ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਸਾਨ ਮੋਰਚੇ ਨੂੰ ਹਮਾਇਤ ਦੇਣ ਲਈ ਦਿਲੀ ਕੂਚ ਕਰਨ ਦਾ ਐਲਾਨ ਕੀਤਾ ਹੈ। ਜਥਾ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਗੁ: ਗੁਰਦਰਸ਼ਨ ਪ੍ਰਕਾਸ਼, ਚੌਕ ਮਹਿਤਾ ਤੋਂ 5 ਫਰਵਰੀ ਨੂੰ ਕਿਸਾਨ ਮਾਰਚ ਦੇ ਰੂਪ ਵਿਚ ਇਕ ਵੱਡਾ ਕਾਫ਼ਲਾ ਦਿਲੀ ਨੂੰ ਰਵਾਨਾ ਹੋਇਆ ਜਾਵੇਗਾ। ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਮੋਦੀ ਸਰਕਾਰ ਦਾ ਕਿਸਾਨਾਂ ਪ੍ਰਤੀ ਵਰਤਾਰਾ ਤੇ ਵਿਤਕਰੇਬਾਜ਼ੀ ਅਤਿ ਨਿਰਾਸ਼ਾਜਨਕ ਹੈ। ਖੇਤੀ ਬਾਰੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਪ੍ਰਤੀ ਕਿਸਾਨਾਂ ਦੀ ਮੰਗ ‘ਤੇ ਕੇਂਦਰ ਸਰਕਾਰ ਵੱਲੋਂ ਸਾਰਥਿਕ ਹੁੰਗਾਰਾ ਨਹੀਂ ਭਰਿਆ ਜਾ ਰਿਹਾ। ਸਰਕਾਰ ਕਿਸਾਨਾਂ ਨਾਲੋਂ ਪੂਰੀ ਤਰਾਂ ਮੂੰਹ ਮੋੜ ਚੁੱਕੀ ਹੈ। ਬਜਟ ਗ਼ਰੀਬ ਅਤੇ ਕਿਸਾਨ ਵਿਰੋਧੀ ਹੀ ਨਹੀਂ ਲੋਕ ਵਿਰੋਧੀ ਵੀ ਹੈ। ਬਜਟ ‘ਚ ਖੇਤੀ ਸੈਕਟਰ ਨੂੰ ਅਣਗੌਲਿਆ ਕਰਦਿਆਂ ਸਰਕਾਰ ਨੇ ਸਰਮਾਏਦਾਰਾਂ ਅਤੇ ਕਾਰਪੋਰੇਟ ਘਰਾਣਿਆਂ ਪੱਖੀ ਹੋਣ ਦਾ ਕੋਈ ਭਰਮ ਨਹੀਂ ਰਹਿਣ ਦਿੱਤਾ।ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਕਰੋੜਾਂ ਅਰਬਾਂ ਦਾ ਕਰਜ਼ਾ ਮੁਆਫ਼ ਹੋ ਸਕਦਾ ਹੈ ਤਾਂ ਕਿਸਾਨੀ ਕਰਜ਼ਾ ਕਿਊ ਮੁਆਫ਼ ਨਹੀਂ ਹੁੰਦਾ?। ਉਨ੍ਹਾਂ ਸਰਕਾਰ ਨੂੰ ਕਾਲੇ ਕਾਨੂੰਨ ਵਾਪਸ ਲੈਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹੁਣ ਜਨ ਅੰਦੋਲਨ ਬਣ ਚੁੱਕਿਆ ਹੈ ਅਤੇ ਸਰਕਾਰ ਨੂੰ ਕਾਨੇ ਕਾਨੂੰਨ ਵਾਪਸ ਲੈਣਾ ਹੀ ਪਵੇਗਾ। ਉਨ੍ਹਾਂ ਸਮੂਹ ਜਨਤਾ ਨੂੰ ਕਿਸਾਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ। ਕਿਸਾਨ ਮੋਰਚਿਆਂ ਤੋਂ ਦਿਲੀ ਜਾਣ ਵਾਲੀਆਂ ਸੜਕਾਂ ਤੇ ਕੰਕਰੀਟ ਦੀਆਂ ਕੰਧਾਂ ਉਸਾਰਨ ਅਤੇ ਰਸਤਿਆਂ ‘ਚ ਲੋਹੇ ਦੇ ਕਿੱਲ ਲਗਾਏ ਜਾਣ ‘ਤੇ ਰੋਸ ਪ੍ਰਗਟ ਕਰਦਿਆਂ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਹੁਣ ਮੋਦੀ ਸਰਕਾਰ ਨੇ ਕਿਸਾਨਾਂ ਤੋਂ ਦੇਸ਼ ਦੀ ਨਾਗਰਿਕਤਾ ਵੀ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਮਹੂਰੀਅਤ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ 70 ਦਿਨਾਂ ਤੋ ਦਿਲੀ ‘ਚ ਸ਼ਾਂਤਮਈ ਅੰਦੋਲਨ ਚਲਾ ਰਹੇ ਹਨ। ਪਰ ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਹਰ ਹੀਲਾ ਵਰਤਣ ਦੀ ਤਾਕ ਵਿਚ ਹੈ। ਉਨ੍ਹਾਂ ਕਿਹਾ ਕਿ ਕਿਸਾਨ ਮੋਦੀ ਸਰਕਾਰ ਵਲ ਦਿੱਤੀ ਜਾਣ ਵਾਲੀ ਹਰ ਵੱਡੀ ਚੁਨੌਤੀ ਦਾ ਸਾਹਮਣਾ ਕਰਨ ਲਈ ਕਾਬਲ ਹੈ। ਕਿਸਾਨਾਂ ਖਿਲਾਫ਼ ਸਰਕਾਰੀ ਸ਼ਹਿ ‘ਤੇ ਕੁਝ ਸ਼ਰਾਰਤੀਆਂ ਅਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਸਖ਼ਤੀ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਉਹ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਅਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਤੋਂ ਬਿਨਾਂ ਘਰ ਪਰਤਣ ਵਾਲੇ ਨਹੀਂ ਹਨ। ਉਨ੍ਹਾਂ ਕਿਸਾਨ ਮੋਰਚਾ ‘ਚ ਹਿੱਸਾ ਲੈ ਰਹੇ ਨੌਜਵਾਨਾਂ ‘ਤੇ ਕੇਸ ਦਰਜ ਕਰਨ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਕਿਸਾਨ ਮੋਰਚੇ ਦੇ ਆਸ ਪਾਸ ਇੰਟਰਨੈੱਟ ਸੇਵਾਵਾਂ ਬੰਦ ਕਰਨ ਅਤੇ ਸੰਚਾਰ ਸਾਧਨਾਂ ਤੇ ਰੋਕ ਲਾਉਣ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਹਰ ਗ਼ਲਤ ਅਤੇ ਗ਼ੈਰ-ਜਮਹੂਰੀ ਕਦਮ ਆਪਣੇ ਲੋਕਾਂ ਉੱਪਰ ਬੇਵਿਸ਼ਵਾਸੀ ਅਤੇ ਬੁਖਲਾਹਟ ਨੂੰ ਦਰਸਾ ਰਿਹਾ ਹੈ।
ਚੌਕ ਮਹਿਤਾ ਤੋਂ 5 ਫਰਵਰੀ ਨੂੰ ਕਿਸਾਨ ਮਾਰਚ ਦੇ ਰੂਪ ਵਿਚ ਇਕ ਵੱਡਾ ਕਾਫ਼ਲਾ ਦਿਲੀ ਨੂੰ ਹੋਵੇਗਾ ਰਵਾਨਾ
This entry was posted in ਪੰਜਾਬ.