ਚੰਡੀਗੜ੍ਹ – ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹੋਈ ਵਾਰਦਾਤ ਦਾ ਆਰੋਪ ਦੂਸਰਿਆਂ ਤੇ ਲਗਾਉਣ ਦੀ ਕੋਸਿ਼ਸ਼ ਕਰਨ ਵਾਲੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੂੰ ਆੜੇ ਹੱਥੀਂ ਲਿਆ ਹੈ। ਸੀਐਮ ਨੇ ਕਿਹਾ ਕਿ ਇਸ ਘਟਨਾ ਨੂੰ ਸਪੱਸ਼ਟ ਤੌਰ ਤੇ ਜਾਵੇਡਕਰ ਦੀ ਆਪਣੀ ਬੀਜੇਪੀ ਪਾਰਟੀ ਦੇ ਸਮੱਰਥਕਾਂ ਅਤੇ ਵਰਕਰਾਂ ਨੇ ਆਮ ਆਦਮੀ ਪਾਰਟੀ ਦੇ ਨਾਲ ਮਿਲੀਭਗਤ ਨਾਲ ਭੜਕਾਇਆ ਸੀ। ਕਾਂਗਰਸ ਦਾ ਇਨ੍ਹਾਂ ਘਟਨਾਵਾਂ ਪਿੱਛੇ ਕੋਈ ਵੀ ਰੋਲ ਨਹੀਂ ਹੈ। ਪਰ ਸਾਡੇ ਕਿਸਾਨ ਆਗੂ ਪਹਿਲੇ ਦਿਨ ਤੋਂ ਹੀ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ਨੂੰ ਤੰਗ-ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ।
ਕਿਸਾਨੀ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੀ ਆੜ ਵਿੱਚ ਅਸਲ ਕਿਸਾਨਾਂ ਆਗੂਆਂ ਖਿਲਾਫ਼ ਬਿਨਾਂ ਕੋਈ ਸਬੂਤ ਦੇ ਉਨ੍ਹਾਂ ਨੂੰ ਤੰਗ ਪਰੇਸ਼ਾਨ ਕਰਨਾ ਤੇ ਉਨ੍ਹਾਂ ਖਿਲਾਫ਼ ਐਫ.ਆਈ. ਆਰਜ਼ ਕਰਨਾ ਸਰਾਸਰ ਗਲਤ ਤੇ ਨਿੰਦਣਯੋਗ ਹੈ। ਦਿੱਲੀ ਪੁਲਿਸ ਨੂੰ ਕਿਸਾਨ ਆਗੂਆਂ ਖਿਲਾਫ਼ ਕੱਢੇ ਲੁੱਕ ਆਊਟ ਨੋਟਿਸ ਨੂੰ ਵਾਪਿਸ ਲੈਣਾ ਚਾਹੀਦਾ ਹੈ ਕਿਉੰਕਿ ਸਾਡੇ ਕਿਸਾਨ ਆਗੂ ਘੱਟ ਜ਼ਮੀਨ ਵਾਲੇ ਛੋਟੀ ਕਿਸਾਨੀ ਨਾਲ ਜੁੜੇ ਹੋਏ ਕਿਸਾਨ ਹਨ ਨਾ ਕਿ ਕੋਈ ਵਿਜੇ ਮਾਲਿਆ, ਨੀਰਵ ਮੋਦੀ, ਲਲਿਤ ਮੋਦੀ ਜਾਂ ਮੇਹੁਲ ਚੌਕਸੀ ਵਰਗੇ ਵੱਡੇ ਕਾਰਪੋਰੇਟ ਭਗੌੜੇ ਹਨ ਜੋ ਦੇਸ਼ ਲੁੱਟ ਕੇ ਭੱਜ ਜਾਣਗੇ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦਾ ਇੱਕ ਵੀ ਨੇਤਾ ਜਾਂ ਵਰਕਰ ਲਾਲ ਕਿਲ੍ਹੇ ਤੇ ਨਹੀਂ ਵੇਖਿਆ ਗਿਆ। ਕੈਪਟਨ ਨੇ ਕਿਹਾ ਕਿ ਇਹ ਸਮਾਜ ਵਿਰੋਧੀ ਅਨਸਰਾਂ ਦਾ ਕੰਮ ਹੈ, ਜਿੰਨ੍ਹਾਂ ਨੇ ਟਰੈਕਟਰ ਰੈਲੀ ਵਿੱਚ ਘੁਸਪੈਠ ਕਰ ਲਈ ਸੀ। ਇਸ ਦੇ ਲਈ ਕਿਸਾਨ ਵੀ ਜਿੰਮੇਵਾਰ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਕੇਂਦਰ ਸਰਕਾਰ ਵੱਲੋਂ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ, ਤਾਂ ਜੋ ਭਾਜਪਾ ਦੇ ਨੇਤਾਵਾਂ ਦੁਆਰਾ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਕਿਸੇ ਹੋਰ ਦੇਸ਼ ਤੇ ਲਗਾਏ ਜਾ ਰਹੇ ਆਰੋਪਾਂ ਦੀ ਸਚਾਈ ਸਾਹਮਣੇ ਆ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਗੁਨਾਹਗਾਰਾਂ ਨੂੰ ਸਜ਼ਾ ਮਿਲ ਸਕੇ ਅਤੇ ਅਸਲੀ ਕਿਸਾਨਾਂ ਨੂੰ ਬਿਨਾਂ ਵਜ੍ਹਾ ਬਦਨਾਮ ਜਾਂ ਪਰੇਸ਼ਾਨ ਨਾ ਕੀਤਾ ਜਾਵੇ।
ਸੀਐਮ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਹੁਣ ਤੱਕ ਸਾਡੇ ਖੇਤੀ ਬਿੱਲ ਵਿਚਾਰਨ ਲਈ ਭਾਰਤ ਦੇ ਰਾਸ਼ਟਰਪਤੀ ਕੋਲ ਕਿਉਂ ਨਹੀਂ ਭੇਜੇ? ਪਹਿਲਾਂ ਤੁਸੀਂ ਰਾਜਾਂ ਨਾਲ ਸਲਾਹ-ਮਸ਼ਵਰਾ ਨਹੀਂ ਕਰਦੇ ਅਤੇ ਸਾਰੇ ਸੰਘੀ ਨਿਯਮਾਂ ਨੂੰ ਨਜਿੱਠਦੇ ਹੋਏ ਲੋਕ-ਵਿਰੋਧੀ ਕਾਨੂੰਨਾਂ ਨੂੰ ਪਾਸ ਕਰ ਦਿੰਦੇ ਹੋ। ਖੇਤੀਬਾੜੀ ਇੱਕ ਰਾਜ ਦਾ ਵਿਸ਼ਾ ਹੈ ਅਤੇ ਕੇਂਦਰ ਕੋਲ ਇਸ ਉੱਤੇ ਕਾਨੂੰਨ ਬਣਾਉਣ ਦੀ ਕੋਈ ਸ਼ਕਤੀ ਨਹੀਂ ਹੈ।