ਨਵੀਂ ਦਿੱਲੀ : ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਨੂੰ ਸਮਰਪਿਤ ਜਾਗੋ ਪਾਰਟੀ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਰਾਜੌਰੀ ਗਾਰਡਨ ਵਿੱਖੇ ਸਮਾਗਮ ਕਰਵਾਇਆ ਗਿਆ। ਜਿਸ ‘ਚ ਕੀਰਤਨੀ ਜੱਥਿਆਂ ਨੇ ਕੀਰਤਨ ਅਤੇ ਪ੍ਰਚਾਰਕਾਂ ਨੇ ਨਨਕਾਣਾ ਸਾਹਿਬ ਦੇ ਸਾਕੇ ਦੇ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਇਆ। ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਮੌਕੇ ਸੰਬੋਧਿਤ ਕਰਦੇ ਹੋਏ ਨਨਕਾਣਾ ਸਾਹਿਬ ਦੇ ਸਾਕੇ ਨੂੰ ਆਜ਼ਾਦੀ ਦੀ ਲੜਾਈ ਦੇ ਮੁੱਢ ਵਜੋਂ ਕਰਾਰ ਦਿੱਤਾ। ਜੀਕੇ ਨੇ ਕਿਹਾ ਕਿ ਅੰਗਰੇਜ ਹਕੂਮਤ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਸਿੱਖ ਆਜ਼ਾਦ ਮੁਲਕ ਦੀ ਲੜਾਈ ਦੇ ਵਿੱਚ ਵੱਡੀ ਭੂਮਿਕਾ ਨਿਭਾ ਸਕਦੇ ਹਨ। ਇਸ ਲਈ ਸਿੱਖਾਂ ਦੇ ਗੁਰਧਾਮਾਂ ਨੂੰ ਮਨਮੱਤ ਦੇ ਕਬਜੇ ਹੇਠ ਲਿਆਉਣ ਲਈ ਅੰਗਰੇਜਾਂ ਨੇ ਮਹੰਤਾ ਅਤੇ ਡੇਰਿਆਂ ਨੂੰ ਉਤਸਾਹਿਤ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਕਰਕੇ ਜਲਿਆਵਾਲਾ ਬਾਗ ਦੇ ਸਾਕੇ ਤੋਂ ਬਾਅਦ ਜਨਰਲ ਡਾਇਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿਰੋਪਾ ਦਿਵਾ ਕੇ ਮਹੰਤਾਂ ਨੂੰ ਸਿਆਸੀ ਪਨਾਹ ਦੇਣ ਦਾ ਕਾਰਜ ਅਰੰਭਿਆ ਗਿਆ ਸੀ।
ਇਹੀ ਕਾਰਨ ਸੀ ਕਿ ਨਨਕਾਣਾ ਸਾਹਿਬ ਵਿੱਖੇ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਅਸਥਾਨ ‘ਤੇ ਮਹੰਤ ਨਰੈਣੂ ਦੇ ਗੁੁਰਮਤਿ ਵਿਰੋਧੀ ਅਤੇ ਵਿਭਾਚਾਰੀ ਵਿਵਹਾਰ ਦੇ ਖਿਲਾਫ਼ ਸਿੱਖਾਂ ਨੇ ਆਰ-ਪਾਰ ਦੀ ਲੜਾਈ ਲੜੀ। ਜਿਸਦੇ ਨਤੀਜੇ ਵੱਜੋਂ ਵੱਡੀਆਂ ਸ਼ਹਾਦਤਾਂ ਕੌਮ ਦੀ ਝੋਲੀ ਪਈਆਂ।ਪਰ ਸਾਕਾ ਨਨਕਾਣਾ ਸਾਹਿਬ ਦੇ ਕਤਲੇਆਮ ਨੇ ਗੁਰਧਾਮਾਂ ਦੀ ਆਜ਼ਾਦੀ ਦੇ ਨਾਲ ਦੇਸ਼ ਦੀ ਆਜ਼ਾਦੀ ਪ੍ਰਾਪਤ ਕਰਨ ਪ੍ਰਤਿ ਸਿੱਖਾਂ ਦੇ ਨਜ਼ਰੀਏ ‘ਚ ਵੱਡਾ ਬਦਲਾਅ ਲਿਆਂਦਾ। ਜੇਕਰ 1857 ਦੀ ਕ੍ਰਾਂਤੀ ਨੂੰ ਆਜ਼ਾਦੀ ਲਈ ਬਗਾਵਤ ਕਰਨ ਦੀ ਪਹਿਲੀ ਕੋਸ਼ਿਸ਼ ਦੱਸਿਆ ਜਾਂਦਾ ਹੈ ਤੇ 1921 ਦੇ ਨਨਕਾਣਾ ਸਾਹਿਬ ਦੇ ਸਾਕੇ ਕਰਕੇ ਆਜ਼ਾਦੀ ਦੀ ਲੜਾਈ ਦਾ ਦੁਬਾਰਾ ਮੁੱਢ ਬੰਨਿਆ ਗਿਆ। ਹਾਲਾਂਕਿ 1857 ਦੀ ਕ੍ਰਾਂਤੀ ਅੰਗਰੇਜਾਂ ਦੇ ਖਿਲਾਫ ਲੋਕਾਂ ‘ਚ ਵੱਡੇ ਪੱਧਰ ‘ਤੇ ਗੁੱਸਾ ਪੈਦਾ ਕਰਨ ਦਾ ਮਾਧਿਅਮ ਨਹੀਂ ਬਣੀ ਸੀ। ਪਰ ਸਾਕਾ ਨਨਕਾਣਾ ਸਾਹਿਬ ਨੇ ਆਜ਼ਾਦੀ ਦੀ ਪ੍ਰਾਪਤੀ ਲਈ ਲੋਕਾਂ ‘ਚ ਉਤਸ਼ਾਹ ਭਰ ਦਿੱਤਾ ਸੀ। ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਰੱਖੇੇ।