ਨਵੀਂ ਦਿੱਲੀ : ਟਵਿੱਟਰ ਨੇ ਅੱਜ ਵੱਡੀ ਕਾਰਵਾਈ ਕਰਦੇ ਹੋਏ ਫਿ਼ਲਮੀ ਅਦਾਕਾਰਾ ਕੰਗਨਾ ਰਨੌਤ ਦੇ ਵਿਵਾਦਿਤ ਟਵੀਟ ਹਟਾ ਦਿੱਤੇ ਹਨ। ਇਸ ਮਸਲੇ ‘ਤੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਕੱਲ੍ਹ ਟਵਿੱਟਰ ਦੇ ਐਮ.ਡੀ. ਨੂੰ ਆਪਣੇ ਵਕੀਲ ਦੇ ਮਾਰਫ਼ਤ ਲੀਗਲ ਨੋਟਿਸ ਭੇਜ ਕੇ ਕੰਗਨਾ ਦਾ ਟਵਿੱਟਰ ਅਕਾਂਉਂਟ ਬੰਦ ਕਰਨ ਦੀ ਮੰਗ ਕੀਤੀ ਸੀ। ਇਸ ਬਾਰੇ ਅੱਜ ਟਵਿੱਟਰ ਨੇ ਅਧਿਕਾਰਿਕ ਬਿਆਨ ਜਾਰੀ ਕਰਕੇ ਕੰਗਨਾ ਵੱਲੋਂ ਨਿਯਮਾਂ ਦੀ ਉਲੰਘਣਾਂ ਦਾ ਦੋਸ਼ ਲਗਾਉਦੇ ਹੋਏ ਉਸਦੇ ਵਿਵਾਦਿਤ ਟਵੀਟਾਂ ਨੂੰ ਹਟਾਉਣ ਦਾ ਐਲਾਨ ਕੀਤਾ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਾਗੋ ਦੇ ਸਕੱਤਰ ਜਨਰਲ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਅਤੇ ਵਕੀਲ ਨਗਿੰਦਰ ਬੈਨੀਪਾਲ ਨੇ ਦਸਿਆ ਕਿ ਹੁਣ ਜਾਗੋ ਪਾਰਟੀ ਵੱਲੋਂ ਕੰਗਨਾ ਦੇ ਖਿਲਾਫ਼ ਅਪਰਾਧਿਕ ਸ਼ਿਕਾਇਤ ਦਿੱਲੀ ਪੁਲਿਸ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ। ਕਿਉਂਕਿ ਟਵਿੱਟਰ ਨੇ ਕੰਗਨਾ ਦੇ ਜ਼ਹਿਰੀਲੇ ਏਜੰਡੇ ਨੂੰ ਹਟਾ ਕੇ ਸਾਡੇ ਦੋਸ਼ਾਂ ਦੀ ਪੁਸ਼ਟੀ ਕਰ ਦਿੱਤੀ ਹੈ। ਕੰਗਨਾ ਨੇ ਕਿਸਾਨਾਂ ਨੂੰ ਅਤਿਵਾਦੀ ਅਤੇ ਵੱਖਵਾਦੀ ਦਸਕੇ ਆਪਣੀ ਬੇਵਕੂਫੀ ਦਾ ਮੁਜ਼ਾਹਿਰਾ ਕੀਤਾ ਸੀ।
ਟਵਿੱਟਰ ਨੇ ਕੰਗਨਾ ਦੇ ਟਵੀਟ ਹਟਾ ਕੇ ਕਿਸਾਨਾਂ ਦੇ ਅਤਿਵਾਦੀ ਅਤੇ ਵੱਖਵਾਦੀ ਨਾ ਹੋਣ ‘ਤੇ ਮੋਹਰ ਲਗਾ ਦਿੱਤੀ ਹੈ। ਜਾਗੋ ਪਾਰਟੀ ਕਿਸੇ ਵੀ ਕੀਮਤ ‘ਤੇ ਕੰਗਨਾ ਨੂੰ ਜ਼ਹਿਰ ਪ੍ਰਚਾਰਣ ਦੀ ਮਨਜੂਰੀ ਨਹੀਂ ਦੇਵੇਗੀ। ਇਸ ਮੌਕੇ ਜਾਗੋ ਯੂਥ ਵਿੰਗ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਬਾਉਂਸ ਅਤੇ ਹੋਰ ਆਗੂ ਮੌਜੂਦ ਸਨ।