ਨਵੀਂ ਦਿੱਲੀ : ਦਿੱਲੀ ‘ਚ ਤੇਜ਼ੀ ਨਾਲ ਸਮਾਜਿਕ ਭਾਈਚਾਰੇ ਦੇ ਮਾਹੌਲ ਨੂੰ ਵਿਗਾੜਨ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਕੋਸ਼ਿਸ਼ਾਂ ਦੇ ਖਿਲਾਫ਼ ਜਾਗੋ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਭੇਜਿਆ ਹੈ। ਉਕਤ ਪੱਤਰ ਦਾ ਉਤਾਰਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਪੁਲਿਸ ਦੇ ਕਮਿਸ਼ਨਰ ਐਸਐਨ ਸ੍ਰੀਵਾਸਤਵ ਨੂੰ ਭੇਜਿਆ ਗਿਆ ਹੈ। ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰੰਘ ਜੀਕੇ ਨੇ ਇਸ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਲਗਾਤਾਰ ਦਿੱਲੀ ਵਿੱਖੇ 26 ਜਨਵਰੀ ਦੀ ਪਰੇਡ ਤੋਂ ਬਾਅਦ ਸਿੱਖਾਂ ਦੇ ਖਿਲਾਫ਼ ਜ਼ਹਿਰੀਲਾ ਪ੍ਰਚਾਰ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਹੈ। ਜਿਸਦੇ ਕਾਰਨ ਸਿੱਖਾਂ ਦੇ ਜਾਨ-ਮਾਲ ‘ਤੇ ਖ਼ਤਰਾ ਪੈਦਾ ਹੋ ਗਿਆ ਹੈ। ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ ਦਾ ਜਿੰਮਾਂ ਦਿੱਲੀ ਸਰਕਾਰ ਦੇ 11 ਡੀਐਮ ਅਤੇ 33 ਐਸਡੀਐਮ ਦਾ ਹੈ। ਪਰ ਪੁਲਿਸ ਦੇ ਨਾਲ ਤਾਲਮੇਲ ਕਰਨ ਦੀ ਥਾਂ ਪ੍ਰਸ਼ਾਸਨ ਸੁੱਤਾ ਹੋਇਆ ਜਾਪਦਾ ਹੈ। ਇਸਦਾ ਸਭ ਤੋਂ ਵੱਡਾ ਉਦਾਹਰਣ ਕੱਲ੍ਹ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਅਤੇ ਗੁਰੂ ਤੇਗ ਬਹਾਦਰ ਯਾਦਗਾਰ, ਸਿੰਘੂ ਬਾਰਡਰ ਦੇ ਅੰਦਰ ਹੋਈ ਹੁਲੜਬਾਜ਼ੀ ਹੈ।
ਜੀਕੇ ਨੇ ਕਿਹਾ ਕਿ ਗੁਰਦੁਆਰਾ ਸੀਸਗੰਜ ਸਾਹਿਬ ਦੇ ਬਾਹਰ ਜਾਣਬੁੱਝ ਕੇ ਇਕੱਤਰ ਹੋਈ ਭੀੜ ਵੱਲੋਂ ਸਿੱਖਾਂ ਦੇ ਖਿਲਾਫ਼ ਚਿਲਾਉਂਦੇ ਹੋੋਏ ਨਾਰੇਬਾਜੀ ਕੀਤੀ ਗਈ। ਜੇਕਰ ਭੜਕਾਹਟ ‘ਚ ਸਿੱਖ ਉਕਸਾਵੇ ‘ਚ ਆ ਜਾਂਦੇ ਤਾਂ ਇਲਾਕੇ ਦੀ ਸ਼ਾਂਤੀ ਖਰਾਬ ਹੋ ਸਕਦੀ ਸੀ। ਇਸੇ ਤਰ੍ਹਾਂ ਕੱਲ੍ਹ ਸਿੰਘੂ ਬਾਰਡਰ ਵਿੱਖੇ 8-10 ਪੁਲਿਸ ਵਾਲਿਆਂ ਨੇ ਇੱਕ ਸਿੱਖ ਨੌਜਵਾਨ ਨੂੰ ਹਿਰਾਸਤ ‘ਚ ਲੈਣ ਦੀ ਬਜਾਏ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਉਸਦੇ ਕਪੜੇ ਪਾੜੇ ਗਏ, ਪੱਗੜੀ ਸੁੱਟੀ ਗਈ, ਕੇਸਾਂ ਤੋਂ ਖਿੱਚਦੇ ਹੋਏ ਜਾਨਵਰਾਂ ਵਾਂਗ ਕੁੱਟਿਆ ਗਿਆ। ਪਰ ਦਿੱਲੀ ਸਰਕਾਰ ਦੇ ਡੀਐਮ ਨੇ ਕਿਸਾਨਾਂ ਉਪਰ ਪੱਥਰ ਅਤੇ ਡਾਂਗਾ ਵਰ੍ਹਾਂ ਰਹੇ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦਾ ਪੁਲਿਸ ਨੂੰ ਕੋਈ ਆਦੇਸ਼ ਨਹੀਂ ਦਿੱਤਾ। ਦਿੱਲੀ ਪੁਲਿਸ ਅਤੇ ਰੈਪਿਡ ਐਕਸ਼ਨ ਫੋਰਸ ਤਮਾਸ਼ਬੀਨ ਬਣ ਕੇ ਖੜੀ ਰਹੀ।ਜਦਕਿ ਭੀੜ ਨੇ ਗੁਰੂ ਤੇਗ ਬਹਾਦਰ ਯਾਦਗਾਰ ਵਿੱਖੇ ਵੀ ਬੈਖੌਫ਼ ਭੰਨ-ਤੋੜ ਕੀਤੀ। ਇਸੇ ਤਰ੍ਹਾਂ ਦਿੱਲੀ ਸਰਕਾਰ ਨੇ ਇੱਕ ਪਾਸੇ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਪਹਿਲਾਂ ਬੁਰਾੜੀ ਗਰਾਉਂਡ ‘ਚ ਬਹਿਣ ਦੀ ਮਨਜੂਰੀ ਦਿੱਤੀ ਪਰ ਬਾਅਦ ਵਿੱਚ ਆਪਣੀ ਦਿੱਤੀ ਮਨਜੂਰੀ ਨੂੰ ਖਾਰਜ ਕਰਕੇ ਕਿਸਾਨਾਂ ਨੂੰ ਉਥੋਂ ਭਜਾਇਆ ਗਿਆ। ਜਿਹੜੇ ਕਿਸਾਨਾਂ ਨੇ ਹੱਟਣ ਤੋਂ ਇਨਕਾਰ ਕੀਤਾ ਪੁਲਿਸ ਨੇ ਉਨ੍ਹਾਂ ਨੂੰ ਗਿ੍ਰਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਜੀਕੇ ਨੇ ਕਿਹਾ ਕਿ ਦਿੱਲੀ ਪ੍ਰਸਾਸਨ ਦੇ ਸੁਸਤ ਵਿਵਹਾਰ ਕਰਕੇ ਦਿੱਲੀ ‘ਚ ਸਿੱਖਾਂ ਦੇ ਖਿਲਾਫ਼ ਦੰਗਿਆ ਦੇ ਹਾਲਾਤ ਬਣ ਰਹੇ ਹਨ। ਇਸ ਲਈ ਸਰਕਾਰ ਨੂੰ ਸ਼ਰਾਰਤੀ ਅਨਸਰਾਂ ‘ਤੇ ਨੱਥ ਪਾਉਣ ਵਾਸਤੇ ਚੁਕੰਨਾਂ ਹੋਣ ਦੀ ਲੋੜ ਹੈ। ਦਿੱਲੀ ਸਰਕਾਰ ਤੁਰੰਤ ਉੱਚ ਪੱਧਰੀ ਕਮੇਟੀ ਬਣਾ ਕੇ ਸ਼ਰਾਰਤੀ ਅਨਸਰਾਂ ਨੂੰ ਦਿੱਤੀ ਗਈ ਢਿਲਾਈ ਦਾ ਸੱਚ ਸਾਹਮਣੇ ਲਿਆਵੇ। ਜੇਕਰ ਸਿੱਖਾਂ ਦੇ ਜਾਨ-ਮਾਲ ਨੂੰ ਸਰਕਾਰ ਦੀ ਗਲਤੀ ਕਰਕੇ ਨੁਕਸਾਨ ਹੋਇਆ ਤਾਂ ਉਸਦੇ ਲਈ ਦਿੱਲੀ ਸਰਕਾਰ ਜਿੰਮੇਵਾਰ ਹੋਵੇਗੀ।