ਨਵੀਂ ਦਿੱਲੀ – ਸੰਯੁਕਤ ਕਿਸਾਨ ਜੱਥੇਬੰਦੀਆਂ ਨੇ ਬੁੱਧਵਾਰ ਨੂੰ ਸਿੰਘੂ ਬਾਰਡਰ ਤੇ ਇੱਕ ਪ੍ਰੈਸ ਕਾਨਫਰੰਸ ਕਰ ਕੇ 26 ਜਨਵਰੀ ਨੂੰ ਲਾਲ ਕਿਲ੍ਹੇ ਅਤੇ ਦਿੱਲੀ ਦੇ ਹੋਰ ਖੇਤਰਾਂ ਵਿੱਚ ਵਾਪਰੀਆਂ ਘਟਨਾਵਾਂ ਤੇ ਪੁਲਿਸ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਸਾਜਿਸ਼ਾਂ ਦੀ ਪੋਲ ਖੋਲ੍ਹੀ। ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲੱਖਾਂ ਲੋਕ ਕਿਸਾਨਾਂ ਦੀ ਟਰੈਕਟਰ ਰੈਲੀ ਵਿੱਚ ਸ਼ਾਮਿਲ ਹੋਏ ਪਰ ਸਰਕਾਰ ਨੇ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਸਰਕਾਰੀ ਏਜੰਟਾਂ ਦੁਆਰਾ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ।
ਕਿਸਾਨ ਨੇਤਾ ਨੇ ਕਿਹਾ, ‘ਅਸੀਂ 26 ਨਵੰਬਰ ਨੂੰ ਇੱਥੇ ਆ ਕੇ ਬੈਠੇ ਸੀ। ਪਰ ਸਰਕਾਰ ਨੇ ਸਾਨੂੰ ਬਿਨਾਂ ਦਸੇ ਹੀ ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਲੋਕਾਂ ਨੂੰ ਸਾਡੇ ਨਾਲ ਲਿਆ ਕੇ ਬੈਠਾ ਦਿੱਤਾ ਸੀ। ਅਸਾਂ ਤਾਂ ਸਰਕਾਰ ਨਾਲ ਗੱਲਬਾਤ ਕਰ ਕੇ 5 ਰੂਟ ਤੈਅ ਕੀਤੇ ਸਨ, ਜਿੰਨ੍ਹਾਂ ਤੇ ਪਰੇਡ ਕੱਢੀ ਜਾਣੀ ਸੀ, ਪਰ ਉਨ੍ਹਾਂ ਨੇ (ਪੰਜਾਬ ਕਿਸਾਨ ਸੰਘਰਸ਼ ਕਮੇਟੀ) ਇਸ ਦੇ ਨਾਲ-ਨਾਲ ਦਿੱਲੀ ਦੇ ਅੰਦਰ ਪਰੇਡ ਕੱਢਣ ਦਾ ਐਲਾਨ ਕਰ ਦਿੱਤਾ।’
“ਚਾਰ-ਪੰਜ ਦਿਨ ਪਹਿਲਾਂ ਉਨ੍ਹਾਂ ਨੇ ਲਾਲ ਕਿਲ੍ਹਾ ਜਾਣ ਦਾ ਵੀ ਕਹਿ ਦਿੱਤਾ ਸੀ। ਉਨ੍ਹਾਂ ਦੇ ਇੱਕ-ਅੱਧੇ ਨੇਤਾ ਨੇ ਤਾਂ ਲਾਲ ਕਿਲ੍ਹੇ ਤੇ ਝੰਡਾ ਫਹਿਰਾਉਣ ਬਾਰੇ ਵੀ ਕਿਹਾ ਸੀ। ਪਰ ਸਰਕਾਰ ਦੀ ਉਨ੍ਹਾਂ ਨਾਲ ਮਿਲੀਭਗਤ ਸੀ। ਜਿੱਥੇ-ਜਿੱਥੇ ਅਸਾਂ ਮੁੜਨਾ ਸੀ, ਉਥੇ ਪੁਲਿਸ ਨੇ ਖੁਦ ਕਿਹਾ ਕਿ ਸਿੱਧੇ ਜਾਵੋ। ਪੁਲਿਸ ਨੇ ਖੁਦ ਕਿਸੇ ਨੂੰ ਆਈਟੀਓ ਭੇਜਿਆਂ, ਲਾਲ ਕਿਲ੍ਹੇ ਭੇਜਿਆ, ਨਾਮ ਦੇ ਲਈ ਥੋੜਾ ਰੋਕਿਆ। ਫਿਰ ਲਾਲ ਕਿਲ੍ਹੇ ਜਾ ਕੇ ਉਨ੍ਹਾਂ ਨੇ ਜੋ ਕੀਤਾ ਉਹ ਸਾਰੇ ਦੇਸ਼ ਦੇ ਸਾਹਮਣੇ ਹੈ।”
