ਮਹਿਤਾ ਚੌਕ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਮੋਦੀ ਸਰਕਾਰ ਨੂੰ ਕਿਸਾਨੀ ਬਾਰੇ ਤਿੰਨੇ ਕਾਲੇ ਕਾਨੂੰਨ ਤੁਰੰਤ ਵਾਪਸ ਲੈਂਦਿਆਂ ਕਿਸਾਨ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਅਪੀਲ ਕਰਦਿਆਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਜਿੰਨਾ ਸਮਾਂ ਵੀ ਕਿਸਾਨ ਸੰਘਰਸ਼ ਨੂੰ ਬੇਵਜ੍ਹਾ ਲਮਕਾਵਾਂਗੇ ਓਨਾ ਹੀ ਮਾਹੌਲ ਖ਼ਰਾਬ ਹੋ ਸਕਦਾ ਹੈ। ਉਨ੍ਹਾਂ ਕਿਸਾਨੀ ਘੋਲ ਦੌਰਾਨ ਗ੍ਰਿਫ਼ਤਾਰ ਨੌਜਵਾਨਾਂ ਨੂੰ ਤੁਰੰਤ ਰਿਹਾਅ ਕਰਨ ਅਤੇ ਉਨ੍ਹਾਂ ‘ਤੇ ਦਰਜ ਕੇਸ ਵਾਪਸ ਲੈਣ ਦੀ ਵੀ ਕਿਹਾ।
ਪ੍ਰੋ: ਸਰਚਾਂਦ ਸਿੰਘ ਵੱਲੋਂ ਦਿੱਤੀ ਜਾਣਕਾਰੀ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਠੋਸ ਨਤੀਜਿਆਂ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਆਪਸੀ ਮਨ ਮੁਟਾਵਾ ਤੇ ਮਤਭੇਦ ਭੁੱਲਾ ਕੇ ਇਕ ਜੁੱਟ ਹੋਕੇ ਸੰਘਰਸ਼ ਜਾਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਜਥੇਬੰਦੀਆਂ ਨੂੰ ਕਿਹਾ ਕਿ ਇਹ ਸਮਾਂ ਇਕ ਦੂਜੇ ਪ੍ਰਤੀ ਦੂਸ਼ਣਬਾਜ਼ੀ ਦਾ ਨਹੀਂ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਆਪੋ ਆਪਣਾ ਅਲੱਗ ਅਲੱਗ ਪ੍ਰੋਗਰਾਮ ਨਾ ਦੇਣ ਸਗੋਂ ਸੰਘਰਸ਼ ਦੀ ਮਜ਼ਬੂਤੀ ਲਈ ਇਕ ਸਾਂਝੇ ਪ੍ਰੋਗਰਾਮ ਨੂੰ ਅਪਣਾਉਣ ਦਾ ਸੁਝਾਅ ਦਿੱਤਾ ਹੈ। ਨਾਲ ਹੀ ਉਨ੍ਹਾਂ ਕਿਸਾਨਾਂ ਅਤੇ ਸੰਘਰਸ਼ਸ਼ੀਲ ਨੌਜਵਾਨਾਂ ਨੂੰ ਵੀ ਕਿਹਾ ਕਿ ਉਹ ਵੱਖ ਵੱਖ ਰਾਹੇ ਤੁਰਨ ਦੀ ਥਾਂ ਜੋ ਵੀ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ‘ਤੇ ਜਾਰੀ ਪ੍ਰੋਗਰਾਮਾਂ ਨੂੰ ਹੀ ਸਫਲ ਬਣਾਉਣ ‘ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਲੋਕਤੰਤਰ ਮੁਤਾਬਿਕ ਚੱਲ ਰਹੇ ਕਿਸਾਨ ਸੰਘਰਸ਼ ਨੂੰ ਕਿਸੇ ਸਰਕਾਰੀ ਏਜੰਸੀ, ਪੁਲੀਸ ਜਾਂ ਕਿਸੇ ਵੀ ਗ਼ਲਤ ਤਰੀਕੇ ਨਾਲ ਖਦੇੜਣ ਦੀ ਜਾਂ ਹਲਕਾ ਕਰਨ ਦੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਸਾਨ ਆਗੂ ਟਿਕੈਟ ਵੱਲੋਂ ਕਿਸਾਨੀ ਅੰਦੋਲਨ ਅਤੇ ਮੋਰਚੇ ਨੂੰ ਦਿੱਤੀ ਜਾ ਰਹੀ ਮਿਸਾਲੀ ਅਗਵਾਈ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਸਭ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਸੰਤ ਸਮਾਜ ਨਾਲ ਸੰਬੰਧਿਤ ਸੰਤਾਂ ਮਹਾਂਪੁਰਖਾਂ ਨੂੰ ਕਿਹਾ ਕਿ ਇਹ ਕਿਸਾਨੀ ਅੰਦੋਲਨ ਕੌਮੀ ਲੜਾਈ ਹੈ, ਇਸ ਨੂੰ ਵਧ ਤੋਂ ਵੱਧ ਸਹਿਯੋਗ ਦੇਣ ਲਈ ਵਹੀਰਾਂ ਘਤ ਕੇ ਦਿਲੀ ਪਹੁੰਚਣ ਦੀ ਉਨ੍ਹਾਂ ਅਪੀਲ ਕੀਤੀ ਹੈ। ਕੇਸਰੀ ਨਿਸ਼ਾਨ ਸਾਹਿਬ ਦੇ ਮਾਮਲੇ ਪ੍ਰਤੀ ਉਨ੍ਹਾਂ ਕਿਹਾ ਕਿ ਸਭ ਨੂੰ ਕੇਸਰੀ ਨਿਸ਼ਾਨ ਸਾਹਿਬ ਦਾ ਸਨਮਾਨ ਸਤਿਕਾਰ ਕਾਇਮ ਰੱਖਣਾ ਚਾਹੀਦਾ ਹੈ। ਇਸ ਮਾਮਲੇ ਨੂੰ ਬਿਨਾ ਵਜਾ ਤੂਲ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸੇ ਕੇਸਰੀ ਨਿਸ਼ਾਨ ਸਾਹਿਬ ਦੇ ਹੇਠ ਹਿੰਦੁਸਤਾਨ ਦੀਆਂ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਿਆ ਗਿਆ। ਸਿੱਖ ਧਰਮ ਦਾ ਨਿਸ਼ਾਨ ਸਾਹਿਬ ਦੁਨੀਆ ਦਾ ਇੱਕੋ ਇਕ ਅਜਿਹਾ ਨਿਸ਼ਾਨ ਸਾਹਿਬ ਹੈ ਜਿਸ ਦੇ ਹੇਠ ਦੁਨੀਆ ਦੀਆਂ ਸਭ ਕੌਮਾਂ, ਨਸਲਾਂ, ਮਜ਼੍ਹਬਾਂ ਤੇ ਜਾਤੀ ਦੇ ਲੋਕ ਇਕੱਤਰ ਹੋਣ ‘ਚ ਵੱਡਾ ਮਾਣ ਮਹਿਸੂਸ ਕਰਦੇ ਹਨ। ਅਖੀਰ ‘ਚ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਸਾਨੀ ਘੋਲ ‘ਚ ਸਮਰਪਿਤ ਸਭ ਸੰਗਤ ਅਤੇ ਅੰਦੋਲਨਕਾਰੀਆਂ ਨੂੰ ਸੰਜਮ ਅਤੇ ਸ਼ਾਂਤਮਈ ਰਹਿ ਕੇ ਸੰਘਰਸ਼ ਨੂੰ ਲੋੜੀਂਦੇ ਸਿੱਟਿਆਂ ਤਕ ਲੈ ਕੇ ਜਾਣ ਦੀ ਅਪੀਲ ਕੀਤੀ।