ਨਵੀਂ ਦਿੱਲੀ : ਲਾਲ ਕਿਲ੍ਹੇ ‘ਤੇ 26 ਜਨਵਰੀ ਨੂੰ ਹੋਈ ਘਟਨਾ ਦੇ ਬਾਅਦ ਮੀਡੀਆ ਦੇ ਇੱਕ ਹਿੱਸੇ ਵੱਲੋਂ ਕਿਸਾਨੀ ਆਂਦੋਲਨ ਨੂੰ ਨਿਸ਼ਾਨ ਸਾਹਿਬ ਕਰਕੇ ਧਾਰਮਿਕ ਰੰਗਤ ਦੇਣ ਦੇ ਮਾਮਲੇ ਤੋਂ ਬਾਅਦ ਜਾਗੋ ਪਾਰਟੀ ਚੌਕੰਨੀ ਹੋ ਗਈ ਹੈ। ਜਾਗੋ ਪਾਰਟੀ ਵੱਲੋਂ ਲਗਾਤਾਰ ਮੀਡੀਆ ਰਿਪੋਰਟਾਂ ਦੀ ਸਮੀਖਿਆ ਕਰਨ ਦੌਰਾਨ ਹਿੰਦੀ ਦੇ ਵੱਡੇ ਖ਼ਬਰੀ ਚੈਨਲ ਆਜਤਕ ਦੇ ਵੱਲੋਂ ਬਿਨਾਂ ਤੱਥਾਂ ਦੇ ਅਧਾਰਤ ਸਿੱਖਾਂ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਦਾ ਖੁਲਾਸਾ ਹੋਇਆ ਸੀ। ਜਿਸ ਨੂੰ ਲੈ ਕੇ ਅੱਜ ਜਾਗੋ ਪਾਰਟੀ ਦੇ ਕੌੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਦਿੱਲੀ ਹਾਈ ਕੋਰਟ ਵਿੱਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ। ਜਿਸ ‘ਤੇ ਸੁਣਵਾਈ ਕਰਦੇ ਹੋਏ ਚੀਫ਼ ਜਸਟਿਸ ਡੀ.ਐਨ. ਪਟੇਲ ਨੇ ਮਾਮਲੇ ਦੀ ਅਗਲੀ ਸੁਣਵਾਈ 1 ਫਰਵਰੀ ਨੂੰ ਕਰਨ ਦਾ ਐਲਾਨ ਕੀਤਾ। ਜਾਗੋ ਪਾਰਟੀ ਵੱਲੋਂ ਦਾਖਲ ਕੀਤੀ ਗਈ ਪਟੀਸ਼ਨ ‘ਚ ਆਜਤਕ ਵੱਲੋਂ 26 ਜਨਵਰੀ ਦੀ ਪਰੇਡ ‘ਚ ਸ਼ਾਮਲ ਰਾਮਮੰਦਿਰ ਦੀ ਝਾਕੀ ਦੇ ਗੁੰਬਦ ਅਤੇ ਕੇਦਾਰਨਾਥ ਮੰਦਿਰ ਦੇ ਬੁੱਤ ਨੂੰ ਇੱਕ ਖਾਸ ਫਿਰਕੇ ਦੇ ਲੋਕਾਂ ਵੱਲੋਂ ਤੋੜਨ ਦੀ ਚਲਾਈ ਗਈ ਖਬਰ ‘ਤੇ ਸਵਾਲ ਚੁੱਕੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀਕੇ ਨੇ ਦਸਿਆ ਕਿ ਆਜਤਕ ਜਿੰਮੇਦਾਰ ਮੀਡੀਆ ਏਜੰਸੀ ਦੀ ਭੂਮਿਕਾ ਨਿਭਾਹੁਣ ਦੀ ਬਜਾਏ ਇਕਤਰਫ਼ਾ ਜਹਿਰੀਲਾ ਪ੍ਰਚਾਰ ਇਕ ਫਿਰਕੇ ਖਿਲਾਫ ਚਲਾ ਰਿਹਾ ਹੈ। ਨਾਲ ਹੀ ਆਜਤਕ ਪ੍ਰਸਾਰਣ ਦੇ ਆਦਰਸ਼ ਸਿਧਾਂਤਾ ਦੀ ਉਲੰਘਣਾ ਕਰ ਰਿਹਾ ਹੈ ਜਿਸ ਨੂੰ ਨਿਊਜ ਬਾ੍ਰਡਕਾਸਟਰਸ ਐਸੋਸੀਏਸ਼ਨ ਜਰੂਰੀ ਦਸਦਾ ਹੈ। ਆਜਤਕ ਵੱਲੋਂ ਸਿੱਖਾਂ ਦੇ ਖਿਲਾਫ ਕੀਤੇ ਜਾ ਰਹੇ ਪ੍ਰਚਾਰ ਕਰਕੇ ਸਿੱਖਾਂ ਦੀ ਜਿੰਦਗੀ ਖ਼ਤਰੇ ‘ਚ ਪੈ ਰਹੀ ਹੈ ਅਤੇ ਇਸਦਾ ਸਿੱਖ ਭਾਈਚਾਰੇ ਦੀ ਰੋਜੀ-ਰੋਟੀ ‘ਤੇ ਅਸਰ ਪੈ ਸਕਦਾ ਹੈ। ਆਜਤਕ ਵੱਲੋਂ ਚਲਾਈ ਗਈ ਖਬਰ ਕਰਕੇ ਸਿੱਖਾਂ ਦੇ ਖਿਲਾਫ ਦੂਜੇ ਵਿਰਕੇ ਨੂੰ ਉਕਸਾਉਣ, ਭੜਕਾਉਣ ਦਾ ਖਦਸਾ ਪੈਦਾ ਹੋ ਗਿਆ ਹੈ ਜਿਸ ਕਰਕੇ ਦੰਗੇ ਆਦਿਕ ਹੋ ਸਕਦੇ ਹਨ। ਇਹ ਸਿੱਧੇ ਤੌਰ ‘ਤੇ ਕੇਬਲ ਟੈਲੀਵੀਜ਼ਨ ਨੈਟਵਰਕ ਰੇਗੂਲੇਸ਼ਨ ਐਕਟ 1995 ਦੀ ਉਲੰਘਣਾਂ ਹੈ। ਜੀਕੇ ਨੇ ਕਿਹਾ ਕਿ ਅਸੀਂ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਖਬਰਾਂ ਚਲਾਉਣ ਦੇ ਨਿਰਧਾਰਤ ਕਾਨੂੰਨਾਂ ਦੀ ਪਾਲਨਾ ਨਾ ਕਰਦੇ ਹੋਏ ਆਜਤਕ ਵੱਲੋਂ ਕੀਤੀ ਗਈ ਕੋਤਾਹੀ ‘ਤੇ ਮੀਡੀਆ ਘਰਾਨਿਆ ਨੂੰ ਖਬਰਾਂ ਪ਼੍ਰਸਾਰਣ ਦਾ ਜਾਬਤਾ ਮੰਨਣ ਦੀ ਹਿਦਾਇਤ ਦਿੱਤੀ ਜਾਵੇ। ਆਜਤਕ ਦੇ ਨਾਲ ਹੀ ਜੀਕੇ ਵੱਲੋਂ ਨਿਊਜ ਬ੍ਰਾਡਕਾਸਟਰ ਐਸੋਸੀਏਸ਼ਨ, ਸਕੱਤਰ ਪ੍ਰੈਸ ਕਾਉਂਸਿਲ ਆੱਫ ਇੰਡੀਆ ਅਤੇ ਕੇਂਦਰੀ ਸੂਚਨਾਂ ਮੰਤਰਾਲਾ ਭਾਰਤ ਸਰਕਾਰ ਨੂੰ ਪਾਰਟੀ ਬਣਾਇਆ ਗਿਆ ਹੈ।