ਫ਼ਤਹਿਗੜ੍ਹ ਸਾਹਿਬ – “ਪਾਕਿਸਤਾਨ ਦੀ ਜਨਾਬ ਇਮਰਾਨ ਖਾਨ ਹਕੂਮਤ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਲਈ ਪਹਿਲੇ ਵੀ ਖੁੱਲ੍ਹਦਿਲੀ ਨਾਲ ਪਹਿਲ ਕਰਦੇ ਹੋਏ ਵੱਡਾ ਖ਼ਰਚ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਪੂਰਤੀ ਕੀਤੀ ਸੀ । ਲੇਕਿਨ ਹਿੰਦੂਤਵ ਹਕੂਮਤ ਨੇ ਆਪਣੀਆ ਸਰਹੱਦੀ ਮੁਸ਼ਕਿਲਾਂ ਦਾ ਬਹਾਨਾ ਬਣਾਕੇ ਇਸ ਲਾਂਘੇ ਨੂੰ ਬੰਦ ਕਰਵਾ ਦਿੱਤਾ ਸੀ । ਹੁਣ ਫਿਰ ਪਾਕਿਸਤਾਨ ਹਕੂਮਤ ਨੇ ਪਹਿਲ ਕਰਦੇ ਹੋਏ ਇਹ ਲਾਂਘਾ ਸਿੱਖ ਕੌਮ ਦੇ ਪਾਕਿਸਤਾਨ ਵਿਚ ਸਥਿਤ ਗੁਰੂਘਰਾਂ ਦੇ ਦਰਸ਼ਨਾਂ ਲਈ ਖੋਲ੍ਹਣ ਦਾ ਪ੍ਰਬੰਧ ਕਰ ਦਿੱਤਾ ਹੈ । ਹੁਣ ਮੋਦੀ ਹਕੂਮਤ ਵੀ ਸਿੱਖ ਕੌਮ ਵੱਲੋਂ ਦੋਵੇ ਸਮੇਂ ਆਪਣੀ ਅਰਦਾਸ ਵਿਚ ‘ਖੁੱਲ੍ਹੇ ਦਰਸ਼ਨ-ਦੀਦਾਰੇ’ ਦੀ ਜੋ ਅਰਜੋਈ ਕੀਤੀ ਜਾਂਦੀ ਹੈ, ਉਸ ਨੂੰ ਪੂਰਨ ਕਰਨ ਵਿਚ ਯੋਗਦਾਨ ਪਾ ਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਸੰਜ਼ੀਦਗੀ ਨਾਲ ਖੋਲ੍ਹਣ ਦਾ ਐਲਾਨ ਕਰੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਪਾਕਿਸਤਾਨ ਦੀ ਇਮਰਾਨ ਖਾਨ ਹਕੂਮਤ ਵੱਲੋਂ ਫਿਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਣ ਦਾ ਸਵਾਗਤ ਕਰਦੇ ਹੋਏ ਪ੍ਰਗਟ ਕੀਤੇ, ਉਥੇ ਉਨ੍ਹਾਂ ਨੇ ਮੌਜੂਦਾ ਮੋਦੀ ਹਕੂਮਤ ਨੂੰ ਸਿੱਖ ਕੌਮ ਦੀ ਅਰਦਾਸ ਨੂੰ ਪੂਰਨ ਕਰਨ ਵਿਚ ਯੋਗਦਾਨ ਪਾਉਦੇ ਹੋਏ ਇੰਡੀਆ ਤਰਫੋ ਵੀ ਇਸ ਪਾਕਿਸਤਾਨ ਯਾਤਰਾ ਨੂੰ ਖੋਲ੍ਹਣ ਵਿਚ ਸੰਜ਼ੀਦਗੀ ਨਾਲ ਉਦਮ ਕਰੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸ੍ਰੀ ਮੋਦੀ ਹਕੂਮਤ ਵੀ ਇਸ ਦਿਸ਼ਾ ਵੱਲ ਪਾਕਿਸਤਾਨ ਦੀ ਤਰ੍ਹਾਂ ਖੁੱਲ੍ਹਦਿਲੀ ਵਿਖਾਏਗੀ ਅਤੇ ਸਿੱਖ ਕੌਮ ਦੇ ਦਰਸ਼ਨ-ਦੀਦਾਰਾਂ ਦੀ ਅਰਜੋਈ ਨੂੰ ਪੂਰਨ ਕਰੇਗੀ ।
