ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ- 20 ਫਰਵਰੀ ਨੂੰ, ਡਾ. ਬਲਵਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਵਿੱਚ, ਔਨਲਾਈਨ ਕੀਤੀ ਗਈ- ਜਿਸ ਵਿੱਚ ਰਿਚਮੰਡ ਬੀ.ਸੀ. ਵਿਚ ਵਸਦੀ ਲੇਖਿਕਾ ਅਨਮੋਲ ਕੌਰ ਸਭਾ ਦੇ ਵਿਸ਼ੇਸ਼ ਸੱਦੇ ਤੇ, ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਇਹ ਮੀਟਿੰਗ ਮਾਂ ਬੋਲੀ ਦਿਹਾੜੇ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਰਹੀ।
ਸ਼ੁਰੂਆਤ ਵਿੱਚ- ਗੁਰਦੀਸ਼ ਕੌਰ ਗਰੇਵਾਲ ਨੇ, ਲੇਖਿਕਾ ਅਨਮੋਲ ਕੌਰ ਨੂੰ ‘ਜੀ ਆਇਆਂ’ ਕਹਿੰਦੇ ਹੋਏ, ਉਹਨਾਂ ਦੀ ਜਾਣ ਪਛਾਣ ਕਰਾਉਂਦਿਆਂ ਦੱਸਿਆ ਕਿ- ਅਨਮੋਲ ਦੇ ਹੁਣ ਤੱਕ 3 ਕਹਾਣੀ ਸੰਗ੍ਰਹਿ-‘ਕੌੜਾ ਸੱਚ’ ‘ਦੁੱਖ ਪੰਜਾਬ ਦੇ’ ਅਤੇ ‘ਜ਼ਮੀਰ’ ਤੋਂ ਇਲਾਵਾ, 3 ਨਾਵਲ- ‘ਹੱਕ ਲਈ ਲੜਿਆ ਸੱਚ’ ‘ਕੁੜੀ ਕੈਨੇਡਾ ਦੀ’ ਅਤੇ ‘ਇਬਾਦਤ’ ਛਪ ਚੁੱਕੇ ਹਨ। ਇਸ ਦਾ ਲਿਖਿਆ ਨਾਟਕ ‘ਰਿਸ਼ਤੇ’ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿੱਚ ਅਤੇ ਕੈਨੇਡਾ ਵਿਖੇ ਵੀ ਕਈ ਵਾਰੀ ਖੇਡਿਆ ਗਿਆ। ਇਸ ਦੀ ਇੱਕ ਕਹਾਣੀ ‘ਉਸੇ ਪੈਂਡੇ’ ਤੇ ਲਘੂ ਫਿਲਮ ਵੀ ਬਣ ਚੁੱਕੀ ਹੈ। ਭਾਵੇਂ ਆਪਣੀ ਜੌਬ ਤੇ ਘਰੇਲੂ ਰੁਝੇਵਿਆਂ ਵਿੱਚ ਮਸਰੂਫ ਹੋਣ ਕਾਰਨ, ਇਹ ਸਾਹਿਤਕ ਹਲਕਿਆਂ ਵਿੱਚ ਜ਼ਿਆਦਾ ਨਹੀਂ ਵਿਚਰਦੇ- ਪਰ ਦੇਸ਼ ਵਿਦੇਸ਼ ਵਿੱਚ ਇਨ੍ਹਾਂ ਦੇ ਪਾਠਕਾਂ ਦਾ ਘੇਰਾ ਵਿਸ਼ਾਲ ਹੈ।
ਬਰਾੜ ਮੈਡਮ ਨੇ ਮੁੱਖ ਮਹਿਮਾਨ ਅਤੇ ਸਮੂਹ ਮੈਂਬਰਾਂ ਦਾ ਸਵਾਗਤ ਕੀਤਾ। ਉਹਨਾਂ ਵੈਲਨਟਾਈਨ ਡੇ ਦੀ ਗੱਲ ਕਰਦਿਆਂ ਕਿਹਾ ਕਿ- ਪਿਆਰ ਮੁਹੱਬਤ ਦਾ ਘੇਰਾ ਬਹੁਤ ਵਿਸ਼ਾਲ ਹੈ- ਪਰ ਅਫਸੋਸ ਕਿ ਇਸ ਦਾ ਮੰਡੀਕਰਨ ਹੋ ਰਿਹਾ ਹੈ। ਉਹਨਾਂ ਮਾਂ ਬੋਲੀ ਬਾਰੇ ਕਿਹਾ- ‘ਅਸੀਂ ਲੋਕ ਅੱਖਰਾਂ ਦੀਆਂ ਪਗਡੰਡੀਆਂ ਤੋਂ ਤੁਰ ਕੇ ਇਕ ਪਿੰਡ ਵਸਾ ਲੈਂਦੇ ਹਾਂ!’ ਉਹਨਾਂ ਮਾਂ ਬੋਲੀ ਨੂੰ ਸੰਭਾਲਣ ਵਿੱਚ ਦਾਦੀਆਂ ਨਾਨੀਆਂ ਦੇ ਯੋਗਦਾਨ ਦੀ ਗੱਲ ਵੀ ਕੀਤੀ। ਅਨਮੋਲ ਦੇ ਨਾਵਲਾਂ ਦੀ ਤਾਰੀਫ ਕਰਦੇ ਹੋਏ ਉਹਨਾਂ ਕਿਹਾ ਕਿ- ‘ਇਸ ਦੀ ਲੇਖਣੀ ਆਪਣੇ ਵਿਰਸੇ ਤੇ ਆਪਣੀ ਮਿੱਟੀ ਦੀ ਬਾਤ ਪਾਉਂਦੀ ਹੋਈ- ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲੈ ਲੈਂਦੀ ਹੈ। ਜੋ ਔਰਤਾਂ ਇਹਨਾਂ ਮੁਲਕਾਂ ਦੀ ਮਸ਼ੀਨੀ ਜ਼ਿੰਦਗੀ ‘ਚ ਰਹਿੰਦੀਆਂ ਹੋਈਆਂ ਅੱਖਰਾਂ ਨਾਲ ਹੇਜ ਪਾਲ਼ਦੀਆਂ ਹਨ- ਉਹਨਾਂ ਨੂੰ ਸਲਾਮ ਕਰਨੀ ਬਣਦੀ ਹੈ! ਜਦੋਂ ਪਾਠਕ ਤੁਹਾਡੀਆਂ ਲਿਖਤਾਂ ਨੂੰ ਉਡੀਕਣ ਲੱਗ ਜਾਣ ਤਾਂ ਉਹ ਲੇਖਕ ਲਈ ਸਭ ਤੋਂ ਵੱਡਾ ਸਨਮਾਨ ਹੁੰਦਾ ਹੈ!’
ਗੁਰਚਰਨ ਥਿੰਦ ਨੇ ਮਾਤ ਭਾਸ਼ਾ ਦਿਵਸ ਦਾ ਪਿਛੋਕੜ ਦੱਸਣ ਤੋਂ ਇਲਾਵਾ- ਅਨਮੋਲ ਕੌਰ ਦੀ ਖੂਬਸੂਰਤ ਲੇਖਣੀ ਦੀ ਸ਼ਲਾਘਾ ਕੀਤੀ। ਉਹਨਾਂ ਕੈਨੇਡਾ ਵਿਖੇ ਫਰਵਰੀ ਮਹੀਨੇ ਨੂੰ ਨਸਲਵਾਦ ਦੇ ਵਿਰੁੱਧ- ‘ਬਲੈਕ ਹਿਸਟਰੀ ਮੰਥ’ ਮਨਾਉਣ ਦੀ ਜਾਣਕਾਰੀ ਵੀ ਦਿੱਤੀ। ਉਹਨਾਂ ਨਵੀਂ ਪੀੜ੍ਹੀ ਦੇ ਪੰਜਾਬੀ ਲਿਖਣ ਦੇ ਘੱਟ ਰਹੇ ਰੁਝਾਨ ਤੇ ਚਿੰਤਾ ਪ੍ਰਗਟ ਕੀਤੀ। ਆਪਣੀ ਕਵਿਤਾ-‘ਗੱਲ ਸੁਣ ਨੀ ਬਚਨ ਕੁਰੇ’ ਸੁਣਾ ਕੇ, ਕਿਸਾਨੀ ਸੰਘਰਸ਼ ਦੀ ਬਾਤ ਵੀ ਪਾਈ। ਗੁਰਦੀਸ਼ ਕੌਰ ਨੇ ਵੀ ਕਿਹਾ ਕਿ-‘ਜੇ ਅਸੀਂ ਆਪਣੀਆਂ ਨਸਲਾਂ ਤੇ ਫਸਲਾਂ ਨਾ ਸੰਭਾਲ ਸਕੇ ਤਾਂ ਸਾਡੀ ਬੋਲੀ, ਸਾਡਾ ਵਿਰਸਾ, ਤੇ ਸਾਡੀ ਕੌਮ- ਕੁੱਝ ਵੀ ਨਹੀਂ ਬਚਣਾ!’ ਉਹਨਾਂ ਮਾਂ ਬੋਲੀ ਤੇ ਲਿਖੀ ਆਪਣੀ ਇੱਕ ਰਚਨਾ ਵੀ ਸਰੋਤਿਆਂ ਨਾਲ ਸਾਂਝੀ ਕੀਤੀ। ਇਸ ਮੁਲਕ ਵਿੱਚ ਅਧਿਆਪਿਕਾ ਰਹੇ ਮੈਡਮ ਬਲਜਿੰਦਰ ਗਿੱਲ ਨੇ ਵੀ ਇਥੋਂ ਦੇ ਜੰਮਪਲ ਬੱਚਿਆਂ ਦੀ ਪੰਜਾਬੀ ਬਾਰੇ ਸੀਮਤ ਜਾਣਕਾਰੀ ਦੀ ਗੱਲ ਕੀਤੀ। ਉਹਨਾਂ-‘ਵੱਸ ਲੈਣ ਦਿਓ ਮੇਰੇ ਪੰਜਾਬ ਨੂੰ’ ਕਵਿਤਾ ਰਾਹੀਂ ਪੰਜਾਬ ਦੀ ਸੁੱਖ ਮੰਗੀ। ਡਾ. ਰਾਜਵੰਤ ਮਾਨ ਨੇ ਬੜੇ ਮਾਣ ਨਾਲ ਦੱਸਿਆ ਕਿ- ‘ਮੈਂ ਆਪਣੇ ਇੱਥੋਂ ਦੇ ਜੰਮਪਲ ਪੋਤੇ ਪੋਤੀਆਂ ਨੂੰ ਇੰਨੀ ਠੇਠ ਪੰਜਾਬੀ ਸਿਖਾਈ ਹੋਈ ਹੈ- ਕਿ ਸੁਣਨ ਵਾਲੇ ਹੈਰਾਨ ਹੋ ਜਾਂਦੇ ਹਨ! ਸੋ ਇਹ ਸਾਡੀ ਪੀੜ੍ਹੀ ਸਿਰ ਬਹੁਤ ਵੱਡੀ ਜ਼ਿੰਮੇਵਾਰੀ ਹੈ!’ ਉਹਨਾਂ 23 ਫਰਵਰੀ ਨੂੰ ਕਿਸਾਨਾਂ ਵਲੋਂ ਮਨਾਏ ਜਾ ਰਹੇ ‘ਪਗੜੀ ਸੰਭਾਲ ਜੱਟਾ’ ਦਿਵਸ ਬਾਰੇ ਦੱਸਦਿਆਂ, ਕਿਸਾਨੀ ਸੰਘਰਸ਼ ਤੇ ਲਿਖੀ ਆਪਣੀ ਕਵਿਤਾ-‘ਝੁੱਲ ਵੇ ਕਿਸਾਨੀ ਝੰਡਿਆ ਤੇਰੀ ਸ਼ਾਨ ਨਿਰਾਲੀ’ ਸਾਂਝੀ ਕੀਤੀ।
ਹੋਰ ਰਚਨਾਵਾਂ ਦੇ ਦੌਰ ਵਿਚ- ਹਰਮਿੰਦਰ ਚੁੱਘ ਨੇ ‘ਠੱਗਾਂ ਦੀ ਨਾਨੀ’ ਮਿੰਨੀ ਕਹਾਣੀ ਸੁਣਾ ਕੇ, ਠਗਾਂ ਤੋਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ। ਜੋਗਿੰਦਰ ਪੁਰਬਾ ਨੇ ਠਗੀ ਦੀ ਇੱਕ ਆਪ ਬੀਤੀ ਸਾਂਝੀ ਕੀਤੀ। ਗੁਰਤੇਜ ਸਿੱਧੂ ਨੇ ਬਜ਼ੁਰਗਾਂ ਦੀ ਤਰਸਯੋਗ ਹਾਲਤ ਤੇ ਇੱਕ ਵਿਅੰਗ, ਗੁਰਜੀਤ ਵੈਦਵਾਨ ਨੇ ਮੋਦੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਤੁਲਨਾ ਕਰਦਿਆਂ- ਇਕ ਗੀਤ, ਸੁਰਜੀਤ ਢਿਲੋਂ, ਸੁਰਜੀਤ ਧੁੰਨਾ, ਅਮਰਜੀਤ ਵਿਰਦੀ ਅਤੇ ਸਰਬਜੀਤ ਉੱਪਲ ਨੇ ਬੋਲੀਆਂ, ਨਵੇਂ ਸੁਰਜੀਤ ਢਿਲੋਂ ਨੇ ਕਿਸਾਨੀ ਅੰਦੋਲਨ ਤੇ ਕਵਿਤਾ-‘ਭੁਚਾਲ ਆਇਆ’, ਸੁਰਿੰਦਰਜੀਤ ਵਿਰਦੀ ਨੇ ਬੁਢਾਪੇ ਤੇ ਕਵਿਤਾ, ਪ੍ਰਭਜੋਤ ਨੇ ‘ਮਾਤਾ ਪਿਤਾ ਕਾ ਪੈਗਾਮ ਬੇਟੇ ਕੇ ਨਾਮ’ ਹਿੰਦੀ ਕਵਿਤਾ, ਮੁਖਤਿਆਰ ਧਾਲੀਵਾਲ ਨੇ ਕਿਸਾਨੀ ਸੰਘਰਸ਼ ਦੀ ਚਿੰਤਾ ਕਰਦਿਆਂ-‘ਸੁਖੀ ਵਸਦੀ ਵੇ ਵੀਰਾ ਤੁਹਾਡੀ ਨਗਰੀ ਸੀ’ ਅਤੇ ਸੁਰਿੰਦਰ ਸੰਧੂ ਨੇ ‘ਅਸੀਂ ਹਾਂ ਉਸ ਕੌਮ ਦੇ ਜਾਏ’ ਅੰਦੋਲਨ ਤੇ ਕਵਿਤਾ ਸੁਣਾਈ। ਕੁਲਦੀਪ ਘਟੌੜਾ ਨੇ ‘ਸੱਜਣਾ ਨੇ ਜਦ ਭੇਟਾ ਕੀਤਾ ਗੁਲਦਸਤਾ ਮੁਸਕਾਨਾਂ ਦਾ’ ਗਜ਼ਲ ਦੇ ਨਾਲ ਹੀ ਨਾਟਕ ਕਰਨ ਦੀ ਗੱਲ ਵੀ ਕੀਤੀ। ਅਮਰਜੀਤ ਗਰੇਵਾਲ ਨੇ ‘ਪਾਂਡੀ ਪਾਤਸ਼ਾਹ’ ਕਵਿਤਾ ਦਾ ਜ਼ਿਕਰ ਕਰਦਿਆਂ, ਸ਼ੇਰੇ ਪੰਜਾਬ ਦੇ ਰਾਜ ਦੀ ਪ੍ਰਸ਼ੰਸਾ ਕੀਤੀ। ਅੰਤ ਵਿੱਚ ਅਮਰਜੀਤ ਸੱਗੂ ਨੇ ਮੇਲ ਤੋਰਨ ਵੇਲੇ ਦਾ ਲੋਕ ਗੀਤ ਗਾ ਕੇ ਰੰਗ ਬੰਨ੍ਹ ਦਿੱਤਾ। ਜਦ ਕਿ- ਹਰਭਜਨ ਜੌਹਲ, ਹਰਵਿਮਲ ਕੌਰ, ਹਰਜਿੰਦਰ ਕੌਰ, ਜਗਦੀਸ਼ ਬਰੀਆ, ਆਸ਼ਾ ਪਾਲ, ਬਲਜੀਤ ਜਠੌਲ, ਹਰਪ੍ਰੀਤ ਸੰਧੂ ਨੇ ਵਧੀਆ ਸਰੋਤੇ ਹੋਣ ਦਾ ਸਬੁਤ ਦਿੱਤਾ।
