ਵਾਸ਼ਿੰਗਟਨ – ਯੂਐਸ ਦੀ ਟੈਕਸਸ ਸਟੇਟ ਵਿੱਚ ਬਰਫੀਲੇ ਤੂਫ਼ਾਨ ਨੇ ਭਿਅੰਕਰ ਤਬਾਹੀ ਮਚਾਈ ਹੋਈ ਹੈ। ਇਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ ਹਨ ਅਤੇ ਆਮ ਜੀਵਨ ਅਸਤ-ਵਿਅਸਤ ਹੋ ਗਿਆ ਹੈ। ਅੱਤ ਦੀ ਠੰਢ ਕਾਰਣ 21 ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਤੂਫਾਨ ਕਰ ਕੇ ਪਾਵਰ ਪਲਾਂਟਾਂ ਨੂੰ ਜਬਰਦਸਤ ਨੁਕਸਾਨ ਪਹੁੰਚਿਆ ਹੈ। ਜਿਸ ਕਾਰਣ ਕੁਝ ਖੇਤਰਾਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਟੈਕਸਸ ਸਟੇਟ ਵਿੱਚ ਖਰਾਬ ਸਥਿਤੀ ਨੂੰ ਵੇਕਦੇ ਹੋਏ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਉਥੇ ਤੁਰੰਤ ਮੱਦਦ ਮਨਜੂਰ ਕਰ ਦਿੱਤੀ ਹੈ। ਰਾਸ਼ਟਰਪਤੀ ਦੇ ਆਦੇਸ਼ ਦੇ ਬਾਅਦ ਰਾਜ ਵਿੱਚ ਵੱਡੇ ਪੱਧਰ ਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਟੈਕਸਸ ਵਿੱਚ ਲੋਕਾਂ ਨੂੰ ਬਿਜਲੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਨ ਲਈ ਕਿਹਾ ਗਿਆ ਹੈ। ਟੈਕਸਸ ਵਿੱਚ 40 ਲੱਖ ਤੋਂ ਵੱਧ ਘਰ ਅਤੇ ਵਪਾਰਿਕ ਅਦਾਰੇ ਪ੍ਰਭਾਵਿਤ ਹੋਏ ਹਨ। ਮੈਕਸੀਕੋ ਵਿੱਚ ਵੀ ਭਾਰੀ ਸੰਖਿਆ ਵਿੱਚ ਲੋਕਾਂ ਨੂੰ ਇਸ ਬਰਫੀਲੇ ਤੂਫ਼ਾਨ ਦੀ ਮਾਰ ਝੱਲਣੀ ਪੈ ਰਹੀ ਹੈ।
ਟੈਕਸਸ ਵਿੱਚ ਉਚ ਅਧਿਕਾਰੀਆਂ ਨੇ ਸੰਘੀ ਸਰਕਾਰ ਕੋਲੋਂ ਜਨਰੇਟਰਾਂ ਦੀ ਮੰਗ ਕੀਤੀ ਗਈ ਹੈ ਤਾਂ ਜੋ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਨੂੰ ਪਹਿਲ ਦੇ ਆਧਾਰ ਤੇ ਪਾਵਰ ਮੁਹੱਈਆ ਕਰਵਾਈ ਜਾ ਸਕੇ। ਰਾਜ ਵਿੱਚ ਲੋਕਾਂ ਨੂੰ ਫੌਰੀ ਤੌਰ ਤੇ ਸਹਾਇਤਾ ਦੇਣ ਲਈ ਰਾਹਤ ਸਿ਼ਵਰ ਖੋਲ੍ਹੇ ਗਏ ਹਨ।