ਫ਼ਤਹਿਗੜ੍ਹ ਸਾਹਿਬ – “ਜਿਸ ਕਿਸਾਨ-ਮਜਦੂਰ ਮੋਰਚੇ ਦੀ ਸਫ਼ਲਤਾ ਲਈ ਸਮੁੱਚੇ ਇੰਡੀਆਂ ਅਤੇ ਬਾਹਰਲੇ ਮੁਲਕਾਂ ਵਿਚ ਵਿਚਰ ਰਹੇ ਕਿਸਾਨ-ਮਜਦੂਰ ਅਤੇ ਹਰ ਵਰਗ ਦੇ ਨਿਵਾਸੀ ਅਰਦਾਸਾਂ ਕਰ ਰਹੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਦੀ ਪੂਰਤੀ ਕਰਨ ਅਤੇ ਆਪਣੀ ਆਨ-ਸ਼ਾਨ ਦੀ ਕਾਇਮੀ ਲਈ ਇਹ ਜ਼ਰੂਰੀ ਹੈ ਕਿ ਸਭ ਕਿਸਾਨ ਜਥੇਬੰਦੀਆਂ, ਆਗੂ ਅਤੇ ਨੌਜ਼ਵਾਨੀ ਕਿਸੇ ਤਰ੍ਹਾਂ ਦੇ ਵੀ ਆਪਸੀ ਵਿਵਾਦ ਵਿਚ ਬਿਲਕੁਲ ਵੀ ਨਾ ਪੈਣ । ਬਲਕਿ ਜਿਥੇ ਕਿਤੇ ਵੀ ਵਿਚਾਰਾਂ ਦਾ ਵਖਰੇਵਾਂ ਪੈਦਾ ਹੋਇਆ ਹੈ, ਉਨ੍ਹਾਂ ਨੂੰ ਤੁਰੰਤ ਆਪਸੀ ਸਹਿਮਤੀ ਨਾਲ ਖ਼ਤਮ ਕਰਕੇ ਏਕਤਾ ਨੂੰ ਪਹਿਲੇ ਨਾਲੋ ਵੀ ਵਧੇਰੇ ਮਜਬੂਤੀ, ਦ੍ਰਿੜਤਾ ਦਿੰਦੇ ਹੋਏ ਆਪਣੇ ਨਿਸ਼ਾਨੇ ਵੱਲ ਵੱਧਣ ।”
ਇਹ ਵਿਚਾਰ ਅਤੇ ਅਪੀਲ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਦਿੱਲੀ ਵਿਖੇ 2 ਮਹੀਨੇ ਤੋਂ ਬਹੁਤ ਹੀ ਸਿੱਦਤ ਅਤੇ ਦ੍ਰਿੜਤਾ ਨਾਲ ਚੱਲ ਰਹੇ ਕਿਸਾਨ ਮੋਰਚੇ ਦੇ ਆਗੂਆਂ ਵਿਚ ਪਹਿਲੇ ਨਾਲੋ ਵੀ ਵਧੇਰੇ ਮਜ਼ਬੂਤੀ ਕਰਨ ਅਤੇ ਛੋਟੇ-ਮੋਟੇ ਪੈਦਾ ਹੋਏ ਵਖਰੇਵਿਆ ਨੂੰ ਤੁਰੰਤ ਆਪਸੀ ਸਹਿਮਤੀ ਨਾਲ ਦੂਰ ਕਰਨ ਤੇ ਅੱਗੇ ਵੱਧਣ ਉਤੇ ਜੋਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਸੰਜ਼ੀਦਾ ਮੰਗ ਹੈ ਕਿ ਆਪਸੀ ਮੱਤਭੇਦ ਭੁਲਾਕੇ ਇਕ ਹੋਇਆ ਜਾਵੇ । ਜਦੋਂ ਮੁਕਾਰਤਾ ਨਾਲ ਭਰਿਆ ਹੁਕਮਰਾਨ, ਦਿੱਲੀ ਪੁਲਿਸ, ਕਾਰਪੋਰੇਟ ਘਰਾਣੇ ਅਤੇ ਕਾਲੇ ਕਾਨੂੰਨ ਬਣਾਉਣ ਵਾਲੀਆ ਤਾਕਤਾਂ ਇਕ ਹਨ ਤਾਂ ਸਮੁੱਚੀਆਂ ਕਿਸਾਨ ਅਤੇ ਨੌਜ਼ਵਾਨ ਜਥੇਬੰਦੀਆਂ ਵੀ ਇਕ-ਦੂਸਰੇ ਉਪਰ ਇਲਜਾਮ ਲਗਾਉਣਾ ਬੰਦ ਕਰਕੇ ਏਕਤਾ ਨੂੰ ਮਜ਼ਬੂਤੀ ਬਖਸਣ । ਸ. ਮਾਨ ਨੇ ਹੁਕਮਰਾਨਾਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਸ੍ਰੀ ਮੋਦੀ ਅਤੇ ਸ਼ਾਹ ਵੱਲੋਂ ਮਨੁੱਖਤਾ ਵਿਰੋਧੀ ਅਪਣਾਈ ਜਾ ਰਹੀ ਅੜੀ ਨੂੰ ਛੱਡਕੇ, ਉਨ੍ਹਾਂ ਦੀਆਂ ਗਲਤ ਨੀਤੀਆਂ ਅਤੇ ਅਮਲਾਂ ਦੀ ਬਦੌਲਤ ਮੁਲਕ ਵਿਚ ਪੈਦਾ ਹੋਈ ਅਫਰਾ-ਤਫਰੀ ਨੂੰ ਖਤਮ ਕਰਨ ਲਈ ਤੁਰੰਤ ਖੇਤੀ ਸੰਬੰਧੀ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਨ । ਲਦਾਖ, ਸਿੱਕਮ, ਅਰੁਣਾਚਲ ਵਿਚ ਜੋ ਚੀਨ ਅੰਦਰ ਦਾਖਲ ਹੋ ਰਿਹਾ ਹੈ ਅਤੇ ਉਥੇ ਆਪਣੇ ਪੱਕੇ ਘਰ ਬਣਾ ਰਿਹਾ ਹੈ, ਤਾਂ ਇਸ ਸਮੇਂ ਅੰਦਰੂਨੀ ਖਾਨਾਜੰਗੀ ਨੂੰ ਬੁੜਾਵਾ ਦੇਣਾ ਕਿਸੇ ਤਰ੍ਹਾਂ ਵੀ ਸਹੀ ਨਹੀਂ ਹੋਵੇਗਾ ।
ਸ. ਮਾਨ ਨੇ ਜਿਥੇ ਕਿਸਾਨ ਆਗੂ ਸੀ੍ਰ ਟਿਕੈਤ ਵੱਲੋ ਬੇਖੌਫ ਹੋ ਕੇ ਹੁਕਮਰਾਨਾਂ ਦੇ ਜ਼ਬਰ-ਜੁਲਮ ਵਿਰੁੱਧ ਕੇਵਲ ਆਵਾਜ਼ ਹੀ ਨਹੀਂ ਉਠਾਈ ਜਾ ਰਹੀ, ਬਲਕਿ ਦ੍ਰਿੜਤਾ ਨਾਲ ਆਪਣੇ ਆਖਰੀ ਸਵਾਸ ਤੱਕ ਕਿਸਾਨੀ ਸੰਘਰਸ਼ ਲਈ ਅਤੇ ਮਨੁੱਖਤਾ ਲਈ ਉਦਮ ਕਰਨ ਦਾ ਪ੍ਰਣ ਕਰਦੇ ਹੋਏ ਜੋ ਲਾਇਵ ਹੋ ਕੇ ਸਮੁੱਚੀ ਮਨੁੱਖਤਾ ਨੂੰ ਸੰਦੇਸ਼ ਦਿੱਤਾ ਹੈ, ਉਸਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਭਰਪੂਰ ਪ੍ਰਸ਼ੰਸ਼ਾਂ ਕਰਦਾ ਹੈ, ਉਥੇ ਮੋਦੀ-ਸ਼ਾਹ ਹਕੂਮਤ ਵੱਲੋਂ ਦਿੱਲੀ ਪੁਲਿਸ ਤੇ ਭਾਜਪਾ ਦੇ ਵਰਕਰਾਂ ਵੱਲੋਂ ਬੀਤੇ ਦਿਨੀਂ ਟਿਕਰੀ, ਸਿੰਘੂ ਬਾਰਡਰ ਅਤੇ ਗਾਜੀਪੁਰ ਬਾਰਡਰ ਉਤੇ ਬੈਠੇ ਕਿਸਾਨਾਂ ਉਤੇ ਗੈਰ-ਜਮਹੂਰੀਅਤ ਅਤੇ ਗੈਰ-ਸਮਾਜਿਕ ਢੰਗਾਂ ਰਾਹੀ ਹਮਲੇ ਕਰਕੇ ਕਿਸਾਨਾਂ ਨੂੰ ਜਖ਼ਮੀ ਕਰਨ, ਉਨ੍ਹਾਂ ਦੇ ਟੈਂਟ ਪਾੜਨ, ਪਾਣੀ ਅਤੇ ਬਿਜਲੀ ਦੀ ਸਪਲਾਈ ਬੰਦ ਕਰਨ ਨੂੰ ਅਣਮਨੁੱਖੀ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿੰਦਾ ਕੀਤੀ । ਉਨ੍ਹਾਂ ਹੁਕਮਰਾਨਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਉਹ ਮੁਲਕ ਦੇ ਹਾਲਾਤ ਨੂੰ ਵਿਸਫੋਟਕ ਬਣਾਉਣ ਦੀ ਗੁਸਤਾਖੀ ਨਾ ਕਰਨ। ਜਿਨ੍ਹਾਂ ਜੋਰ, ਸ਼ਕਤੀ ਅਤੇ ਸਾਧਨ ਹੁਕਮਰਾਨ ਆਪਣੇ ਹੀ ਮੁਲਕ ਦੇ ਨਿਵਾਸੀਆ, ਕਿਸਾਨ-ਮਜ਼ਦੂਰਾਂ ਅਤੇ ਹੋਰਨਾਂ ਵਰਗਾਂ ਦੇ ਹੱਕ-ਹਕੂਕਾਂ ਨੂੰ ਕੁੱਚਲਣ ਤੇ ਲਗਾ ਰਹੇ ਹਨ, ਉਸ ਤੋਂ ਅੱਧੀ ਤਾਕਤ ਅਤੇ ਸਾਧਨ ਜੇਕਰ ਹੁਕਮਰਾਨ ਚੀਨ ਵੱਲੋਂ ਕਬਜੇ ਕੀਤੇ ਗਏ ਲਦਾਖ, ਸਿੱਕਮ, ਅਰੁਣਾਚਲ ਵਿਚ ਲਗਾ ਦੇਣ ਤਾਂ ਇਹ ਕਬਜੇ ਕੀਤੇ ਗਏ ਇੰਡੀਅਨ ਇਲਾਕੇ ਵਾਪਸ ਹੋ ਸਕਦੇ ਹਨ । ਜਿਨ੍ਹਾਂ ਕਿਸਾਨ-ਮਜਦੂਰਾਂ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਹੁਕਮਰਾਨ ਦਬਾਉਣ ਲਈ ਗੈਰ-ਕਾਨੂੰਨੀ ਅਮਲ ਕਰ ਰਹੇ ਹਨ, ਜੇਕਰ ਹੁਕਮਰਾਨ ਚੀਨ ਤੋਂ ਆਪਣਾ ਕਬਜਾ ਛੁਡਾਉਣ ਲਈ ਇਨ੍ਹਾਂ ਕਿਸਾਨਾਂ, ਪੰਜਾਬੀਆਂ ਤੇ ਸਿੱਖਾਂ ਨੂੰ ਅਧਿਕਾਰ ਦੇ ਦੇਣ ਤਾਂ ਇਹ ਜ਼ਿੰਮੇਵਾਰੀ ਤਾਂ ਕਿਸਾਨ-ਮਜਦੂਰ ਹੀ ਪੂਰੀ ਕਰ ਦੇਣਗੇ ।