ਅਨਮੋਲ ਕੌਰ ਦੇ ਇੱਕ ਹੋਰ ਪਾਠਕ, ਸ਼ਰਨਜੀਤ ਕੌਰ ਸਿੱਧੂ ਨੇ ਆਪਣੇ ਅਤੇ ਆਪਣੇ ਪਤੀ ਜਗਦੇਵ ਸਿੱਧੂ ਵਲੋਂ, ਅਨਮੋਲ ਕੌਰ ਦੀਆਂ ਲਿਖਤਾਂ ਦੀ ਪ੍ਰਸ਼ੰਸਾ ਕੀਤੀ ਅਤੇ ਕੈਲਗਰੀ ਵਿਖੇ ਆਪਣੀਆਂ ਪੁਸਤਕਾਂ ਭੇਜਣ ਲਈ ਧੰਨਵਾਦ ਕੀਤਾ। ਅਨਮੋਲ ਕੌਰ ਨੇ ਆਪਣੇ ਸਾਹਿਤਕ ਸਫਰ ਦਾ ਸੰਖੇਪ ਵਿੱਚ ਜ਼ਿਕਰ ਕਰਦਿਆਂ ਕਿਹਾ ਕਿ-‘ਵਾਹਿਗੁਰੂ ਦੀ ਕਿਰਪਾ ਅਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ!’ ਉਹਨਾਂ ਮੀਟਿੰਗ ਵਿੱਚ ਸ਼ਾਮਲ ਹੋਣ ਤੇ ਖੁਸ਼ੀ ਜ਼ਾਹਿਰ ਕਰਦਿਆਂ, ਸਭਾ ਦੇ ਅਹੁਦੇਦਾਰਾਂ ਅਤੇ ਆਪਣੇ ਕੈਲਗਰੀ ਦੇ ਪਾਠਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਨਾਲ ਹੀ ਮਾਂ ਬੋਲੀ ਨੂੰ ਸਮਰਪਿਤ ਆਪਣੀ ਕਵਿਤਾ ਤੇ ਕੁਝ ਸ਼ੇਅਰ ਸੁਣਾ ਕੇ ਵਾਹਵਾ ਖੱਟੀ। ਸੁਖਵੀਰ ਗਰੇਵਾਲ ਨੇ ਪੰਜਾਬੀ ਨੈਸ਼ਨਲ ਵਲੋਂ ਚਲਾਏ ਰੇਡੀਓ, ਟੀ.ਵੀ. ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ। ਬਰਾੜ ਮੈਡਮ ਨੇ ਸਭ ਦਾ ਧੰਨਵਾਦ ਕੀਤਾ ਤੇ ਮੀਟਿੰਗ ਖੁਸ਼ਗਵਾਰ ਮਹੌਲ ਵਿੱਚ ਸਮਾਪਤ ਹੋਈ।
ਵਧੇਰੇ ਜਾਣਕਾਰੀ ਲਈ- ਡਾ. ਬਲਵਿੰਦਰ ਕੌਰ ਬਰਾੜ 403 590 9629, ਗੁਰਚਰਨ ਥਿੰਦ 403 402 9635 ਜਾਂ ਗੁਰਦੀਸ਼ ਕੌਰ ਗਰੇਵਾਲ ਨਾਲ 403 404 1450 ਤੇ ਸੰਪਰਕ ਕੀਤਾ ਜਾ ਸਕਦਾ ਹੈ।