ਸ. ਮਾਨ ਨੇ ਦੀਪ ਸਿੰਘ ਸਿੱਧੂ ਜੋ ਪੰਜਾਬ ਦੇ ਨੌਜ਼ਵਾਨ ਹਨ, ਜਿਨ੍ਹਾਂ ਨੇ 26 ਜਨਵਰੀ ਨੂੰ ਆਪਣੀ ਕੌਮੀ ਭਾਵਨਾਵਾਂ ਅਤੇ ਗੁਰੂ ਸਾਹਿਬਾਨ ਜੀ ਦੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਸਿੱਖ ਕੌਮ ਦੇ ਨਿਸ਼ਾਨ ਸਾਹਿਬ ਲਾਲ ਕਿਲ੍ਹੇ ਉਤੇ ਝੂਲਣ ਸਮੇਂ ‘ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ’ ਦਾ ਲਾਈਵ ਹੋ ਕੇ ਸਮੁੱਚੀ ਦੁਨੀਆਂ ਨੂੰ ਸੰਦੇਸ਼ ਦਿੰਦੇ ਹੋਏ ਫਖ਼ਰ ਕੀਤਾ ਸੀ ਅਤੇ ਇਹ ਕੌਮੀ ਜ਼ਿੰਮੇਵਾਰੀ ਨਿਭਾਈ ਸੀ, ਉਨ੍ਹਾਂ ਨੂੰ ਇੰਡੀਆ ਦੀਆਂ ਏਜੰਸੀਆ ਅਤੇ ਦਿੱਲੀ ਪੁਲਿਸ ਵੱਲੋਂ ਮੰਦਭਾਵਨਾ ਅਧੀਨ ਗ੍ਰਿਫ਼ਤਾਰ ਕੀਤੇ ਜਾਣ ਦੇ ਅਮਲਾਂ ਨੂੰ ਜਿਥੇ ਸਿੱਖ ਕੌਮ ਨੂੰ ਕਿਸਾਨ ਮੋਰਚੇ ਵਿਚ ਦਿੱਤੇ ਗਏ ਡੂੰਘੇ ਜਖ਼ਮਾਂ ਦੀ ਬਦੌਲਤ ਦਰਦ ਦਿੱਤਾ ਹੈ, ਉਥੇ ਦੀਪ ਸਿੱਧੂ ਦੀ ਗ੍ਰਿਫ਼ਤਾਰੀ ਨੇ ਇਸ ਕੌਮੀ ਦਰਦ ਨੂੰ ਹੋਰ ਵਧਾ ਦਿੱਤਾ ਹੈ । ਜਿਸ ਲਈ ਹੁਕਮਰਾਨ ਮਾਹੌਲ ਨੂੰ ਸਾਜਗਰ ਬਣਾਉਣ ਦੀ ਬਜਾਇ ਹੋਰ ਵਿਸਫੋਟਕ ਬਣਾਉਣ ਦੀ ਗੁਸਤਾਖੀ ਕਰ ਰਹੇ ਹਨ । ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਦੇ ਨਾਇਕ ਜਥੇਦਾਰ ਬਘੇਲ ਸਿੰਘ ਨੇ 237 ਸਾਲ ਪਹਿਲੇ 1783 ਵਿਚ ਲਾਲ ਕਿਲ੍ਹੇ ਉਤੇ ਨਿਸ਼ਾਨ ਸਾਹਿਬ ਝੁਲਾਇਆ ਸੀ ਜੋ ਲੰਮਾਂ ਸਮਾਂ ਝੂਲਦਾ ਰਿਹਾ । ਇਸ ਝੰਡੇ ਨੇ ਕਦੀ ਵੀ ਕਿਸੇ ਨੂੰ ਕੋਈ ਤਕਲੀਫ ਨਹੀਂ ਦਿੱਤੀ । ਬਲਕਿ ਮੁਸ਼ਕਿਲਾਂ ਵਿਚ ਘਿਰੀ ਮਨੁੱਖਤਾ ਅਤੇ ਜ਼ਬਰ-ਜੁਲਮ ਦਾ ਸ਼ਿਕਾਰ ਹੋਈ ਇਨਸਾਨੀਅਤ ਦੀ ਹਮੇਸ਼ਾਂ ਰਾਖੀ ਹੀ ਕੀਤੀ ਹੈ । ਫਿਰ ਹੁਕਮਰਾਨਾਂ ਨੂੰ 26 ਜਨਵਰੀ ਵਾਲੇ ਦਿਨ ਉਸੇ ਲਾਲ ਕਿਲ੍ਹੇ ਉਤੇ ਝੁਲਾਏ ਗਏ ਨਿਸ਼ਾਨ ਸਾਹਿਬ ਦੀ ਤਕਲੀਫ ਕਿਉਂ ਹੋ ਰਹੀ ਹੈ ਅਤੇ ਹੁਕਮਰਾਨ ਸਿੱਖ ਨੌਜ਼ਵਾਨੀ ਅਤੇ ਕਿਸਾਨਾਂ ਉਤੇ ਲੱਖ-ਲੱਖ ਰੁਪਏ ਦੇ ਇਨਾਮ ਰੱਖਕੇ ਗੈਰ-ਕਾਨੂੰਨੀ ਤਰੀਕੇ ਤਸੱਦਦ-ਜੁਲਮ ਕਿਉਂ ਢਾਹ ਰਹੇ ਹਨ ? ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਿਥੇ ਦੀਪ ਸਿੰਘ ਸਿੱਧੂ ਨੂੰ ਦਿੱਲੀ ਦੀ ਤੀਸ ਹਜਾਰੀ ਕੋਰਟ ਵਿਚ ਪੇਸ਼ ਕੀਤਾ ਗਿਆ ਹੈ, ਉਹ ਬਾਬਾ ਬਘੇਲ ਸਿੰਘ ਦੇ ਉਸ ਸਮੇਂ ਦੇ 30 ਹਜਾਰ ਘੋੜੇ ਦੇ ਤਬੇਲੇ ਦਾ ਸੁਰੱਖਿਅਤ ਸਥਾਂਨ ਹੈ । ਜੇਕਰ ਲਦਾਖ ਵਿਚ ਚੀਨੀ ਫ਼ੌਜ ਵੱਲੋਂ ਇੰਡੀਆ ਦੇ ਇਲਾਕੇ ਵਿਚ ਦਾਖਲ ਹੋਣ ਤੋਂ ਰੋਕਣ ਲਈ ਸਿੱਖ ਰੈਜਮੈਟ ਰਾਹੀ ਇਸ ਨਿਸ਼ਾਨ ਸਾਹਿਬ ਨੂੰ ਝੁਲਾਕੇ, ਉਸ ਨੂੰ ਇਸ ਨਿਸ਼ਾਨ ਸਾਹਿਬ ਤੋਂ 1 ਇੰਚ ਵੀ ਅੱਗੇ ਵੱਧਣ ਨਾ ਦੇਣ ਲਈ ਰੋਕ ਲੱਗੀ, ਫਿਰ ਇਸ ਨਿਸ਼ਾਨ ਸਾਹਿਬ ਨੂੰ ਲਾਲ ਕਿਲ੍ਹੇ ਉਤੇ, ਜੋ ਕਿ ਇਤਿਹਾਸਿਕ ਤੌਰ ਤੇ ਖ਼ਾਲਸਾ ਪੰਥ ਦੀ ਹੀ ਜਾਇਦਾਦ ਹੈ ਅਤੇ ਜਿਥੇ ਖੁਦ ਹਕੂਮਤ ਵੀ ਇਸ ਨਿਸ਼ਾਨ ਸਾਹਿਬ ਨੂੰ ਝੁਲਾਉਦੀ ਆ ਰਹੀ ਹੈ, ਫਿਰ ਇਸ ਲਈ ਗੋਦੀ ਮੀਡੀਏ ਅਤੇ ਹੁਕਮਰਾਨਾਂ ਵੱਲੋਂ ਐਨਾ ਰੋਲ-ਘਚੋਲਾ ਪਾ ਕੇ ਇਸ ਖ਼ਾਲਸਾ ਪੰਥ ਦੇ ਨਿਸ਼ਾਨ ਸਾਹਿਬ ਦੇ ਉੱਚੇ-ਸੁੱਚੇ ਮਨੁੱਖਤਾ ਪੱਖੀ ਸਤਿਕਾਰ-ਮਾਣ ਨੂੰ ਹੁਕਮਰਾਨ ਕਿਸ ਮੰਦਭਾਵਨਾ ਅਧੀਨ ਠੇਸ ਪਹੁੰਚਾਉਣ ਦੀਆਂ ਗੁਸਤਾਖੀਆ ਕਰ ਰਹੇ ਹਨ ? ਉਨ੍ਹਾਂ ਕਿਹਾ ਕਿ ਜਦੋਂ ਲੱਖਾਂ ਦੀ ਗਿਣਤੀ ਵਿਚ ਕਿਸਾਨ-ਮਜਦੂਰ, ਬੱਚੇ, ਬੀਬੀਆ, ਨੌਜ਼ਵਾਨ ਅਤਿ ਠੰਡ ਦੇ ਦਿਨਾਂ ਵਿਚ ਆਪਣੀਆ ਜਾਇਜ ਮੰਗਾਂ ਨੂੰ ਪੂਰਨ ਕਰਵਾਉਣ ਲਈ ਦਿੱਲੀ ਬੈਠੇ ਹਨ । ਤਾਂ ਹੁਕਮਰਾਨ ਆਪਣੇ ਹੀ ਨਾਗਰਿਕਾਂ ਅਤੇ ਸਮੁੱਚੇ ਸੂਬਿਆਂ ਦੇ ਅੰਨਦਾਤਾ ਦੇ ਮਨ-ਆਤਮਾ ਨੂੰ ਸਕੂਨ ਦੇਣ ਅਤੇ ਇਥੋ ਦੇ ਅਮਨ-ਚੈਨ ਨੂੰ ਕਾਇਮ ਰੱਖਣ ਲਈ ਖੇਤੀ ਦੇ ਤਿੰਨ ਮਾਰੂ ਕਾਨੂੰਨਾਂ ਨੂੰ ਰੱਦ ਕਰਨ ਵਿਚ ਕੀ ਰੁਕਾਵਟ ਹੈ ? ਉਹ ਕਿਉਂ ਅੜੀ ਕਰਕੇ ਸਮੁੱਚੇ ਮੁਲਕ ਦੇ ਅਮਨ-ਚੈਨ ਨੂੰ ਅਤੇ ਇਨਸਾਨੀਅਤ ਨੂੰ ਸੱਟ ਮਾਰ ਰਹੇ ਹਨ ?