“ਆਰਐਸਐਸ ਦੇ ਦੀਪ ਸਿੱਧੂ, ਮੋਦੀ ਅਤੇ ਸ਼ਾਹ ਦੇ ਖਾਸ ਏਜੰਟ ਹਨ। ਉਨ੍ਹਾਂ ਨੇ ਉਥੇ ਜਾ ਕੇ ਇਹ ਸੱਭ ਕੀਤਾ। ਏਨੇ ਅਹਿਮ ਦਿਨ ਤੇ ਲਾਲ ਕਿਲ੍ਹੇ ਦੀ ਚੌਂਕੀ ਵਿੱਚ ਸਾਰੇ ਪੁਲਿਸ ਵਾਲੇ ਚੌਂਕੀ ਛੱਡ ਕੇ ਚਲੇ ਗਏ। ਚਾਰ ਘੰਟੇ ਤੱਕ ਉਨ੍ਹਾਂ ਨੂੰ ਆਪਣਾ ਕੰਮ ਕਰਨ ਦਿੱਤਾ। ਉਨ੍ਹਾਂ ਨੇ ਸਾਡੇ ਰਾਸ਼ਟਰੀ ਝੰਡੇ ਦੇ ਬਰਾਬਰ ਇੱਕ ਧਾਰਮਿਕ ਝੰਡਾ ਫਹਿਰਾਇਆ। ਪੁਲਿਸ ਨੇ ਉਨ੍ਹਾਂ ਨੂੰ ਕੁਝ ਨਹੀਂ ਕਿਹਾ।”
ਰਾਜੇਵਾਲ ਨੇ ਸੱਭ ਨੂੰ ਚੜ੍ਹਦੀ ਕਲ੍ਹਾ ਵਿਚ ਰਹਿਣ ਦੀ ਬੇਨਤੀ ਕਰਦੇ ਹੋਏ ਕਿਹਾ ਕਿ ਅੰਦੋਲਨ ਜਾਰੀ ਹੈ ਜਾਰੀ ਰਹੇਗਾ, ਜਿੱਤ ਕੇ ਮੁੜਾਂਗੇ। ਅੰਦੋਲਨ ਤੇ ਅਕਾਲ ਪੁਰਖ ਦੀ ਰਹਿਮਤ ਹੈ, ਅਕਾਲ ਪੁਰਖ ਦੇ ਭਾਣੇ ਵਿਚ ਰਹਾਂਗੇ।ਵਿਦੇਸ਼ਾਂ ਵਿਚ ਰਹਿ ਰਹੇ ਭਾਈਚਾਰੇ ਦਾ ਸਾਨੂੰ ਪੂਰਾ ਸਮੱਰਥਨ ਮਿਲ ਰਿਹਾ ਹੈ। ਗਦਾਰ ਐਕਸਪੋਜ਼ ਹੋ ਗਏ ਹਨ ਅਤੇ ਅੰਦੋਲਨ ਤੋਂ ਵੱਖ ਹੋ ਗਏ ਹਨ
ਖਾਲਸ ਅਤੇ ਸੁਹਿਰਦ ਬੰਦੇ ਅੰਦੋਲਨ ਵਿਚ ਰਹਿ ਗਏ ਹਨ, ਉਨ੍ਹਾਂ ਦੀ ਮੱਦਦ ਨਾਲ ਜਿੱਤਾਂਗੇ, ਵਾਹਿਗੁਰੂ ਮਿਹਰ ਕਰੇਗਾ
ਸਵਰਾਜ ਇੰਡੀਆ ਦੇ ਮੁੱਖੀ ਯੋਗੇਂਦਰ ਯਾਦਵ ਨੇ ਵੀ ਇਸ ਘਟਨਾ ਦੇ ਲਈ ਦੀਪ ਸਿੱਧੂ ਅਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਹਰਿਆਣਾ ਦੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਵੀ ਕਿਹਾ ਕਿ ਜੋ ਕੁਝ ਵਾਪਰਿਆ ਹੈ, ਉਸ ਦੇ ਲਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਹੀ ਅਜਿਹੇ ਲੋਕਾਂ ਨੂੰ ਲਾਲ ਕਿਲ੍ਹੇ ਤੱਕ ਜਾਣ ਦਾ ਰਸਤਾ ਮੁਹਈਆ ਕਰਵਾਇਆ।