ਫ਼ਤਹਿਗੜ੍ਹ ਸਾਹਿਬ – “12 ਫਰਵਰੀ 2021 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਮੁੱਚੀ ਸਿੱਖ ਕੌਮ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਦੇ 74ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਇਆ ਸੀ ਤਾਂ ਸੰਤ ਜੀ ਦੇ ਮਨੁੱਖਤਾ ਤੇ ਕੌਮ ਪ੍ਰਤੀ ਕੀਤੇ ਗਏ ਮਹਾਨ ਉਦਮਾਂ ਨੂੰ ਯਾਦ ਕਰਦੇ ਹੋਏ ਕੌਮੀ ਨਿਸ਼ਾਨੇ ਉਤੇ ਦ੍ਰਿੜ ਰਹਿਣ ਲਈ ਅਸੀਂ ਹਾਜਰੀਨ ਹਜ਼ਾਰਾਂ ਦੇ ਇਕੱਠ ਤੋਂ ਇਹ ਪ੍ਰਵਾਨਗੀ ਲਈ ਸੀ ਕਿ ਕੌਮੀ ਆਜ਼ਾਦੀ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜਿਥੇ ਜਾਰੀ ਰੱਖਾਂਗੇ, ਉਥੇ ਅਸੀ ਇਹ ਵੀ ਬਚਨ ਕੀਤਾ ਸੀ ਕਿ ਜੇਕਰ ਸੈਂਟਰ ਦੀ ਮੋਦੀ ਹਕੂਮਤ ਨੇ 26 ਜਨਵਰੀ ਅਤੇ ਬਾਅਦ ਵਿਚ ਗ੍ਰਿਫ਼ਤਾਰ ਕੀਤੇ ਗਏ 177 ਦੇ ਕਰੀਬ ਕਿਸਾਨ-ਮਜ਼ਦੂਰ, ਨੌਜ਼ਵਾਨਾਂ ਤੋਂ ਇਲਾਵਾ ਬਾਅਦ ਵਿਚ ਗ੍ਰਿਫ਼ਤਾਰ ਕੀਤੇ ਗਏ ਦੀਪ ਸਿੰਘ ਸਿੱਧੂ, ਕਥਾਵਾਚਕ ਇਕਬਾਲ ਸਿੰਘ, ਬੀਬੀ ਨੌਦੀਪ ਕੌਰ, ਦਿਸਾ ਰਵੀ, ਮੁਲਕ ਸਾਤਨੂੰ ਇੰਜਨੀਅਰ ਆਦਿ ਰਿਹਾਅ ਨਾ ਕੀਤੇ ਅਤੇ ਪੰਜਾਬ ਵਿਚ ਆਪਣੀਆ ਖੂਫੀਆ ਏਜੰਸੀਆ ਰਾਅ, ਆਈ.ਬੀ. ਐਨ.ਆਈ.ਏ. ਅਤੇ ਦਿੱਲੀ ਪੁਲਿਸ ਦੀ ਦਹਿਸਤ ਪਾ ਕੇ ਸਿੱਖ ਨੌਜ਼ਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਨ੍ਹਾਂ ਵਜਹ ਤੰਗ-ਪ੍ਰੇਸ਼ਾਨ ਕਰਨਾ ਬੰਦ ਨਾ ਕੀਤਾ ਗਿਆ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅੱਜ ਤੋਂ 10 ਦਿਨਾਂ ਬਾਅਦ ਦਿੱਲੀ ਪਾਰਲੀਮੈਂਟ ਵਿਖੇ ਗ੍ਰਿਫ਼ਤਾਰੀਆਂ ਦੇਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਆਪਣਾ ਜਥਾ ਭੇਜੇਗਾ । ਉਸ ਬਚਨ ਨੂੰ ਪੂਰਨ ਕਰਨ ਹਿੱਤ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਮਹਾਨ ਅਸਥਾਂਨ ਵਿਖੇ 23 ਫਰਵਰੀ ਨੂੰ ਇਕੱਤਰ ਹੁੰਦੇ ਹੋਏ ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਅਤੇ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ 5 ਮੈਬਰੀ ਜਥਾਂ ਨੂੰ ਅਰਦਾਸ ਕਰਨ ਉਪਰੰਤ ਵਿਦਾਇਗੀ ਦੇ ਰਹੇ ਹਾਂ । ਲੇਕਿਨ ਸਾਨੂੰ ਇਹ ਜਾਣਕੇ ਹੈਰਾਨੀ ਤੇ ਦੁੱਖ ਹੋਇਆ ਹੈ ਕਿ ਜਦੋਂ ਸਮੁੱਚੀਆਂ ਜਥੇਬੰਦੀਆਂ ਨੂੰ ਸਾਂਝੀ ਅਪੀਲ ਕਰਦੇ ਹੋਏ 23 ਫਰਵਰੀ ਨੂੰ ਪਹਿਲੋਂ ਹੀ ਸਾਂਝਾ ਪ੍ਰੋਗਰਾਮ ਦਿੱਤਾ ਹੋਇਆ ਹੈ, ਤਾਂ ਕੁਝ ਭੁੱਲੜ ਲੋਕ ਇਸੇ ਦਿਨ 23 ਫਰਵਰੀ ਨੂੰ ਮਹਿਰਾਜ ਵਿਖੇ ਹੋਈਆ ਗ੍ਰਿਫ਼ਤਾਰੀਆਂ ਦੀ ਰਿਹਾਈ ਲਈ ਵੱਖਰਾਂ ਪ੍ਰੋਗਰਾਮ ਦੇ ਕੇ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਸਮੂਹਿਕ ਏਕਤਾ ਨੂੰ ਸਾਬੋਤਾਜ ਕਰਨ ਦੀਆਂ ਮੰਦਭਾਗੀਆ ਵਿਊਤਾ ਉਤੇ ਕੰਮ ਕਰ ਰਹੇ ਹਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਖ਼ਾਲਸਾ ਪੰਥ ਵੱਲੋਂ ਫਿਰ ਸਮੁੱਚੀ ਸਿੱਖ ਕੌਮ, ਪੰਜਾਬੀਆਂ, ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸਟੂਡੈਟ ਫੈਡਰੇਸ਼ਨਾਂ, ਰਾਜਨੀਤਿਕ, ਸਮਾਜਿਕ, ਧਾਰਮਿਕ ਜਥੇਬੰਦੀਆਂ ਅਤੇ ਮਨੁੱਖੀ ਅਧਿਕਾਰ ਨਾਲ ਸੰਬੰਧਤ ਜਥੇਬੰਦੀਆਂ ਨੂੰ 23 ਫਰਵਰੀ ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਜ਼ੀਦਗੀ ਨਾਲ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਸਮੂਹਿਕ ਤੌਰ ਤੇ ਇਕ ਤਾਕਤ ਹੁੰਦੇ ਹੋਏ ਆਪਣੇ ਮਹਾਨ ਅਸਥਾਂਨ ਤੋਂ ਅਗਵਾਈ ਲੈਦੇ ਹੋਏ ਸਮੁੱਚੀਆਂ ਰਿਹਾਈਆ ਕਰਵਾ ਸਕੀਏ ਅਤੇ ਉਨ੍ਹਾਂ ਉਤੇ ਹੁਕਮਰਾਨਾਂ ਵੱਲੋਂ ਬਣਾਏ ਗਏ ਝੂਠੇ ਕੇਸਾਂ ਨੂੰ ਰੱਦ ਕਰਵਾਕੇ ਆਪਣੇ ਅਗਲੇ ਮਿਸ਼ਨ ਵੱਲ ਮਜਬੂਤੀ ਨਾਲ ਵੱਧ ਸਕੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਹਿਰਾਜ ਵਿਖੇ ਰੱਖੇ ਜਾਣ ਵਾਲੇ ਇਕੱਠ ਸੰਬੰਧੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖੇ ਗਏ ਕੌਮੀ ਇਕੱਠ ਸੰਬੰਧੀ ਭੰਬਲਭੂਸਾ ਪਾਉਣ ਵਾਲਿਆ ਅਤੇ ਖ਼ਾਲਸਾ ਪੰਥ ਨੂੰ ਆਪਣੇ ਮੀਰੀ-ਪੀਰੀ ਦੇ ਕੇਂਦਰ ਤੋਂ ਨਿਖੇੜਨ ਦੇ ਦੁੱਖਦਾਇਕ ਅਮਲਾਂ ਉਤੇ ਗਹਿਰਾ ਅਫ਼ਸੋਸ ਜਾਹਰ ਕਰਦੇ ਹੋਏ ਤੇ ਸਮੁੱਚੀ ਸਿੱਖ ਕੌਮ ਨੂੰ ਕਿਸੇ ਤਰ੍ਹਾਂ ਦੇ ਵੀ ਭੰਬਲਭੂਸੇ ਵਿਚ ਪੈਣ ਦੀ ਬਜਾਇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦੀ ਸੰਜ਼ੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਦੂਸਰਾ ਜਦੋਂ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਆਸੀਰਵਾਦ ਪ੍ਰਾਪਤ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੀ ਆ ਰਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜੁਝਾਰੂ ਜਥੇਬੰਦੀ ਵੱਲੋਂ ਸਮੂਹਿਕ ਵਿਚਾਰਾਂ ਉਪਰੰਤ ਜਨਤਕ ਤੌਰ ਤੇ ਪ੍ਰੋਗਰਾਮ ਦਾ 10 ਦਿਨ ਪਹਿਲਾ ਐਲਾਨ ਕੀਤਾ ਗਿਆ ਹੋਵੇ, ਤਾਂ ਪਾਰਟੀ ਦੇ ਕਿਸੇ ਵੀ ਅਹੁਦੇਦਾਰ, ਮੈਂਬਰ ਜਾਂ ਸਮਰੱਥਕਾਂ ਵੱਲੋਂ ਕਿਸੇ ਤਰ੍ਹਾਂ ਦੇ ਦੂਸਰੇ ਪ੍ਰੋਗਰਾਮ ਸੰਬੰਧੀ ਬਿਆਨਬਾਜੀ ਕਰਨੀ ਤਾਂ ਅਨੁਸ਼ਾਸ਼ਨ ਦੇ ਨਿਯਮਾਂ ਦੇ ਵਿਰੁੱਧ ਅਮਲ ਹੁੰਦੇ ਹਨ । ਇਸ ਲਈ ਕਿਸੇ ਵੀ ਅਹੁਦੇਦਾਰ ਨੂੰ ਹੀ ਨਹੀਂ ਬਲਕਿ ਕਿਸੇ ਵੀ ਸਮਰੱਥਕ ਨੂੰ 23 ਫਰਵਰੀ ਨੂੰ ਕਿਸੇ ਹੋਰ ਰੱਖੇ ਗਏ ਪ੍ਰੋਗਰਾਮ ਵਿਚ ਨਾ ਤਾਂ ਸਮੂਲੀਅਤ ਕਰਨੀ ਚਾਹੀਦੀ ਹੈ ਅਤੇ ਨਾ ਹੀ ਆਪਣੇ ਮਿੱਥੇ ਪ੍ਰੋਗਰਾਮ ਨੂੰ ਕਿਸੇ ਤਰ੍ਹਾਂ ਕੰਮਜੋਰ ਕਰਨ ਦੀ ਕਾਰਵਾਈ ਕਰਨੀ ਚਾਹੀਦੀ ਹੈ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਅਹੁਦੇਦਾਰ ਸਾਹਿਬਾਨ 23 ਫਰਵਰੀ ਨੂੰ ਠੀਕ 11 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪਹੁੰਚਕੇ ਸ. ਜਸਕਰਨ ਸਿੰਘ ਕਾਹਨਸਿੰਘਵਾਲਾ ਦੀ ਅਗਵਾਈ ਵਿਚ ਦਿੱਲੀ ਗ੍ਰਿਫ਼ਤਾਰੀਆਂ ਦੇਣ ਲਈ ਤੋਰੇ ਜਾ ਰਹੇ ਜਥੇ ਨੂੰ ਸਮੂਹਿਕ ਰੂਪ ਵਿਚ ਕੇਵਲ ਵਿਦਾਇਗੀ ਹੀ ਨਹੀਂ ਦੇਣਗੇ, ਬਲਕਿ ਮੀਰੀ-ਪੀਰੀ ਦੇ ਮਹਾਨ ਸਿਧਾਂਤ ਨੂੰ ਮਜਬੂਤੀ ਦੇ ਕੇ ਆਪਣੇ ਨਿਸ਼ਾਨੇ ਪ੍ਰਤੀ ਸਮੁੱਚੀ ਕੌਮ ਤੇ ਸਮੁੱਚੀ ਲੀਡਰਸ਼ਿਪ ਨੂੰ ਕੇਂਦਰਿਤ ਕਰਨ ਲਈ ਸੁਹਿਰਦ ਯੋਗਦਾਨ ਪਾਉਣਗੇ ।