਿਅਕ ਸੰਸਥਾਵਾਂ ਦੇ ਕਾਨੂੰਨ ਵਿਭਾਗ ਦੇ ਵਿਦਿਆਰਥੀ ਅਤੇ ਹੋਰ ਵਾਤਾਵਰਣ ਪ੍ਰੇਮੀ ਅਤੇ ਬੁੱਧੀਜੀਵੀ ਇਸ ਕਾਨਫ਼ਰੰਸ ਦਾ ਹਿੱਸਾ ਬਣਨ ਲਈ ਯੂਨੀਵਰਸਿਟੀ ਦੀ ਵੈਬਸਾਈਟ http://bit.ly/Law-3onference ’ਤੇ ਆਨਲਾਈਨ ਰਜਿਸਟੇ੍ਰਸ਼ਨ ਕਰਵਾ ਸਕਦੇ ਹਨ।
ਡਾ. ਬਾਵਾ ਨੇ ਦੱਸਿਆ ਕਿ ਲਾਈਵ ਸੈਸ਼ਨਾਂ ਦੌਰਾਨ ਜਸਟਿਸ ਮਾਈਕਲ ਡੀ. ਵਿਲਸਨ (ਜੱਜ, ਸੁਪਰੀਮ ਕੋਰਟ ਹਵਾਈ), ਇਰਮ ਅਹਿਸਨ (ਸੀਨੀਅਰ ਕੌਂਸਲ, ਦਫ਼ਤਰ ਜਨਰਲ ਕਾਊਂਸਲ, ਏਸ਼ੀਅਨ ਡਿਵੈਲਪਮੈਂਟ ਬਲਾਕ), ਜਸਟਿਸ ਐਲਟਨ ਲਿਮ (ਬ੍ਰਾਜ਼ੀਲੀਅਨ ਬੋਟੈਨੀਸਟ, ਵਾਤਾਵਰਣ ਪ੍ਰੇਮੀ ਅਤੇ ਲੇਖਕ), ਲਾਰਡ ਕਾਰਨਵਥ (ਸਾਬਕਾ ਜੱਜ, ਬਿ੍ਰਟਿਸ਼ ਸੁਪਰੀਮ ਕੋਰਟ), ਜਸਟਿਸ ਇਮੈਨਯੂਲ ਉਗੀਰੈਸ਼ਬੂਜਾ (ਪੂਰਬੀ ਅਫ਼ਰੀਕੀ ਕੋਰਟ ਆਫ਼ ਜਸਟਿਸ ਦੇ ਪ੍ਰਧਾਨ), ਪ੍ਰੋ. ਗੀਤਾਂਜਲੀ ਗਿੱਲ (ਸੀਨੀਅਰ ਲੈਕਚਰਾਰ, ਸਕੂਲ ਆਫ਼ ਲਾਅ ਨੌਰਥੂਮਬੀਰੀਆ ਯੂਨੀਵਰਸਿਟੀ), ਪ੍ਰੋ. ਟਰੈਸੀ ਹੈਸਟਰ (ਯੂਨੀਵਰਸਿਟੀ ਆਫ਼ ਹਿਊਸਟਨ ਲਾਅ ਸੈਂਟਰ ਦੇ ਨਿਰਦੇਸ਼ਕ ਸਹਿਯੋਗੀ ਪ੍ਰੋਫੈਸਰ), ਜਸਟਿਸ ਮਾਈਕਲ ਹੈਂਟੇਕੇ ਡੋਮੇਸ (ਸਾਬਕਾ ਜਸਟਿਸ, ਤੀਜੀ ਵਾਤਾਵਰਣਕ ਅਦਾਲਤ, ਚਿਲੀ), ਜਸਟਿਸ ਸਬਰੀਨਾ ਮੈਕਨੇਨਾ (ਜੱਜ, ਸੁਪਰੀਮ ਕੋਰਟ ਆਫ਼ ਹਵਾਈ, ਯੂ.ਐਸ.ਏ), ਜਸਟਿਸ ਬ੍ਰਾਇਨ ਪ੍ਰੀਸਟਨ (ਨਿਊ ਸਾਊਥ ਵੇਲਜ਼ ਦੀ ਭੂਮੀ ਅਤੇ ਵਾਤਾਵਰਣ ਅਦਾਲਤ ਦੇ ਚੀਫ਼ ਜੱਜ), ਜਸਟਿਸ ਆਨੰਦਾ ਮੋਹਨ (ਜਸਟਿਸ, ਸੁਪਰੀਮ ਕੋਰਟ ਆਫ਼ ਨੇਪਾਲ), ਜਸਟਿਸ ਪ੍ਰੀਸ਼ਾਥ ਡੀਪ (ਸ਼੍ਰੀ ਲੰਕਾ ਦੇ ਜੱਜ ਅਤੇ ਵਕੀਲ), ਪ੍ਰੋ. ਡੋਮੋਨਿਕੋ ਐਮੀਰੈਂਟ (ਪ੍ਰੋਫੈਸਰ ਡੋਮੇਨਿਕੋ ਐਮੀਰੈਂਟ ਯੂਨੀਵਰਸਿਟੀ ਆਫ਼ ਕੈਂਪਨੀਆ), ਐਲੀ ਕੋਹੇਨ (ਦਿ ਕਲਾਈਮੈਂਟ ਸੈਂਟਰ, ਇਸਰਾਈਲ ਦੇ ਸੀ.ਈ.ਓ ਅਤੇ ਸੰਸਥਾਪਕ) ਅਤੇ ਪ੍ਰੋ. ਮੁਹੰਮਦ ਤਾਵਿਕ ਲਦਾਨ (ਐਨ.ਆਈ.ਏ.ਐਲ.ਐਸ ਨਾਈਜ਼ੀਰੀਆ ਦੇ ਡਾਇਰੈਕਟਰ ਜਨਰਲ) ਅੰਤਰਰਾਸ਼ਟਰੀ ਵੈਬਿਨਾਰ ਦੇ ਵੱਖ-ਵੱਖ ਸੈਸ਼ਨਾਂ ਨੂੰ ਸੰਬੋਧਨ ਕਰਨਗੇ।